ਮਨਰੇਗਾ 'ਚ ਕੰਮ ਕਰਦੀਆਂ ਔਰਤਾਂ ਉਪਰ ਚੜ੍ਹੀ ਕਾਰ, 2 ਦੀ ਮੌਤ

ਖੰਨਾ ਦੇ ਪਿੰਡ ਲਹਿਲ ਵਿਖੇ ਔਰਤਾਂ ਮਨਰੇਗਾ ਅਧੀਨ ਸਫ਼ਾਈ ਕਰ ਰਹੀਆਂ ਸੀ। ਤੇਜ਼ ਰਫ਼ਤਾਰ ਸਵਿੱਫਟ ਕਾਰ ਨੇ 2 ਔਰਤਾਂ ਨੂੰ ਦਰੜ ਦਿੱਤਾ। ਇੱਕ ਨੇ ਸੂਏ 'ਚ ਛਾਲ ਮਾਰਕੇ ਆਪਣੀ ਜਾਨ ਬਚਾਈ।

Share:

ਪੁਲਿਸ ਜ਼ਿਲ੍ਹਾ ਖੰਨਾ ਦੇ ਮਲੌਦ ਥਾਣੇ ਦੇ ਪਿੰਡ ਲਹਿਲ 'ਚ ਤੇਜ਼ ਰਫ਼ਤਾਰ ਨੇ ਕਹਿਰ ਮਚਾਇਆ। ਇੱਥੇ ਦੋ ਔਰਤਾਂ ਨੂੰ ਇੱਕ ਕਾਰ ਨੇ ਕੁਚਲ ਦਿੱਤਾ। ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇੱਕ ਔਰਤ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਜਦੋਂ ਇਹ ਔਰਤਾਂ ਮਨਰੇਗਾ ਤਹਿਤ ਪਿੰਡ 'ਚ ਸੜਕ ਕਿਨਾਰੇ ਸਫ਼ਾਈ ਕਰ ਰਹੀਆਂ ਸਨ ਤਾਂ ਕਾਰ ਸਿੱਧੀ ਉਨ੍ਹਾਂ ਦੇ ਉੱਪਰ ਚੜ੍ਹ ਗਈ। ਮ੍ਰਿਤਕ ਔਰਤਾਂ ਦੀ ਪਛਾਣ ਬੁੱਧਾ (70) ਅਤੇ ਬਲਜਿੰਦਰ ਕੌਰ (55) ਵਾਸੀ ਲਹਿਲ ਵਜੋਂ ਹੋਈ। ਛਾਲ ਮਾਰ ਕੇ ਆਪਣੀ ਜਾਨ ਬਚਾਉਣ ਵਾਲੀ ਔਰਤ ਨੇ ਦੱਸਿਆ ਕਿ ਤਿੰਨ ਔਰਤਾਂ ਸਫਾਈ ਕਰ ਰਹੀਆਂ ਸਨ। ਇਸੇ ਦੌਰਾਨ ਤੇਜ਼ ਰਫ਼ਤਾਰ ਨਾਲ ਸਵਿਫ਼ਟ ਕਾਰ ਆਈ। ਇਸਦਾ ਡਰਾਈਵਰ ਮੋਬਾਈਲ 'ਤੇ ਗੱਲਾਂ ਕਰ ਰਿਹਾ ਸੀ। ਡਰਾਈਵਰ ਨੇ ਸਿੱਧੀ ਕਾਰ ਦੋ ਔਰਤਾਂ ਦੇ ਉੱਪਰ ਚੜ੍ਹਾ ਦਿੱਤੀ। ਉਸਨੇ ਸੂਏ 'ਚ ਛਾਲ ਮਾਰਕੇ ਆਪਣੀ ਜਾਨ ਬਚਾਈ।

ਦੂਰ ਤੱਕ ਘਸੀਟ ਲੈ ਗਈ ਕਾਰ 


ਡਰਾਈਵਰ ਦੋਵਾਂ ਔਰਤਾਂ ਨੂੰ ਕਾਰ ਸਮੇਤ ਕਾਫੀ ਦੂਰ ਤੱਕ ਘਸੀਟਦਾ ਲੈ ਗਿਆ। ਜਿਸ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਚਸ਼ਮਦੀਦਾਂ ਮੁਤਾਬਕ ਕਾਰ ਦੀ ਰਫ਼ਤਾਰ ਬਹੁਤ ਤੇਜ਼ ਸੀ। ਡਰਾਈਵਰ ਮੋਬਾਈਲ 'ਤੇ ਗੱਲਾਂ ਕਰ ਰਿਹਾ ਸੀ। ਜਦੋਂ ਤੱਕ ਉਸਦਾ ਧਿਆਨ ਸਾਹਮਣੇ ਪਿਆ ਤਾਂ ਉਹ ਕਾਰ 'ਤੇ ਕਾਬੂ ਗੁਆ ਬੈਠਾ ਅਤੇ ਕਾਰ ਸਿੱਧੀ ਔਰਤਾਂ 'ਤੇ ਚੜ੍ਹ ਗਈ।

ਲੋਕਾਂ ਨੇ ਕਾਰ ਡਰਾਈਵਰ ਨੂੰ ਫੜਿਆ

ਹਾਦਸੇ ਤੋਂ ਬਾਅਦ ਕਾਰ ਡਰਾਈਵਰ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ। ਪੁਲਿਸ ਨੇ ਮੌਕੇ ’ਤੇ ਆ ਕੇ ਸਥਿਤੀ ’ਤੇ ਕਾਬੂ ਪਾਇਆ ਅਤੇ ਲੋਕਾਂ ਨੂੰ ਸ਼ਾਂਤ ਕੀਤਾ। ਏਐਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ