ਜਦੋਂ MLA ਨੇ ਨੈਸ਼ਨਲ ਹਾਈਵੇਅ 'ਤੇ ਜੰਗਲੀ ਜੀਵ ਨੂੰ ਮਰਿਆ ਦੇਖ ਕੇ ਰੋਕਿਆ ਗੱਡੀਆਂ ਦਾ ਕਾਫ਼ਿਲਾ...........

ਇਹਨੀਂ ਦਿਨੀਂ ਠੰਡ ਕਾਰਨ ਜੰਗਲੀ ਜੀਵ ਮੈਦਾਨੀ  ਇਲਾਕਿਆਂ 'ਚ ਆ ਜਾਂਦੇ ਹਨ। ਹਾਦਸਿਆਂ ਦਾ ਸ਼ਿਕਾਰ ਹੋ ਕੇ ਜਾਨਾਂ ਗੁਆ ਰਹੇ ਹਨ। ਸਤੰਬਰ ਤੋਂ ਲੈ ਕੇ ਹੁਣ ਤੱਕ ਖੰਨਾ ਇਲਾਕੇ 'ਚ 35 ਸਾਂਭਰਾਂ ਦੀ ਮੌਤ ਹੋ ਚੁੱਕੀ ਹੈ ਜੋਕਿ ਗੰਭੀਰ ਵਿਸ਼ਾ ਹੈ। ਇਹ ਅਲੋਪ ਹੋਣ ਵਾਲੀ ਸ਼੍ਰੇਣੀ ਦੇ ਜੰਗਲੀ ਜਾਨਵਰ ਹਨ। 

Share:

ਹਾਈਲਾਈਟਸ

  • ਵਿਧਾਇਕ ਦੀ ਚੌਕਸੀ ਕਾਰਨ ਅਜਿਹੀ ਘਟਨਾ ਟਲ ਗਈ।
  • ਦਫ਼ਨਾਉਣ ਦੀ ਵੀਡੀਓਗ੍ਰਾਫੀ ਕੀਤੀ ਗਈ ਅਤੇ ਸੀਨੀਅਰ ਅਧਿਕਾਰੀਆਂ ਨੂੰ ਭੇਜੀ ਗਈ

ਪੰਜਾਬ ਨਿਊਜ਼। ਖੰਨਾ 'ਚ ਨੈਸ਼ਨਲ ਹਾਈਵੇ 'ਤੇ ਕਾਰ ਦੀ ਲਪੇਟ 'ਚ ਆਉਣ ਨਾਲ ਜੰਗਲੀ ਜੀਵ ਸਾਂਭਰ ਦੀ ਮੌਤ ਹੋ ਗਈ | ਨੈਸ਼ਨਲ ਹਾਈਵੇਅ ਦੇ ਫੁੱਟਪਾਥ 'ਤੇ ਮ੍ਰਿਤ ਜੰਗਲੀ ਜੀਵ ਪਿਆ ਦੇਖ ਕੇ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਧ ਨੇ ਆਪਣੇ ਵਾਹਨਾਂ ਦੇ ਕਾਫਲੇ ਨੂੰ ਰੋਕ ਲਿਆ। ਸਥਿਤੀ ਨੂੰ ਦੇਖਦੇ ਹੋਏ ਤੁਰੰਤ ਜੰਗਲਾਤ ਵਿਭਾਗ ਦੀ ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਹਾਈਵੇਅ 'ਤੇ ਜਾ ਰਹੇ ਇੱਕ ਵਾਹਨ ਨਾਲ ਟਕਰਾਉਣ ਕਾਰਨ ਸਾਂਭਰ ਦੀ ਮੌਤ ਹੋ ਗਈ ਸੀ। ਇਸ ਗੱਡੀ ਦਾ ਡਰਾਈਵਰ ਵੀ ਥੋੜ੍ਹੀ ਦੂਰੀ ’ਤੇ ਹੀ ਖੜ੍ਹਾ ਸੀ। ਜੰਗਲਾਤ ਵਿਭਾਗ ਨੇ ਆ ਕੇ ਮ੍ਰਿਤਕ ਸਾਂਭਰ ਨੂੰ ਕਬਜ਼ੇ 'ਚ ਲਿਆ। 

ਨੀਲੋਂ ਜੰਗਲ ਵਿਖੇ ਦਫਨਾਇਆ

ਜੰਗਲਾਤ ਵਿਭਾਗ ਦੇ ਨਿਯਮਾਂ ਅਨੁਸਾਰ ਅਜਿਹੇ ਹਾਦਸਿਆਂ ਵਿੱਚ ਮਰੇ ਹੋਏ ਜੰਗਲੀ ਜਾਨਵਰਾਂ ਨੂੰ ਨੀਲੋਂ ਜੰਗਲ ਵਿੱਚ ਦੱਬ ਦਿੱਤਾ ਜਾਂਦਾ ਹੈ। ਇਸ ਕਾਰਵਾਈ ਤੋਂ ਬਾਅਦ ਜੰਗਲਾਤ ਵਿਭਾਗ ਦੇ ਅਧਿਕਾਰੀ ਗੁਰਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਸਾਂਭਰ ਨੂੰ ਉੱਥੇ ਲੈ ਜਾ ਕੇ ਦਫ਼ਨਾਇਆ। ਗੁਰਿੰਦਰ ਨੇ ਕਿਹਾ ਕਿ ਜੇਕਰ ਕਿਸੇ ਜੰਗਲੀ ਜਾਨਵਰ ਦੇ ਸ਼ਿਕਾਰ ਹੋਣ ਦਾ ਸ਼ੱਕ ਹੋਵੇ ਜਾਂ ਕਿਸੇ ਤਰ੍ਹਾਂ ਦੀ ਸ਼ੱਕੀ ਸੱਟ ਲੱਗੀ ਹੋਵੇ ਤਾਂ ਉਸਦਾ ਪੋਸਟਮਾਰਟਮ ਕਰਵਾਉਣਾ ਜ਼ਰੂਰੀ ਹੁੰਦਾ ਹੈ। ਪਰ ਇਹ ਇੱਕ ਸੜਕ ਹਾਦਸਾ ਸੀ। ਮਰੇ ਹੋਏ ਸਾਂਭਰ ਨੂੰ  ਦਫ਼ਨਾਇਆ ਗਿਆ। ਦਫ਼ਨਾਉਣ ਦੀ ਵੀਡੀਓਗ੍ਰਾਫੀ ਕੀਤੀ ਗਈ ਅਤੇ ਸੀਨੀਅਰ ਅਧਿਕਾਰੀਆਂ ਨੂੰ ਭੇਜੀ ਗਈ। ਜੰਗਲਾਤ ਵਿਭਾਗ ਦੇ ਅਧਿਕਾਰੀ ਗੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਧਾਇਕ ਤਰੁਨਪ੍ਰੀਤ ਸਿੰਘ ਦੇ ਪੀਏ ਮਹੇਸ਼ ਕੁਮਾਰ ਵੱਲੋਂ ਫ਼ੋਨ ਕਰਕੇ ਸੂਚਿਤ ਕੀਤਾ ਗਿਆ ਸੀ। ਜਿਸਤੋਂ ਤੁਰੰਤ ਬਾਅਦ ਉਹ ਮੌਕੇ 'ਤੇ ਪਹੁੰਚੇ।

ਲੋਕ ਮਾਸ ਵਜੋਂ ਕਰਦੇ ਸੇਵਨ 

ਜੰਗਲਾਤ ਅਧਿਕਾਰੀ ਗੁਰਿੰਦਰ ਸਿੰਘ ਨੇ ਕਿਹਾ ਕਿ ਅੱਜਕੱਲ੍ਹ ਆਮ ਖ਼ਤਰਾ ਬਣਿਆ ਰਹਿੰਦਾ ਹੈ ਕਿ ਕਿਸੇ ਜੰਗਲੀ ਜਾਨਵਰ ਨੂੰ ਮਰਿਆ ਦੇਖ ਕੇ ਕੁਝ ਲੋਕ ਉਸਨੂੰ ਚੁੱਕ ਕੇ ਮਾਸ ਵਜੋਂ ਸੇਵਨ ਕਰਦੇ ਹਨ।  ਅਜਿਹਾ ਕਰਨਾ ਗੈਰ-ਕਾਨੂੰਨੀ ਹੈ। ਵਿਧਾਇਕ ਦੀ ਚੌਕਸੀ ਕਾਰਨ ਅਜਿਹੀ ਘਟਨਾ ਟਲ ਗਈ। ਵਿਧਾਇਕ ਤਰੁਨਪ੍ਰੀਤ ਸਿੰਘ ਸੌਂਧ ਨੇ ਦੱਸਿਆ ਕਿ ਜਦੋਂ ਉਹ ਇਲਾਕੇ ਵਿੱਚ ਕਿਤੇ ਜਾ ਰਹੇ ਸਨ ਤਾਂ ਉਨ੍ਹਾਂ ਨੇ ਰਾਮਗੜ੍ਹੀਆ ਭਵਨ ਨੇੜੇ ਫੁੱਟਪਾਥ ’ਤੇ ਜੰਗਲੀ ਜੀਵ ਪਿਆ ਦੇਖਿਆ। ਗੱਡੀਆਂ ਨੂੰ ਤੁਰੰਤ ਰੋਕ ਲਿਆ ਗਿਆ।  ਨੇੜੇ ਜਾ ਕੇ ਦੇਖਿਆ ਕਿ ਇਹ ਸਾਂਭਰ ਸੀ। ਜਿਸਦੇ ਮੂੰਹ 'ਤੇ ਸੱਟ ਲੱਗੀ ਸੀ। ਉਸਦੀ ਮੌਤ ਹੋ ਚੁੱਕੀ ਸੀ। ਜੰਗਲੀ ਜੀਵ ਸੁਰੱਖਿਆ ਐਕਟ ਤਹਿਤ ਵਿਭਾਗ ਨੂੰ ਮੌਕੇ 'ਤੇ ਬੁਲਾ ਕੇ ਅਗਲੇਰੀ ਕਾਰਵਾਈ ਲਈ ਕਿਹਾ ਗਿਆ।

ਇਹ ਵੀ ਪੜ੍ਹੋ