T-20 WORLD CUP - ਸ਼ੁਰੂਆਤ ਤੋਂ ਪਹਿਲਾਂ ਹੀ ਰਚਿਆ ਇਤਿਹਾਸ 

ਅਗਲੇ ਸਾਲ 4 ਤੋਂ 30 ਜੂਨ ਤੱਕ ਇਹ ਵਿਸ਼ਵ ਕੱਪ ਖੇਡਿਆ ਜਾਵੇਗਾ। ਕੁੱਲ 20 ਟੀਮਾਂ ਭਾਗ ਲੈਣਗੀਆਂ। ਇਸ ਵਾਰ ਇੱਕ ਨਵੀਂ ਟੀਮ ਨੇ ਐਂਟਰੀ ਕਰਕੇ ਹੀ ਇਤਿਹਾਸ ਰਚ ਦਿੱਤਾ।

Share:

ਯੁਗਾਂਡਾ ਨੇ ਪਹਿਲੀ ਵਾਰ ਟੀ-20 ਵਿਸ਼ਵ ਕੱਪ ਲਈ ਕੁਆਲੀਫਾਈ ਕਰ ਕੇ ਇਤਿਹਾਸ ਰਚ ਦਿੱਤਾ। ਯੁਗਾਂਡਾ ਨੇ ਵੀਰਵਾਰ ਨੂੰ ਰਵਾਂਡਾ ਨੂੰ ਨੌਂ ਵਿਕਟਾਂ ਨਾਲ ਹਰਾ ਕੇ ਅਗਲੇ ਸਾਲ ਵੈਸਟਇੰਡੀਜ ਤੇ ਅਮਰੀਕਾ ’ਚ ਹੋਣ ਵਾਲੇ ਵਿਸ਼ਵ ਪੱਧਰੀ ਟੂਰਨਾਮੈਂਟ ਵਿਚ ਥਾਂ ਬਣਾਈ। ਟੀ-20 ਵਿਸ਼ਵ ਕੱਪ ਅਗਲੇ ਸਾਲ ਚਾਰ ਤੋਂ 30 ਜੂਨ ਤੱਕ ਖੇਡਿਆ ਜਾਵੇਗਾ। ਯੁਗਾਂਡਾ ਮੌਜੂਦਾ ਅਫਰੀਕੀ ਕੁਆਲੀਫਾਇਰ ਰਾਹੀਂ ਮੁੱਖ ਟੂਰਨਾਮੈਂਟ ’ਚ ਥਾਂ ਬਣਾਉਣ ਵਾਲੀ ਨਾਮੀਬੀਆ ਤੋਂ ਬਾਅਦ ਦੂਜੀ ਟੀਮ ਹੈ। ਯੁਗਾਂਡਾ ਦੀ ਜਿੱਤ ਤੋਂ ਬਾਅਦ ਜ਼ਿੰਬਾਬਵੇ ਦੀ ਟੀਮ ਲਈ ਵਿਸ਼ਵ ਕੱਪ ਦੇ ਦਰਵਾਜ਼ੇ ਬੰਦ ਹੋ ਗਏ ਹਨ। ਅਫਰੀਕੀ ਕੁਆਲੀਫਾਇਰ ਦੇ ਖੇਤਰੀ ਫਾਈਨਲ ’ਚ ਯੁਗਾਂਡਾ ਨੇ ਰਵਾਂਡਾ ਨੂੰ ਹਰਾ ਕੇ ਸਿਖਰਲੇ ਦੋ ਵਿਚ ਥਾਂ ਪੱਕੀ ਕੀਤੀ। ਯੁਗਾਂਡਾ ਦੀ ਇਹ ਛੇ ਮੈਚਾਂ ਵਿਚ ਪੰਜਵੀਂ ਜਿੱਤ ਹੈ। ਰਵਾਂਡਾ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 18.5 ਓਵਰਾਂ ’ਚ ਸਿਰਫ਼ 65 ਦੌੜਾਂ ’ਤੇ ਸਿਮਟ ਗਈ। ਯੁਗਾਂਡਾ ਨੇ ਇਸ ਦੇ ਜਵਾਬ ’ਚ ਸਿਰਫ਼ 8.1 ਓਵਰਾਂ ਵਿਚ ਇਕ ਵਿਕਟ ਗੁਆ ਕੇ ਟੀਚਾ ਹਾਸਲ ਕਰ ਲਿਆ। ਯੁਗਾਂਡਾ ਇਸ ਤਰ੍ਹਾਂ ਟੀ-20 ਵਿਸ਼ਵ ਕੱਪ ਵਿਚ ਖੇਡਣ ਵਾਲਾ ਪੰਜਵਾਂ ਅਫਰੀਕੀ ਦੇਸ਼ ਬਣੇਗਾ। ਦੂਜੇ ਪਾਸੇ ਅਫਰੀਕੀ ਕੁਆਲੀਫਾਇਰ ਵਿਚ ਮੁੱਖ ਦਾਅਵੇਦਾਰ ਦੇ ਰੂਪ ਵਿਚ ਉਤਰਿਆ ਜ਼ਿੰਬਾਬਵੇ ਮੁੱਖ ਟੂਰਨਾਮੈਂਟ ਵਿਚ ਥਾਂ ਬਣਾਉਣ ਵਿਚ ਨਾਕਾਮ ਰਿਹਾ। ਜ਼ਿੰਬਾਬਵੇ ਪੰਜ ਮੈਚਾਂ ਵਿਚ ਤਿੰਨ ਜਿੱਤਾਂ ਨਾਲ ਖੇਤਰੀ ਫਾਈਨਲ ’ਚ ਅਜੇ ਤੀਜੇ ਸਥਾਨ ’ਤੇ ਚੱਲ ਰਿਹਾ ਹੈ।

ਇਹ ਟੀਮਾਂ ਲੈਣਗੀਆਂ ਭਾਗ 

ਭਾਰਤ, ਅਮਰੀਕਾ, ਵੈਸਟਇੰਡੀਜ਼, ਆਸਟ੍ਰੇਲੀਆ, ਇੰਗਲੈਂਡ, ਨੀਦਰਲੈਂਡ, ਨਿਊਜ਼ੀਲੈਂਡ, ਪਾਕਿਸਤਾਨ, ਦੱਖਣੀ ਅਫਰੀਕਾ, ਸ੍ਰੀਲੰਕਾ, ਅਫ਼ਗਾਨਿਸਤਾਨ, ਬੰਗਲਾਦੇਸ਼, ਆਇਰਲੈਂਡ, ਸਕਾਟਲੈਂਡ, ਪਾਪੂਆ-ਨਿਊ-ਗਿੰਨੀ, ਕੈਨੇਡਾ, ਨੇਪਾਲ, ਓਮਾਨ, ਨਾਮੀਬੀਆ ਤੇ ਯੁਗਾਂਡਾ ਦੀਆਂ ਟੀਮਾਂ ਭਾਗ ਲੈਣਗੀਆਂ। ਪੰਜ-ਪੰਜ ਟੀਮਾਂ ਨੂੰ ਚਾਰ ਗਰੁੱਪਾਂ ’ਚ ਵੰਡਿਆ ਜਾਵੇਗਾ। ਹਰ ਗਰੁੱਪ ਤੋਂ ਸਿਖਰਲੀਆਂ ਦੋ ਟੀਮਾਂ ਸੁਪਰ-8 ਲਈ ਕੁਆਲੀਫਾਈ ਕਰਨਗੀਆਂ। ਸੁਪਰ-8 ਦੀਆਂ ਟੀਮਾਂ ਨੂੰ ਦੋ ਗਰੁੱਪਾਂ ਵਿਚ ਵੰਡਿਆ ਜਾਵੇਗਾ।ਹਰੇਕ ਗਰੁੱਪ ਤੋਂ ਸਿਖਰਲੀਆਂ ਦੋ ਟੀਮਾਂ ਸੈਮੀਫਾਈਨਲ ਵਿਚ ਥਾਂ ਬਣਾਉਣਗੀਆਂ। 30 ਜੂਨ ਨੂੰ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ। 

ਇਹ ਵੀ ਪੜ੍ਹੋ