ਪੰਜਾਬ ਦੇ ਹਾਲਾਤ ਮਾੜੇ, ਕੌਣ ਕਰੂ ਖਾਕੀ ਦੀ ਰਾਖੀ ?

ਬਦਮਾਸ਼ਾਂ ਅੰਦਰ ਦਿਨੋਂਦਿਨ ਪੁਲਿਸ ਦਾ ਡਰ ਖ਼ਤਮ ਹੁੰਦਾ ਜਾ ਰਿਹਾ ਹੈ। ਕਾਨੂੰਨ ਦੇ ਰਖਵਾਲਿਆਂ ਨੂੰ ਸ਼ਰੇਆਮ ਗੋਲੀਆਂ ਮਾਰੀਆਂ ਜਾ ਰਹੀਆਂ। ਕਦੇ ਰੇਡ ਕਰਨ ਗਈ ਪੁਲਿਸ ਉਪਰ ਹਮਲਾ ਕੀਤਾ ਜਾਂਦਾ। ਇਹਨਾਂ ਹਾਲਾਤਾਂ 'ਚ ਹਰ ਕਿਸੇ ਦੇ ਮਨ ਅੰਦਰ ਇਹੀ ਸਵਾਲ ਹੈ ਕਿ ਜਦੋਂ ਪੁਲਿਸ ਹੀ ਸੁਰੱਖਿਅਤ ਨਹੀਂ ਤਾਂ ਆਮ ਲੋਕ ਕੀ ਉਮੀਦ ਕਰਨ ?

Share:

ਹਾਈਲਾਈਟਸ

  • ਖਾਕੀ
  • ਘਟਨਾਵਾਂ

ਉਹ ਪੰਜਾਬ ਪੁਲਿਸ ਜਿਸਦਾ ਨਾਂਅ ਸੁਣ ਕੇ ਕਦੇ ਮਾੜੇ ਅਨਸਰ ਥਰ-ਥਰ ਕੰਬਦੇ ਸੀ। ਖਾਕੀ ਦਾ ਇੰਨਾ ਰੋਹਬ ਸੀ ਕਿ ਥਾਣਿਆਂ ਦੇ ਅੱਗੋਂ ਲੰਘਣ ਤੋਂ ਵੀ ਬਦਮਾਸ਼ ਡਰਦੇ ਸੀ। ਪਰ ਹੁਣ ਹਾਲਾਤ ਬਿਲਕੁਲ ਉਲਟ ਹੁੰਦੇ ਦਿਖਾਈ ਦੇ ਰਹੇ ਹਨ। ਜਿਸ ਤਰੀਕੇ ਨਾਲ ਬਦਮਾਸ਼ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਟਾਰਗੇਟ ਕਰ ਰਹੇ ਹਨ ਤਾਂ ਸੱਚਮੁਚ ਸੂਬੇ ਦੀ ਕਾਨੂੰਨ ਵਿਵਸਥਾ ਉਪਰ ਸਵਾਲ ਉੱਠਦਾ ਹੈ। ਉੱਠੇ ਵੀ ਕਿਉਂ ਨਾ ਜਦੋਂ ਕਾਨੂੰਨ ਦੇ ਰਖਵਾਲੇ ਹੀ ਖੁਦ ਆਪਣੀ ਰਾਖੀ ਲਈ ਚਿੰਤਤ ਹੋ ਜਾਣ। ਫਿਰ ਆਮ ਜਨਤਾ ਪੁਲਿਸ ਤੋਂ ਕੀ ਉਮੀਦ ਰੱਖ ਸਕਦੀ ਹੈ, ਖੁਦ ਹੀ ਅੰਦਾਜ਼ਾ ਲਗਾਇਆ ਜਾ ਸਕਦਾ। 

ਕਦੇ ਥਾਣੇ ਅੰਦਰ ਹਮਲਾ, ਕਦੇ ਬਾਹਰ ਮਾਰੀਆਂ ਗੋਲੀਆਂ

ਇਸੇ ਸਾਲ ਦੀ ਗੱਲ ਕਰੀਏ ਤਾਂ ਸੂਬੇ ਅੰਦਰ ਅਨੇਕ ਘਟਨਾਵਾਂ ਹੋ ਚੁੱਕੀਆਂ ਹਨ ਜੋ ਕਾਨੂੰਨ ਵਿਵਸਥਾ ਉਪਰ ਸਵਾਲ ਚੁੱਕਦੀਆਂ ਹਨ। ਕਦੇ ਥਾਣੇ ਅੰਦਰ ਵੜਕੇ ਪੁਲਿਸ ਉਪਰ ਹਮਲਾ ਕਰ ਦਿੱਤਾ ਜਾਂਦਾ ਤੇ ਕਦੇ ਬਾਹਰ ਮੁਲਾਜ਼ਮਾਂ ਨੂੰ ਗੋਲੀਆਂ ਮਾਰੀਆਂ ਜਾਂਦੀਆਂ। ਮੁਲਜ਼ਮਾਂ ਨੂੰ ਕਾਨੂੰਨ ਦਾ ਕੋਈ ਡਰ ਦਿਖਾਈ ਨਹੀਂ ਦਿੰਦਾ। ਆਖਰ ਇਹਨਾਂ ਸਾਰੀਆਂ ਘਟਨਾਵਾਂ ਦੇ ਪਿੱਛੇ ਅਸਲੀ ਵਜ੍ਹਾ ਕੀ ਹੈ ? ਜਾਂ ਤਾਂ ਇਸਦੀ ਜੜ੍ਹ ਤੱਕ ਜਾਂਚ ਨਹੀਂ ਕੀਤੀ ਗਈ ਜਾਂ ਫਿਰ ਇਸਦਾ ਖੁਲਾਸਾ ਕਰਨ ਤੋਂ ਪੈਰ ਪਿੱਛੇ ਖਿੱਚੇ ਜਾ ਰਹੇ ਹਨ। ਖ਼ੈਰ ਕੁੱਝ ਵੀ ਹੋਵੇ, ਹਾਲਾਤ ਬੇਕਾਬੂ ਹਨ। 

ਸਾਲ 2023 ਦੀਆਂ ਵੱਡੀਆਂ ਘਟਨਾਵਾਂ 

1. 16 ਨਵੰਬਰ ਦੀ ਰਾਤ ਨੂੰ ਅੰਮ੍ਰਿਤਸਰ ਦੇ ਜੰਡਿਆਲਾ 'ਚ ਏਐਸਆਈ ਸਰੂਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਏਐਸਆਈ ਕਿਸੇ ਮੁਕੱਦਮੇ ਦੀ ਮਿਸਲ ਲੈ ਕੇ ਜਾ ਰਿਹਾ ਸੀ। ਹੈਰਾਨੀ ਦੀ ਗੱਲ ਹੈ ਕਿ ਰਾਤ ਨੂੰ ਇਲਾਕੇ 'ਚ ਪੁਲਿਸ ਦੀ ਗਸ਼ਤ ਉਪਰ ਵੀ ਸਵਾਲ ਉੱਠਦੇ ਹਨ। ਸਾਰੀ ਰਾਤ ਸਰੂਪ ਸਿੰਘ ਦੀ ਲਾਸ਼ ਸੜਕ ਕਿਨਾਰੇ ਪਈ ਰਹੀ। ਸਵੇਰੇ ਕਿਸੇ ਅਧਿਆਪਕ ਨੇ ਦੇਖਿਆ ਤਾਂ ਥਾਣੇ ਸੂਚਨਾ ਦਿੱਤੀ। 

2. 22 ਅਕਤੂਬਰ ਨੂੰ ਬਰਨਾਲਾ ਸ਼ਹਿਰ ਵਿੱਚ ਇੱਕ ਪੁਲਿਸ ਮੁਲਾਜ਼ਮ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।  ਇੱਕ ਰੈਸਟੋਰੈਂਟ ਵਿੱਚ ਕਬੱਡੀ ਖਿਡਾਰੀਆਂ ਅਤੇ ਰੈਸਟੋਰੈਂਟ ਦੇ ਵਰਕਰਾਂ ਵਿਚਕਾਰ ਝਗੜੇ ਮਗਰੋਂ ਪੁਲਿਸ ਮੌਕੇ 'ਤੇ ਪੁੱਜੀ ਸੀ। ਕਬੱਡੀ ਖਿਡਾਰੀਆਂ ਨੇ ਹੌਲਦਾਰ ਦਰਸ਼ਨ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਜਿਸ ਨਾਲ ਉਹਨਾਂ ਦੀ ਮੌਤ ਹੋ ਗਈ ਸੀ। 

3. 15 ਅਕਤੂਬਰ ਨੂੰ ਕਪੂਰਥਲਾ 'ਚ ਕਾਰ ਓਵਰਟੇਕ ਕਰਦੇ ਸਮੇਂ ਮਾਮੂਲੀ ਤਕਰਾਰ ਮਗਰੋਂ ਸੀਆਈਏ ਸਟਾਫ ਦੇ ਮੁਲਾਜ਼ਮਾਂ ਉਪਰ ਹਮਲਾ ਕਰ ਦਿੱਤਾ ਗਿਆ ਸੀ। ਇੱਟਾਂ ਪੱਥਰ ਮਾਰੇ ਗਏ ਸੀ। 3 ਪੁਲਿਸ ਮੁਲਾਜ਼ਮ ਜਖ਼ਮੀ ਹੋਏ ਸੀ। 

4. 11 ਸਤੰਬਰ ਨੂੰ ਗਿੱਦੜਬਾਹਾ ਵਿਖੇ ਥਾਣੇ ਅੰਦਰ ਹੀ ਝਗੜਾ ਕਰ ਰਹੀਆਂ ਦੋ ਧਿਰਾਂ ਨੂੰ ਸ਼ਾਂਤ ਕਰਦੇ ਸਮੇਂ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕੀਤਾ ਗਿਆ ਸੀ। ਇਸ ਦੌਰਾਨ ਇੱਕ ਸਿਪਾਹੀ ਦੀ ਉਂਗਲੀ ਵੱਢ ਦਿੱਤੀ ਗਈ ਸੀ। ਬਚਾਅ ਕਰ ਰਹੇ ਦੂਜੇ ਸਿਪਾਹੀ ਨੂੰ ਡੰਡੇ ਨਾਲ ਕੁੱਟਿਆ ਗਿਆ ਸੀ। 

5.  20 ਜੁਲਾਈ ਨੂੰ ਸ਼੍ਰੀ ਮਾਛੀਵਾੜਾ ਸਾਹਿਬ ਵਿਖੇ ਮਾਈਨਿੰਗ ਰੋਕਣ ਗਈ ਪੁਲਿਸ ਟੀਮ ਉਪਰ ਹਮਲਾ ਕੀਤਾ ਗਿਆ ਸੀ। ਚੌਂਕੀ ਇੰਚਾਰਜ ਸਮੇਤ ਕਈ ਮੁਲਾਜ਼ਮ ਜਖ਼ਮੀ ਕਰ ਦਿੱਤੇ ਸੀ। ਹੋਰ ਤਾਂ ਹੋਰ ਹਮਲਾਵਰ ਪੁਲਿਸ ਦੇ ਕਬਜ਼ੇ ਚੋਂ ਰੇਤੇ ਨਾਲ ਭਰੀ ਟਰਾਲੀ ਵੀ ਛੁਡਵਾ ਲੈ ਗਏ ਸੀ। 

6. 16 ਫਰਵਰੀ ਨੂੰ ਫਾਜ਼ਿਲਕਾ ਵਿਖੇ ਪਿੰਡ ਵਾਸੀਆਂ ਨੇ ਸਟੇਟ ਆਪਰੇਸ਼ਨ ਸੈਲ ਦੀ ਟੀਮ ਉਪਰ ਹਮਲਾ ਕੀਤਾ ਸੀ। ਹਥਿਆਰ ਖੋਹ ਲਏ ਸੀ। 3 ਪੁਲਿਸ ਮੁਲਾਜ਼ਮ ਜਖ਼ਮੀ ਕੀਤੇ ਸੀ।                                ਇਸਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅੰਦਰ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ ਜਿੱਥੇ ਪੁਲਿਸ ਦੀ ਵਰਦੀ ਨੂੰ ਹੱਥ ਪਾਇਆ ਗਿਆ। ਪੁਲਿਸ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਬਿਨ੍ਹਾਂ ਕਿਸੇ ਡਰ ਤੋਂ ਅਜਿਹਾ ਕੀਤਾ ਗਿਆ। ਅਜਿਹੇ ਮਾਹੌਲ ਨੂੰ ਦੇਖਦੇ ਸਵਾਲ ਉੱਠਦਾ ਹੈ ਕਿ ਖਾਕੀ ਦੀ ਰਾਖੀ ਕੌਣ ਕਰੂਗਾ ? 

 

ਇਹ ਵੀ ਪੜ੍ਹੋ