ਨਹੀਂ ਪੂਰਾ ਹੋਇਆ ਭਾਰਤ ਦਾ ਸੁਪਨਾ, ਆਸਟ੍ਰੇਲੀਆ 6ਵੀਂ ਵਾਰ ਵਿਸ਼ਵ ਚੈਂਪੀਅਨ

2023 ਦਾ ਵਿਸ਼ਵ ਕੱਪ 6 ਵਿਕਟਾਂ ਨਾਲ ਜਿੱਤਿਆ। ਫਾਈਨਲ ਮੁਕਾਬਲੇ 'ਚ ਭਾਰਤ ਵੱਲੋਂ ਦਿੱਤਾ 241 ਦੌੜਾਂ ਦਾ ਟੀਚਾ ਆਸਾਨੀ ਨਾਲ ਕੀਤਾ ਹਾਸਿਲ।

Share:

ਵਿਸ਼ਵ ਕੱਪ 2023 ਦਾ ਫਾਈਨਲ ਮੁਕਾਬਲਾ ਆਸਟ੍ਰੇਲੀਆ ਨੇ ਜਿੱਤਿਆ। ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ ਗਿਆ। ਇਸ ਜਿੱਤ ਮਗਰੋਂ ਜਿੱਥੇ ਸਟੇਡੀਅਮ ਅੰਦਰ ਆਸਟ੍ਰੇਲੀਆ ਟੀਮ ਤੇ ਉਹਨਾਂ ਦੇ ਪ੍ਰਸ਼ੰਸ਼ਕ ਜਸ਼ਨ ਮਨਾ ਰਹੇ ਸੀ ਤਾਂ ਉਥੇ ਹੀ ਭਾਰਤੀ ਟੀਮ ਦੇ ਪ੍ਰਸ਼ੰਸਕਾਂ ਦੇ ਚਿਹਰੇ ਉਪਰ ਨਿਰਾਸ਼ਾ ਦਿਖਾਈ ਦਿੱਤੀ। ਆਸਟ੍ਰੇਲੀਆ ਨੇ ਇਹ ਖਿਤਾਬ 6ਵੀਂ ਵਾਰ ਹਾਸਿਲ ਕੀਤਾ। ਜਦਕਿ, ਭਾਰਤ ਨੇ ਤੀਜੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਸੁਨਹਿਰੀ ਮੌਕਾ ਗੁਆ ਲਿਆ। ਜਿਸ ਤਰੀਕੇ ਦੇ ਨਾਲ ਭਾਰਤ ਨੇ ਇਸ ਟੂਰਨਾਮੈਂਟ 'ਚ ਸ਼ੁਰੂ ਤੋਂ ਲੈਕੇ ਸੈਮੀਫਾਈਨਲ ਤੱਕ ਪ੍ਰਦਰਸ਼ਨ ਕੀਤਾ, ਉਸਨੂੰ ਦੇਖਦੇ ਇਹੀ ਲੱਗਦਾ ਸੀ ਕਿ ਕੱਪ ਭਾਰਤ ਦਾ ਹੋਵੇਗਾ। ਪ੍ਰੰਤੂ ਕਿਹਾ ਜਾਂਦਾ ਹੈ ਕਿ ਵਿਰੋਧੀ ਨੂੰ ਕਦੇ ਵੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਇਹੀ ਆਸਟ੍ਰੇਲੀਆ ਨੇ ਫਾਈਨਲ 'ਚ ਸਾਬਿਤ ਕਰਕੇ ਦਿਖਾ ਦਿੱਤਾ। ਟੀਮ ਇੰਡੀਆ ਨੇ ਆਸਟ੍ਰੇਲੀਆ ਨੂੰ 241 ਦੌੜਾਂ ਦਾ ਟੀਚਾ ਦਿੱਤਾ ਸੀ। ਮੁਹੰਮਦ ਸ਼ਮੀ ਨੇ ਪਹਿਲੀ ਸਫਲਤਾ ਦਿਵਾਈ । ਸ਼ਮੀ ਨੇ ਡੇਵਿਡ ਵਾਰਨਰ ਨੂੰ ਵਿਰਾਟ ਕੋਹਲੀ ਹੱਥੋਂ ਕੈਚ ਕਰਵਾਇਆ। ਆਸਟ੍ਰੇਲੀਆ ਨੂੰ 50 ਦੌੜਾਂ ਦੇ ਅੰਦਰ ਦੂਜਾ ਝਟਕਾ ਲੱਗਾ ਜਿਸਤੋਂ ਬਾਅਦ ਜਸਪ੍ਰੀਤ ਬੁਮਰਾਹ ਨੇ ਸਟੀਵ ਸਮਿਥ ਨੂੰ ਐੱਲ.ਬੀ.ਡਬਲਯੂ ਆਊਟ ਕੀਤਾ। ਇੱਥੇ ਤੱਕ ਹੀ ਮੈਚ 'ਚ ਜਾਨ ਦਿਖਾਈ ਦਿੱਤੀ। 
 
ਹੈੱਡ ਨੇ ਬਦਲਿਆ ਰੁਖ 
 
ਆਸਟ੍ਰੇਲੀਆ ਦੇ ਤੇਜ਼ਤਰਾਰ ਬੱਲੇਬਾਜ਼ ਟ੍ਰੇਵਿਸ ਹੈੱਡ ਨੇ ਮੈਚ ਦਾ ਰੁਖ ਬਦਲਿਆ। 3 ਵਿਕਟਾਂ ਡਿੱਗਣ ਮਗਰੋਂ ਹੈੱਡ ਤੇ ਮਾਰਨਸ਼ ਲਾਬੁਸ਼ੇਨ ਵਿਚਕਾਰ ਲੰਬੀ ਸਾਂਝੇਦਾਰੀ ਹੋਈ। ਇਹੀ ਸਾਂਝੇਦਾਰੀ ਆਸਟ੍ਰੇਲੀਆ ਨੂੰ ਵਿਸ਼ਵ ਚੈਂਪੀਅਨ ਬਣਾ ਗਈ। ਹੈੱਡ ਨੇ 120 ਗੇਂਦਾਂ ਖੇਡ ਕੇ 137 ਦੌੜਾਂ ਬਣਾਈਆਂ। ਜਦੋਂ ਹੈੱਡ ਦੀ ਵਿਕਟ ਡਿੱਗੀ ਉਦੋਂ ਤੱਕ ਮੈਚ ਆਸਟ੍ਰੇਲੀਆ ਦੇ ਪੱਲੜੇ ਚ ਪੈ ਗਿਆ ਸੀ। 
 
240 'ਤੇ ਢੇਰ ਹੋਇਆ ਭਾਰਤ 
 
ਪਹਾੜ ਜਿੱਡੇ ਟੀਚੇ ਦੇਣ ਵਾਲਾ ਭਾਰਤ ਫਾਈਨਲ ਮੈਚ 'ਚ ਸਿਰਫ 240 ਦੌੜਾਂ ਹੀ ਬਣਾ ਸਕਿਆ। ਟੀਚਾ ਦੇਖ ਕੇ ਹੀ ਅੱਧਾ ਮੈਚ ਆਸਟ੍ਰੇਲੀਆ ਵਾਲੇ ਪਾਸੇ ਝੁਕ ਗਿਆ ਸੀ। ਕਿਉਂਕਿ ਪੰਜ ਵਾਰ ਦੀ ਚੈਂਪੀਅਨ ਟੀਮ ਲਈ ਇਹ ਟੀਚਾ ਹਾਸਲ ਕਰਨਾ ਕੋਈ ਮੁਸ਼ਕਲ ਨਹੀਂ ਸੀ। ਆਸਟ੍ਰੇਲੀਆ ਦੇ ਬੱਲੇਬਾਜ਼ਾਂ ਨੇ ਸਾਬਿਤ ਕਰਕੇ ਦਿਖਾ ਦਿੱਤਾ ਕੱਪ ਉਹਨਾਂ ਦਾ ਹੈ। 
 
 
ਪੀਐਮ ਨੇ ਆਸਟ੍ਰੇਲਿਆ ਨੂੰ ਵਧਾਈ, ਭਾਰਤ ਨੂੰ ਹੌਂਸਲਾ ਦਿੱਤਾ 
 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਕੱਪ ਫਾਈਨਲ ਮਗਰੋਂ ਆਸਟ੍ਰੇਲੀਆ ਟੀਮ ਨੂੰ ਵਧਾਈ ਦਿੱਤੀ। ਇਸਦੇ ਨਾਲ ਭਾਰਤੀ ਟੀਮ ਨੂੰ ਹੌਂਸਲਾ ਦਿੰਦੇ ਹੋਏ ਕਿਹਾ ਕਿ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। 
 
 
 
 

ਇਹ ਵੀ ਪੜ੍ਹੋ