ICC Champions Trophy 2025: ਪੀਸੀਬੀ ਚੈਂਪੀਅਨਜ਼ ਟਰਾਫੀ ਪਾਕਿ ਤੋਂ ਬਾਹਰ ਕਰਵਾਉਣ ਦੇ ਹੱਕ ਵਿੱਚ ਨਹੀਂ, ਨਕਵੀ ਨੇ ਦਿੱਤਾ ਵੱਡਾ ਬਿਆਨ

ICC Champions Trophy 2025: ਚੈਂਪੀਅਨਸ ਟਰਾਫੀ ਵਿੱਚ ਭਾਰਤ ਦੀ ਭਾਗੀਦਾਰੀ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਦੇ ਵਿਚਕਾਰ ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਕਿਹਾ ਕਿ ਉਹ ਅਗਲੇ ਸਾਲ ਟੂਰਨਾਮੈਂਟ ਦੇਸ਼ ਤੋਂ ਬਾਹਰ ਆਯੋਜਿਤ ਕਰਨ ਬਾਰੇ ਨਹੀਂ ਸੋਚ ਰਹੇ ਹਨ। 

Share:

ICC Champions Trophy 2025: ਚੈਂਪੀਅਨਜ਼ ਟਰਾਫੀ 2025 ਪਾਕਿਸਤਾਨ ਦੀ ਮੇਜ਼ਬਾਨੀ ਵਿੱਚ ਖੇਡੀ ਜਾਵੇਗੀ। ਜਿੱਥੇ 8 ਦੇਸ਼ਾਂ ਵਿਚਾਲੇ ਟੂਰਨਾਮੈਂਟ ਹੋਵੇਗਾ। ਅਜਿਹੇ 'ਚ ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਵੱਡਾ ਬਿਆਨ ਦਿੱਤਾ ਹੈ ਕਿ ਇਹ ਟੂਰਨਾਮੈਂਟ ਪਾਕਿਸਤਾਨ ਤੋਂ ਬਾਹਰ ਹੋਵੇਗਾ ਜਾਂ ਨਹੀਂ। ਚੈਂਪੀਅਨਸ ਟਰਾਫੀ ਵਿੱਚ ਭਾਰਤ ਦੀ ਭਾਗੀਦਾਰੀ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਦੇ ਵਿਚਕਾਰ ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਕਿਹਾ ਕਿ ਉਹ ਅਗਲੇ ਸਾਲ ਟੂਰਨਾਮੈਂਟ ਦੇਸ਼ ਤੋਂ ਬਾਹਰ ਆਯੋਜਿਤ ਕਰਨ ਬਾਰੇ ਨਹੀਂ ਸੋਚ ਰਹੇ ਹਨ।

ਪਾਕਿਸਤਾਨ ਸੁਪਰ ਲੀਗ ਫਾਈਨਲ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਕਵੀ ਨੇ ਪੁਸ਼ਟੀ ਕੀਤੀ ਕਿ ਪਿਛਲੇ ਹਫ਼ਤੇ ਦੁਬਈ ਵਿੱਚ ਆਈਸੀਸੀ ਦੀ ਮੀਟਿੰਗ ਦੌਰਾਨ ਬੀਸੀਸੀਆਈ ਸਕੱਤਰ ਜੈ ਸ਼ਾਹ ਨਾਲ ਉਨ੍ਹਾਂ ਨੇ ਗੱਲਬਾਤ ਕੀਤੀ ਸੀ। ਨਕਵੀ ਨੇ ਕਿਹਾ ਕਿ ਹਾਂ ਅਸੀਂ ਕੁਝ ਸਮੇਂ ਲਈ ਗੱਲ ਕੀਤੀ ਸੀ ਪਰ ਇਸ ਦਾ ਵੇਰਵਾ ਦੇਣਾ ਸਮਝਦਾਰੀ ਨਹੀਂ ਹੋਵੇਗੀ। ਦਸ ਦੇਈਏ ਕਿ ਪਾਕਿਸਤਾਨ ਨੇ ਆਖਰੀ ਵਾਰ 1996 ਵਿੱਚ ਆਈਸੀਸੀ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ ਸੀ। ਉਸ ਸਮੇਂ ਪਾਕਿਸਤਾਨ ਨੇ ਭਾਰਤ ਅਤੇ ਸ਼੍ਰੀਲੰਕਾ ਦੇ ਨਾਲ ਵਨਡੇ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ। ਪਰ ਭਾਰਤੀ ਟੀਮ ਇਸ ਟੂਰਨਾਮੈਂਟ ਲਈ ਪਾਕਿਸਤਾਨ ਦਾ ਦੌਰਾ ਕਰੇਗੀ ਜਾਂ ਨਹੀਂ, ਇਹ ਅਜੇ ਸਪੱਸ਼ਟ ਨਹੀਂ ਹੈ।

ਪੀਸੀਬੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ 

ਨਕਵੀ ਨੂੰ ਪੁੱਛਿਆ ਗਿਆ ਕਿ ਜੇਕਰ ਭਾਰਤੀ ਟੀਮ ਪਾਕਿਸਤਾਨ ਦਾ ਦੌਰਾ ਨਹੀਂ ਕਰਦੀ ਹੈ ਤਾਂ ਕੀ ਟੂਰਨਾਮੈਂਟ ਦਾ ਆਯੋਜਨ ਕਿਸੇ ਹੋਰ ਦੇਸ਼ 'ਚ ਕੀਤਾ ਜਾਵੇਗਾ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਮੈਂ ਕਿਸੇ ਹੋਰ ਦੇਸ਼ 'ਚ ਟੂਰਨਾਮੈਂਟ ਆਯੋਜਿਤ ਕਰਨ ਬਾਰੇ ਨਹੀਂ ਸੋਚ ਰਿਹਾ ਹਾਂ। ਸਾਨੂੰ ਪੂਰਾ ਭਰੋਸਾ ਹੈ ਕਿ ਅਸੀਂ ਤੈਅ ਸਮੇਂ ਮੁਤਾਬਕ ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਪਾਕਿਸਤਾਨ 'ਚ ਕਰਾਂਗੇ। ਦੂਜੇ ਪਾਸੇ ਆਈਸੀਸੀ ਬੋਰਡ ਦੇ ਇੱਕ ਮੈਂਬਰ ਨੇ ਹਾਲ ਹੀ ਵਿੱਚ ਪੀਟੀਆਈ ਨੂੰ ਕਿਹਾ ਸੀ ਕਿ ਉਹ ਭਾਰਤ ਨੂੰ ਪਾਕਿਸਤਾਨ ਦਾ ਦੌਰਾ ਨਾ ਕਰਨ ਦੀ ਸਰਕਾਰੀ ਨੀਤੀ ਦੀ ਉਲੰਘਣਾ ਕਰਨ ਲਈ ਨਹੀਂ ਕਹਿਣਗੇ। ਨਕਵੀ ਨੇ ਇਹ ਵੀ ਕਿਹਾ ਕਿ ਮੁਕਾਬਲਾ ਨੇੜੇ ਆਉਣ 'ਤੇ ਪੀਸੀਬੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।

ਸਟੇਡੀਅਮਾਂ ਦਾ ਕੀਤਾ ਜਾਵੇਗਾ ਨਵੀਨੀਕਰਨ

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕਰਾਚੀ, ਲਾਹੌਰ ਅਤੇ ਰਾਵਲਪਿੰਡੀ ਦੇ ਸਟੇਡੀਅਮਾਂ ਦਾ ਨਵੀਨੀਕਰਨ ਕੀਤਾ ਜਾਵੇਗਾ। ਚੈਂਪੀਅਨਸ ਟਰਾਫੀ ਦੇ ਜ਼ਿਆਦਾਤਰ ਮੈਚ ਇਨ੍ਹਾਂ ਥਾਵਾਂ 'ਤੇ ਕਰਵਾਏ ਜਾਣਗੇ। ਨਵੰਬਰ 2008 'ਚ ਮੁੰਬਈ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ 'ਚ ਕੋਈ ਦੁਵੱਲੀ ਸੀਰੀਜ਼ ਨਹੀਂ ਖੇਡੀ ਹੈ। ਭਾਰਤੀ ਟੀਮ ਆਖਰੀ ਵਾਰ ਜੂਨ-ਜੁਲਾਈ 2008 ਵਿੱਚ ਏਸ਼ੀਆ ਕੱਪ ਖੇਡਣ ਲਈ ਪਾਕਿਸਤਾਨ ਆਈ ਸੀ। ਭਾਰਤੀ ਟੀਮ ਨੇ ਪਿਛਲੇ ਸਾਲ ਏਸ਼ੀਆ ਕੱਪ ਲਈ ਪਾਕਿਸਤਾਨ ਦਾ ਦੌਰਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪਾਕਿਸਤਾਨ ਨੇ ਉਦੋਂ ਇਸ ਟੂਰਨਾਮੈਂਟ ਦੇ ਸਿਰਫ਼ ਚਾਰ ਮੈਚਾਂ ਦੀ ਮੇਜ਼ਬਾਨੀ ਕੀਤੀ ਸੀ ਅਤੇ ਬਾਕੀ ਮੈਚ ਸ੍ਰੀਲੰਕਾ ਵਿੱਚ ਖੇਡੇ ਗਏ ਸਨ।

ਇਹ ਵੀ ਪੜ੍ਹੋ