ਦੁਖਦਾਈ ਖ਼ਬਰ - ਮੁੰਬਈ ਦੇ ਸਾਬਕਾ ਕਪਤਾਨ ਮਿਲਿੰਦ ਰੇਗੇ ਦਾ ਦੇਹਾਂਤ

ਮੁੰਬਈ ਦੇ ਸਾਬਕਾ ਕਪਤਾਨ ਮਿਲਿੰਦ ਰੇਗੇ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਉਹਨਾਂ ਨੇ ਇਸ ਐਤਵਾਰ ਨੂੰ ਆਪਣਾ 76ਵਾਂ ਜਨਮਦਿਨ ਮਨਾਇਆ। ਉਨ੍ਹਾਂ ਦੇ ਦੇਹਾਂਤ ਨਾਲ ਕ੍ਰਿਕਟ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮਿਲਿੰਦ ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਦੇ ਬਚਪਨ ਦੇ ਦੋਸਤ ਸਨ।

Courtesy: file photo

Share:

ਮੁੰਬਈ ਦੇ ਸਾਬਕਾ ਕਪਤਾਨ ਅਤੇ ਚੋਣਕਾਰ ਮਿਲਿੰਦ ਰੇਗੇ ਦਾ ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 76 ਸਾਲਾਂ ਦੇ ਸਨ। ਰੇਗੇ  ਨੂੰ ਬ੍ਰੀਚ ਕੈਂਡੀ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਬੁੱਧਵਾਰ ਸਵੇਰੇ 6 ਵਜੇ ਦੇ ਕਰੀਬ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਅਤੇ 2 ਪੁੱਤਰ ਹਨ।

ਚੰਗੇ ਆਲਰਾਊਂਡਰ ਸਨ ਰੇਗੇ 

ਇੱਕ ਆਲਰਾਊਂਡਰ ਵਜੋਂ ਖੇਡਣ ਵਾਲੇ ਮਿਲਿੰਦ ਰੇਗੇ ਨੂੰ 26 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪਿਆ ਸੀ ਪਰ ਉਹ ਕ੍ਰਿਕਟ ਦੇ ਮੈਦਾਨ ਵਿੱਚ ਵਾਪਸ ਆਏ ਅਤੇ ਰਣਜੀ ਟਰਾਫੀ ਵਿੱਚ ਮੁੰਬਈ ਦੀ ਕਪਤਾਨੀ ਵੀ ਕੀਤੀ। ਉਨ੍ਹਾਂ ਨੇ 1966-67 ਅਤੇ 1977-78 ਦੇ ਵਿਚਕਾਰ 52 ਪਹਿਲੀ ਸ਼੍ਰੇਣੀ ਦੇ ਮੈਚ ਖੇਡੇ ਅਤੇ ਆਪਣੀ ਆਫ਼-ਸਪਿਨ ਗੇਂਦਬਾਜ਼ੀ ਨਾਲ 126 ਵਿਕਟਾਂ ਲਈਆਂ। ਉਨ੍ਹਾਂ ਨੇ ਬੱਲੇ ਨਾਲ ਵੀ ਯੋਗਦਾਨ ਪਾਇਆ, 23.56 ਦੀ ਔਸਤ ਨਾਲ 1,532 ਦੌੜਾਂ ਬਣਾਈਆਂ।

ਮਿਲਿੰਦ ਸੁਨੀਲ ਗਾਵਸਕਰ ਦੇ ਬਚਪਨ ਦੇ ਦੋਸਤ ਸਨ

ਮਿਲਿੰਗ ਰੇਗੇ ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਦੇ ਬਚਪਨ ਦੇ ਦੋਸਤ ਸਨ। ਗਾਵਸਕਰ ਨੇ ਸਕੂਲ ਤੋਂ ਲੈ ਕੇ ਕਾਲਜ ਤੱਕ ਉਨ੍ਹਾਂ ਨਾਲ ਪੜ੍ਹਾਈ ਕੀਤੀ। ਇਸ ਤੋਂ ਇਲਾਵਾ ਉਹ ਦਾਦਰ ਯੂਨੀਅਨ ਸਪੋਰਟਿੰਗ ਕਲੱਬ ਲਈ ਵੀ ਖੇਡੇ। ਉਹ ਮੁੰਬਈ ਘਰੇਲੂ ਕ੍ਰਿਕਟ ਵਿੱਚ ਸਭ ਤੋਂ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਸੀ। ਸਚਿਨ ਤੇਂਦੁਲਕਰ ਦੇ ਕ੍ਰਿਕਟ ਕਰੀਅਰ ਵਿੱਚ ਵੀ ਉਹਨਾਂ ਦਾ ਮਹੱਤਵਪੂਰਨ ਯੋਗਦਾਨ ਸੀ। ਉਹਨਾਂ ਨੇ ਆਪਣੇ ਕਰੀਅਰ ਦੌਰਾਨ ਬਹੁਤ ਸਾਰੀਆਂ ਪ੍ਰਤਿਭਾਵਾਂ ਨੂੰ ਪਾਲਿਆ ਅਤੇ ਕਈ ਮਹੱਤਵਪੂਰਨ ਭੂਮਿਕਾਵਾਂ ਵੀ ਨਿਭਾਈਆਂ। ਉਹ ਮੁੰਬਈ ਕ੍ਰਿਕਟ ਐਸੋਸੀਏਸ਼ਨ ਨਾਲ ਕ੍ਰਿਕਟ ਸਲਾਹਕਾਰ ਵਜੋਂ ਜੁੜੇ ਹੋਏ ਸਨ।

ਕਾਲੀਆਂ ਪੱਟੀਆਂ ਬੰਨ੍ਹ ਕੇ ਮੈਦਾਨ 'ਚ ਆਏ

ਤੁਹਾਨੂੰ ਦੱਸ ਦੇਈਏ ਕਿ ਮਿਲਿੰਦ ਰੇਗੇ ਦਾ ਦੇਹਾਂਤ ਅਜਿਹੇ ਸਮੇਂ ਹੋਇਆ ਜਦੋਂ ਮੁੰਬਈ ਦੀ ਟੀਮ ਨਾਗਪੁਰ ਦੇ ਵਿਦਰਭ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਵਿਦਰਭ ਵਿਰੁੱਧ ਰਣਜੀ ਟਰਾਫੀ 2024-25 ਦਾ ਦੂਜਾ ਸੈਮੀਫਾਈਨਲ ਮੈਚ ਖੇਡ ਰਹੀ ਹੈ। ਮੈਚ ਦੇ ਤੀਜੇ ਦਿਨ ਸਾਰੇ ਖਿਡਾਰੀਆਂ ਨੇ ਮਿਲਿੰਦ ਰੇਗੇ ਦੇ ਸਨਮਾਨ ਵਿੱਚ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਇਸਤੋਂ ਇਲਾਵਾ ਕ੍ਰਿਕਟ ਜਗਤ ਦੀਆਂ ਹੋਰਨਾਂ ਕਈ ਮਹਾਨ ਸ਼ਖਸੀਅਤਾਂ ਨੇ ਵੀ ਮਿਲਿੰਦ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। 

ਇਹ ਵੀ ਪੜ੍ਹੋ