ਸਰਕਾਰ ਦੇਵੇ ਚਾਹੇ ਨਾ, ਪ੍ਰੰਤੂ ਪੰਜਾਬ ਦਾ ਇਹ MLA ਆਪਣੇ ਪੱਲਿਉਂ ਕਿਸਾਨਾਂ ਨੂੰ ਦੇਵੇਗਾ MSP 

ਨਵੀਂ ਸੋਚ ਨਵਾਂ ਪੰਜਾਬ ਬੈਨਰ ਹੇਠ ਇਕੱਠੇ ਹੋਏ ਵੱਡੀ ਗਿਣਤੀ ਕਿਸਾਨਾਂ ਨੂੰ ਵਿਧਾਇਕ ਵੱਲੋਂ ਮੱਕੀ ਦੀ ਫਸਲ ਤੇ ਦੋ ਸਾਲ ਲਈ ਐਮਐਸਪੀ ਦੇਣ ਦਾ ਐਲਾਨ ਕੀਤਾ ਗਿਆ।

Courtesy: file photo

Share:

ਇੱਕ ਪਾਸੇ ਫਸਲਾਂ ਉਪਰ ਐਮਐਸਪੀ ਦੀ ਗਾਰੰਟੀ ਵਾਲੇ ਕਾਨੂੰਨ ਸਮੇਤ ਹੋਰਨਾਂ ਕਿਸਾਨੀ ਮਸਲਿਆਂ ਨੂੰ ਲੈਕੇ ਲੰਬੇ ਸਮੇਂ ਤੋੋਂ ਕਿਸਾਨਾਂ ਦਾ ਸਰਕਾਰ ਦੇ ਨਾਲ ਰੇੜਕਾ ਚੱਲ ਰਿਹਾ ਹੈ ਤੇ ਕਿਸਾਨੀ ਅੰਦੋਲਨ ਵੀ ਜਾਰੀ ਹੈ। ਪ੍ਰੰਤੂ ਇਸੇ ਦਰਮਿਆਨ ਕਪੂਰਥਲਾ ਤੋਂ ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ। ਉਹਨਾਂ ਨੇ ਮਾਲਵੇ ਦੇ ਕਿਸਾਨਾਂ ਲਈ ਵੱਡਾ ਐਲਾਨ ਕੀਤਾ।

ਨਵੀਂ ਸੋਚ ਨਵਾਂ ਪੰਜਾਬ ਪ੍ਰੋਗ੍ਰਾਮ ਦੌਰਾਨ ਐਲਾਨ 

ਬਠਿੰਡਾ ਦੇ ਕਸਬਾ ਮੌੜ ਮੰਡੀ ਵਿਖੇ ਨਵੀਂ ਸੋਚ ਨਵਾਂ ਪੰਜਾਬ ਬੈਨਰ ਹੇਠ ਇਕੱਠੇ ਹੋਏ ਵੱਡੀ ਗਿਣਤੀ ਕਿਸਾਨਾਂ ਨੂੰ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਮੱਕੀ ਦੀ ਫਸਲ ਤੇ ਦੋ ਸਾਲ ਲਈ ਐਮਐਸਪੀ ਦੇਣ ਦਾ ਐਲਾਨ ਕੀਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਦੀ ਨਰਮਾ ਪੱਟੀ ਗੁਲਾਬੀ ਸੁੰਡੀ ਨੇ ਬਰਬਾਦ ਕਰ ਦਿੱਤੀ। ਮਾਤਰ ਦੋ ਪ੍ਰਤੀਸ਼ਤ ਕਿਸਾਨਾਂ ਵੱਲੋਂ ਨਰਮੇ ਦੀ ਫਸਲ ਭੇਜੀ ਜਾ ਰਹੀ ਹੈ ਅਤੇ ਝੋਨੇ ਹੇਠ ਰਕਬਾ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਧਰਤੀ ਹੇਠਲਾ ਪਾਣੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ, ਜੋ ਕਿ ਪੰਜਾਬ ਲਈ ਚਿੰਤਾ ਦਾ ਵਿਸ਼ਾ ਹੈ। ਉਹਨਾਂ ਮਾਲਵੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਡੀ ਪੱਧਰ ਉੱਤੇ ਮੱਕੀ ਦੀ ਫਸਲ ਲਾਉਣ ਅਤੇ ਉਹ ਇਹ ਮੱਕੀ ਦੀ ਫਸਲ ਖੁਦ ਦੋ ਸਾਲ ਲਈ ਐਮਐਸਪੀ ਦੇ ਭਾਅ ਉਪਰ ਖਰੀਦਣਗੇ।  ਉਹਨਾਂ ਕਿਹਾ ਕਿ ਵੈਸੇ ਐਮਐਸਪੀ ਦੇਣਾ ਸਰਕਾਰਾਂ ਦਾ ਕੰਮ ਹੈ ਪਰ ਉਹ ਇੱਕ ਕਾਰੋਬਾਰੀ ਵੀ ਹਨ। ਇਸ ਕਰਕੇ ਉਹ ਕਿਸਾਨੀ ਨੂੰ ਜਿਉਂਦਾ ਰੱਖਣ ਲਈ ਇਹ ਐਲਾਨ ਵੀ ਕਰਦੇ ਹਨ ਕਿ ਉਹਨਾਂ ਵੱਲੋਂ ਕਿਸਾਨਾਂ ਦੀ ਮੱਕੀ ਐਮਐਸਪੀ ਉਪਰ ਖਰੀਦੀ ਜਾਵੇਗੀ। 

ਮਾਲਵੇ 'ਚ ਕੰਮ ਕਰ ਰਹੀਆਂ ਟੀਮਾਂ 

ਵਿਧਾਇਕ ਰਾਣਾ ਗੁਰਜੀਤ ਨੇ ਕਿਹਾ ਹੈ ਕਿ ਕਿਸਾਨਾਂ ਦਾ ਦਰਦ ਸਮਝਦੇ ਹੋਏ, ਉਹਨਾਂ ਵੱਲੋਂ ਜੋ ਪੰਜਾਬ ਦੀ ਡੁੱਬ ਰਹੀ ਕਿਸਾਨੀ ਨੂੰ ਮੁੜ ਪ੍ਰਫੁੱਲਿਤ ਕਰਨ ਲਈ ਕਿਸਾਨਾਂ ਨੂੰ ਅਜਿਹੀਆਂ ਫਸਲਾਂ ਬੀਜਣ ਲਈ ਪ੍ਰੇਰਿਤ ਕਰ ਰਹੇ ਹਨ, ਜਿਨਾਂ ਦੀ ਕਾਰਪੋਰੇਟ ਸੈਕਟਰ ਦੇ ਵਿੱਚ ਵੱਡੀ ਲੋੜ ਹੈ। ਉਹਨਾਂ ਕਿਹਾ ਕਿ ਮਾਲਵਾ ਖੇਤਰ ਵਿੱਚ ਜਿੰਨੇ ਵੀ ਕਿਸਾਨ ਮੱਕੀ ਦੀ ਫਸਲ ਬੀਜਣਗੇ, ਉਹ ਦੋ ਸਾਲ ਲਈ ਐਮਐਸਪੀ ਤੇ ਖਰੀਦਣਗੇ। ਉਹਨਾਂ ਦੀਆਂ ਟੀਮਾਂ ਮਾਲਵੇ ਵਿੱਚ ਕੰਮ ਕਰ ਰਹੀਆਂ ਹਨ ਤਾਂ ਜੋ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਇਆ ਜਾ ਸਕੇ। ਉਹਨਾਂ ਕਿਹਾ ਕਿ ਮੱਕੀ ਦੀ ਫਸਲ ਲਾਉਣ ਨਾਲ ਸਰਕਾਰ ਦੀ ਬਿਜਲੀ ਦੀ ਬੱਚਤ ਹੁੰਦੀ ਹੈ, ਸੋ ਸਰਕਾਰ ਨੂੰ ਚਾਹੀਦਾ ਹੈ ਕਿ ਪ੍ਰਤੀ ਏਕੜ ਕਿਸਾਨਾਂ ਨੂੰ 10 ਹਜ਼ਾਰ ਰੁਪਏ ਪੰਜਾਬ ਸਰਕਾਰ ਅਤੇ 15000 ਕੇਂਦਰ ਸਰਕਾਰ ਕਿਸਾਨਾਂ ਨੂੰ ਦੇਵੇ।

ਇਹ ਵੀ ਪੜ੍ਹੋ