ਪਹਿਲਾ ਟੀ-20 ਮੈਚ: ਆਸਟ੍ਰੇਲੀਆ ਖਿਲਾਫ ਭਾਰਤ ਦਾ ਸਭ ਤੋਂ ਵੱਡਾ ਦੌੜਾਂ ਦਾ ਪਿੱਛਾ, 2 ਵਿਕਟਾਂ ਨਾਲ ਜਿੱਤਿਆ ਮੈਚ

ਟੀਮ ਇੰਡੀਆ ਲਈ ਕਪਤਾਨ ਸੂਰਿਆਕੁਮਾਰ ਯਾਦਵ ਨੇ 80 ਦੌੜਾਂ ਅਤੇ ਈਸ਼ਾਨ ਕਿਸ਼ਨ ਨੇ 58 ਦੌੜਾਂ ਦੀ ਪਾਰੀ ਖੇਡੀ। ਅੰਤ 'ਚ ਰਿੰਕੂ ਸਿੰਘ ਨੇ 14 ਗੇਂਦਾਂ 'ਤੇ 22 ਦੌੜਾਂ ਬਣਾਈਆਂ।

Share:

ਭਾਰਤ ਨੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। ਉਨ੍ਹਾਂ ਨੇ ਵਿਸ਼ਾਖਾਪਟਨਮ ਵਿੱਚ ਇੱਕ ਰੋਮਾਂਚਕ ਮੈਚ ਵਿੱਚ ਆਸਟਰੇਲੀਆ ਨੂੰ ਦੋ ਵਿਕਟਾਂ ਨਾਲ ਹਰਾਇਆ। ਆਸਟ੍ਰੇਲੀਆ ਖਿਲਾਫ ਵਿਸ਼ਵ ਕੱਪ ਫਾਈਨਲ 'ਚ ਮਿਲੀ ਹਾਰ ਤੋਂ ਬਾਅਦ ਇਸ ਜਿੱਤ ਨਾਲ ਪ੍ਰਸ਼ੰਸਕਾਂ ਨੂੰ ਕੁਝ ਰਾਹਤ ਮਿਲੇਗੀ। ਟੀਮ ਇੰਡੀਆ ਨੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਦੂਜਾ ਮੈਚ ਐਤਵਾਰ (26 ਨਵੰਬਰ) ਨੂੰ ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

ਆਸਟ੍ਰੇਲੀਆ ਨੇ ਟਾਸ ਹਾਰ ਚੁਣੀ ਪਹਿਲਾਂ ਬੱਲੇਬਾਜ਼ੀ

ਵਿਸ਼ਾਖਾਪਟਨਮ 'ਚ ਆਸਟ੍ਰੇਲੀਆ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 3 ਵਿਕਟਾਂ 'ਤੇ 208 ਦੌੜਾਂ ਬਣਾਈਆਂ। ਟੀਮ ਦੀ ਤਰਫੋਂ ਜੋਸ਼ ਇੰਗਲਿਸ਼ ਨੇ ਪਹਿਲਾ ਸੈਂਕੜਾ ਲਗਾਇਆ। ਉਸ ਨੇ 50 ਗੇਂਦਾਂ 'ਤੇ 110 ਦੌੜਾਂ ਦੀ ਪਾਰੀ ਖੇਡੀ। ਸਟੀਵ ਸਮਿਥ (58 ਦੌੜਾਂ) ਨੇ ਅਰਧ ਸੈਂਕੜਾ ਲਗਾਇਆ।

ਆਖਰੀ ਓਵਰ ਦਾ ਰੋਮਾਂਚ

ਭਾਰਤ ਨੇ 19 ਓਵਰਾਂ 'ਚ ਪੰਜ ਵਿਕਟਾਂ 'ਤੇ 202 ਦੌੜਾਂ ਬਣਾਈਆਂ ਸਨ। ਟੀਮ ਇੰਡੀਆ ਨੂੰ ਜਿੱਤ ਲਈ ਛੇ ਗੇਂਦਾਂ 'ਤੇ ਸੱਤ ਦੌੜਾਂ ਬਣਾਉਣੀਆਂ ਬਾਕੀ ਸੀ। ਰਿੰਕੂ ਸਿੰਘ ਅਤੇ ਅਕਸ਼ਰ ਪਟੇਲ ਕਰੀਜ਼ 'ਤੇ ਸਨ। ਰਿੰਕੂ ਨੇ ਸੀਨ ਐਬਟ ਦੀ ਪਹਿਲੀ ਗੇਂਦ 'ਤੇ ਚੌਕਾ ਜੜ ਦਿੱਤਾ। ਇਸ ਤੋਂ ਬਾਅਦ ਪੰਜ ਗੇਂਦਾਂ 'ਤੇ ਤਿੰਨ ਦੌੜਾਂ ਦੀ ਲੋੜ ਸੀ। ਅਗਲੀ ਗੇਂਦ 'ਤੇ ਰਿੰਕੂ ਨੇ ਇਕ ਦੌੜ ਲਈ। ਇਸ ਤੋਂ ਬਾਅਦ ਅਕਸ਼ਰ ਪਟੇਲ ਤੀਜੀ ਗੇਂਦ 'ਤੇ ਆਊਟ ਹੋ ਗਏ। ਉਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਰਵੀ ਬਿਸ਼ਨੋਈ ਚੌਥੀ ਗੇਂਦ 'ਤੇ ਰਨ ਬਣਾਉਣ ਦੀ ਕੋਸ਼ਿਸ਼ ਕਰਦੇ ਹੋਏ ਰਨ ਆਊਟ ਹੋ ਗਏ। ਭਾਰਤ ਨੂੰ ਦੋ ਗੇਂਦਾਂ 'ਤੇ ਦੋ ਦੌੜਾਂ ਬਣਾਉਣੀਆਂ ਸੀ। ਪੰਜਵੀਂ ਗੇਂਦ 'ਤੇ ਰਿੰਕੂ ਸਿੰਘ ਨੇ ਲੈੱਗ ਸਾਈਡ 'ਤੇ ਸ਼ਾਟ ਖੇਡਿਆ ਅਤੇ ਇੱਕ ਦੌੜ ਪੂਰੀ ਕੀਤੀ ਪਰ ਅਰਸ਼ਦੀਪ ਸਿੰਘ ਦੂਜੀ ਦੌੜ ਦੀ ਕੋਸ਼ਿਸ਼ ਵਿੱਚ ਰਨ ਆਊਟ ਹੋ ਗਿਆ। ਹੁਣ ਆਖਰੀ ਗੇਂਦ 'ਤੇ ਇੱਕ ਰਨ ਬਣਾਉਣਾ ਸੀ। ਰਿੰਕੂ ਸਟਰਾਇਕ 'ਤੇ ਸੀ। ਜੇਕਰ ਉਹ ਆਊਟ ਹੋ ਜਾਂਦਾ ਜਾਂ ਦੌੜਾਂ ਨਾ ਬਣਾ ਸਕਿਆ ਤਾਂ ਮੈਚ ਸੁਪਰ ਓਵਰ ਵਿਚ ਚਲਾ ਜਾਣਾ ਸੀ, ਪਰ ਅਜਿਹਾ ਨਹੀਂ ਹੋਇਆ। ਰਿੰਕੂ ਨੇ ਸੀਨ ਐਬੋਟ ਦੀ ਗੇਂਦ 'ਤੇ ਛੱਕਾ ਲਗਾਇਆ। ਬਦਕਿਸਮਤੀ ਨਾਲ ਇਹ ਰਿੰਕੂ ਦੇ ਖਾਤੇ ਵਿੱਚ ਨਹੀਂ ਜੁੜਿਆ ਕਿਉਂਕਿ ਐਬੋਟ ਦਾ ਪੈਰ ਕ੍ਰੀਜ਼ ਤੋਂ ਬਾਹਰ ਸੀ ਅਤੇ ਅੰਪਾਇਰ ਦੁਆਰਾ ਇਸਨੂੰ ਨੋ-ਬਾਲ ਕਿਹਾ ਗਿਆ ਸੀ। ਅਜਿਹੇ 'ਚ ਭਾਰਤ ਦੇ ਖਾਤੇ 'ਚ ਛੱਕੇ ਦੀ ਬਜਾਏ ਇਕ ਦੌੜ ਜੁੜ ਗਈ ਅਤੇ ਟੀਮ ਇੰਡੀਆ ਨੇ ਇਕ ਗੇਂਦ ਬਾਕੀ ਰਹਿੰਦਿਆਂ ਮੈਚ ਜਿੱਤ ਲਿਆ। ਰਿੰਕੂ ਸਿੰਘ 14 ਗੇਂਦਾਂ 'ਤੇ 22 ਦੌੜਾਂ ਬਣਾ ਕੇ ਨਾਬਾਦ ਰਿਹਾ।

ਇਹ ਵੀ ਪੜ੍ਹੋ