MP Kuno National Park ਵਿੱਚ ਨਾਮੀਬੀਆ ਤੋਂ ਲਿਆਂਦੇ ਇੱਕ ਹੋਰ ਚੀਤੇ ਦੀ ਮੌਤ ਹੋ ਗਈ। ਇਸਦੇ ਨਾਲ ਹੀ ਇੱਕ ਸਾਲ ਦੇ ਅੰਦਰ ਇਸ ਨੈਸ਼ਨਲ ਪਾਰਕ ਵਿੱਚ ਮਰਨ ਵਾਲੇ ਚੀਤਿਆਂ ਦੀ ਗਿਣਤੀ 10 ਹੋ ਗਈ ਹੈ। ਆਖਿਰ ਇਨ੍ਹਾਂ ਚੀਤਿਆਂ ਦੀਆਂ ਲਗਾਤਾਰ ਮੌਤਾਂ ਦਾ ਕੀ ਕਾਰਨ ਹੈ? ਕੀ ਚੀਤੇ ਦੀ ਲੋਕੇਸ਼ਨ ਦਾ ਪਤਾ ਲਗਾਉਣ ਲਈ ਉਨ੍ਹਾਂ ਦੇ ਗਲੇ 'ਚ ਰੇਡੀਓ ਕਾਲਰ ਫਿੱਟ ਕੀਤੇ ਜਾਣ ਕਾਰਨ ਹੋਈ ਇਨਫੈਕਸ਼ਨ ਨਾਲ ਮੌਤ ਹੋ ਰਹੀ ਹੈ ਜਾਂ ਉਹ ਮੌਸਮ ਤੋਂ ਪ੍ਰਭਾਵਿਤ ਹੋ ਰਹੇ ਹਨ?
ਨਾਮੀਬੀਆ ਤੋਂ ਭਾਰਤ ਲਿਆਂਦੇ ਗਏ ਸੀ ਚੀਤੇ
ਚੀਤਾ, ਜਿਸਨੂੰ ਦੇਸ਼ 'ਚ ਸਭ ਤੋਂ ਤੇਜ਼ ਜਾਨਵਰ ਕਿਹਾ ਜਾਂਦਾ ਹੈ। ਇਹ ਭਾਰਤ ਚ ਅਲੋਪ ਹੋ ਗਿਆ ਸੀ। ਉਨ੍ਹਾਂ ਨੂੰ ਮੁੜ ਵਸਾਉਣ ਲਈ ਭਾਰਤ ਸਰਕਾਰ ਨੇ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਅਤੇ ਦੱਖਣੀ ਅਫਰੀਕਾ ਤੋਂ 12 ਚੀਤੇ ਅਤੇ ਨਾਮੀਬੀਆ ਤੋਂ 8 ਚੀਤੇ ਭਾਰਤ ਲਿਆਂਦੇ ਗਏ। ਇਨ੍ਹਾਂ ਚੀਤਿਆਂ ਨੂੰ ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ਦੇ ਕੂਨੋ ਨੈਸ਼ਨਲ ਪਾਰਕ ਵਿੱਚ ਰੱਖਿਆ ਗਿਆ ਸੀ। ਹੁਣ ਨਾਮੀਬੀਆ ਤੋਂ ਆਏ ਚੀਤੇ 'ਸ਼ੌਰਿਆ' ਦੀ ਮੌਤ ਤੋਂ ਬਾਅਦ ਉੱਥੇ ਚੀਤਿਆਂ ਦੀ ਗਿਣਤੀ 10 ਰਹਿ ਗਈ ਹੈ ਅਤੇ 4 ਬੱਚੇ ਰਹਿ ਗਏ ਹਨ।
ਨਹੀਂ ਬਚਾ ਸਕੇ ਡਾਕਟਰ
ਜੰਗਲਾਤ ਵਿਭਾਗ ਦੇ ਅਨੁਸਾਰ 16 ਜਨਵਰੀ ਸਵੇਰੇ 11 ਵਜੇ ਦੇ ਕਰੀਬ ਟਰੈਕਿੰਗ ਟੀਮ ਨੇ ਦੇਖਿਆ ਕਿ ਨਰ ਚੀਤਾ ਠੀਕ ਤਰ੍ਹਾਂ ਨਾਲ ਨਹੀਂ ਚੱਲ ਰਿਹਾ, ਜਿਸਤੋਂ ਬਾਅਦ ਉਸਨੂੰ ਟਰਾਂਸਫਿਊਜ਼ ਕੀਤਾ ਗਿਆ ਅਤੇ ਉਸਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਸਫਲਤਾ ਨਹੀਂ ਮਿਲੀ। ਸੀਪੀਆਰ ਦੇ ਬਾਵਜੂਦ 'ਸ਼ੌਰਿਆ' ਦੀ ਹਾਲਤ 'ਚ ਕੋਈ ਬਦਲਾਅ ਨਹੀਂ ਆਇਆ ਅਤੇ ਦੁਪਹਿਰ 3.17 'ਤੇ ਉਸਦੀ ਮੌਤ ਹੋ ਗਈ।
ਕਦੋਂ-ਕਦੋਂ ਹੋਈਆਂ ਮੌਤਾਂ
ਮਾਰਚ 2023 ਤੋਂ ਹੁਣ ਤੱਕ ਕੂਨੋ ਵਿੱਚ ਵੱਖ-ਵੱਖ ਕਾਰਨਾਂ ਕਰਕੇ 'ਸ਼ੌਰਿਆ' ਸਮੇਤ 7 ਬਾਲਗ ਚੀਤੇ ਅਤੇ ਤਿੰਨ ਸ਼ਾਵਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਨਾਲ ਮਰਨ ਵਾਲੇ ਚੀਤਿਆਂ ਦੀ ਗਿਣਤੀ 10 ਹੋ ਗਈ ਹੈ। ਹੁਣ ਤੱਕ ਮਰਨ ਵਾਲੇ ਬਾਲਗ ਚੀਤਿਆਂ ਵਿੱਚ ਤਿੰਨ ਮਾਦਾ ਅਤੇ ਚਾਰ ਨਰ ਸਨ। ਇਨ੍ਹਾਂ ਵਿੱਚ ਸਾਸ਼ਾ ਦੀ ਮੌਤ 27 ਮਾਰਚ, ਉਦੈ ਦੀ 23 ਅਪ੍ਰੈਲ, ਦਕਸ਼ ਦੀ 9 ਮਈ, ਤੇਜਸ ਦੀ 11 ਜੁਲਾਈ, ਸੂਰਜ ਦੀ 14 ਜੁਲਾਈ, ਧਾਤਰੀ ਦੀ 2 ਅਗਸਤ ਅਤੇ ਸ਼ੌਰਿਆ ਦੀ 16 ਜਨਵਰੀ ਨੂੰ ਹੋਈ।
ਮੌਤ ਦੀ ਵਜ੍ਹਾ ਜਾਣੋ
ਉਦੈ ਦੀ ਮੌਤ ਦਾ ਕਾਰਨ ਦੱਸਦੇ ਹੋਏ ਆਰਥੋਡਾਕਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸਦੀ ਮੌਤ ਕਾਰਡੀਓਪਲਮੋਨਰੀ ਪਤਨ ਕਾਰਨ ਹੋਈ। ਇਸਤੋਂ ਬਾਅਦ 9 ਮਈ ਨੂੰ ਦਕਸ਼ ਮਾਦਾ ਚੀਤਾ ਦੀ ਮੌਤ ਹੋਈ। ਇਸਦੀ ਵਜ੍ਹਾ ਮੇਟਿੰਗ ਦੌਰਾਨ ਨਰ ਚੀਤੇ ਦਾ ਹਿੰਸਕ ਵਿਵਹਾਰ ਦੱਸਿਆ ਗਿਆ।
ਮੌਤ ਦੇ ਹੋਰ ਕਾਰਨ
ਇਸੇ ਤਰ੍ਹਾਂ ਦੂਜੇ ਚੀਤਿਆਂ ਦੀਆਂ ਮੌਤਾਂ ਦੇ ਮਾਮਲੇ ਵਿੱਚ ਕਮਜ਼ੋਰੀ ਅਤੇ ਹੋਰ ਚੀਤਿਆਂ ਨਾਲ ਹਿੰਸਕ ਝੜਪਾਂ ਨੂੰ ਕਾਰਨਾਂ ਵਜੋਂ ਦਰਸਾਇਆ ਗਿਆ ਹੈ। ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚੀਤਿਆਂ ਦੀ ਗਰਦਨ ਦੇ ਆਲੇ ਦੁਆਲੇ ਫਿੱਟ ਕੀਤੇ ਗਏ ਰੇਡੀਓ ਕਾਲਰ ਉਹਨਾਂ ਦੀ ਗਰਦਨ ਵਿੱਚ ਜ਼ਖ਼ਮ ਪੈਦਾ ਕਰਦੇ ਹਨ, ਨਤੀਜੇ ਵਜੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ। ਹਾਲਾਂਕਿ ਜੰਗਲਾਤ ਵਿਭਾਗ ਨੇ ਅਜਿਹੀਆਂ ਖਬਰਾਂ ਨੂੰ ਪੂਰੀ ਤਰ੍ਹਾਂ ਅਫਵਾਹ ਕਰਾਰ ਦਿੱਤਾ ਹੈ। ਨਾਲ ਹੀ ਕਿਸੇ ਵੀ ਸ਼ੱਕ ਨੂੰ ਦੂਰ ਕਰਨ ਲਈ ਬਾਅਦ ਵਿੱਚ 6 ਚੀਤਿਆਂ ਦੇ ਗਲੇ ਤੋਂ ਰੇਡੀਓ ਕਾਲਰ ਹਟਾ ਦਿੱਤੇ ਗਏ ਸਨ। ਪਰ ਇਸਦੇ ਬਾਵਜੂਦ ਕੂਨੋ ਨੈਸ਼ਨਲ ਪਾਰਕ 'ਚ ਚੀਤਿਆਂ ਦੀ ਮੌਤ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ।
ਕੀ ਕਹਿੰਦੇ ਹਨ ਵਿਗਿਆਨੀ
ਜੰਗਲਾਤ ਵਿਭਾਗ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਚੀਤੇ ਦੀ ਅਚਾਨਕ ਮੌਤ ਦੇ ਪਿੱਛੇ ਇੱਕ ਨਹੀਂ ਸਗੋਂ ਕਈ ਕਾਰਨ ਹੋ ਸਕਦੇ ਹਨ। ਇਸਦਾ ਮੁੱਖ ਕਾਰਨ ਇਹ ਹੋ ਸਕਦਾ ਹੈ ਕਿ ਇਹ ਚੀਤੇ ਭਾਰਤੀ ਜਲਵਾਯੂ ਦੇ ਅਨੁਕੂਲ ਨਹੀਂ ਹਨ। ਮਾਹਿਰਾਂ ਨੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅਫਰੀਕਾ ਤੋਂ ਮਾਹਿਰਾਂ ਨੂੰ ਬੁਲਾਇਆ ਸੀ। ਉਹਨਾਂ ਦਾ ਕਹਿਣਾ ਹੈ ਕਿ 'ਭਾਰਤ 'ਚ ਕੜਾਕੇ ਦੀ ਠੰਡ ਦੇ ਨਾਲ-ਨਾਲ ਭਿਆਨਕ ਗਰਮੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਸਦੇ ਉਲਟ ਅਫ਼ਰੀਕਾ ਵਿੱਚ ਜ਼ਿਆਦਾ ਗਰਮੀ ਹੈ ਅਤੇ ਉੱਚੇ ਘਾਹ ਦੇ ਮੈਦਾਨ ਵੀ ਹਨ। ਅਜਿਹੇ 'ਚ ਕਿਹਾ ਜਾ ਸਕਦਾ ਹੈ ਕਿ ਚੀਤੇ ਆਪਣੇ ਆਪ ਨੂੰ ਮੌਸਮ ਦੇ ਅਨੁਕੂਲ ਢਾਲ ਨਹੀਂ ਪਾ ਰਹੇ ਹਨ। ਇਸ ਨਾਲ ਉਨ੍ਹਾਂ ਦੀ ਇਮਿਊਨਿਟੀ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਹਾਲਾਂਕਿ ਅਜੇ ਤੱਕ ਮੌਤਾਂ ਦਾ ਕੋਈ ਠੋਸ ਕਾਰਨ ਸਾਹਮਣੇ ਨਹੀਂ ਆਇਆ ਹੈ।