ਜਦੋਂ ਮੰਤਰੀ ਨੇ ਖੁਦ ਟਰੈਕਟਰ ਚਲਾ ਕੇ ਖਾਲੀ ਕਰਵਾਈ 100 ਕਰੋੜ ਦੀ ਜ਼ਮੀਨ

ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛੁਡਵਾਉਣ ਦੀ ਮੁਹਿੰਮ ਤਹਿਤ ਕੀਤੀ ਗਈ ਵੱਡੀ ਕਾਰਵਾਈ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਖੁਦ ਮੌਕੇ 'ਤੇ ਪੁੱਜੇ। ਕਰੀਬ 100 ਏਕੜ ਜ਼ਮੀਨ ਉਪਰ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਸੀ ਨਜਾਇਜ ਕਬਜ਼ਾ। 

Share:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਚਾਇਤੀ ਜ਼ਮੀਨਾਂ ਦਾ ਇਕ-ਇਕ ਇੰਚ ਨਾਜਾਇਜ਼ ਕਬਜ਼ਿਆਂ ਤੋਂ ਖ਼ਾਲੀ ਕਰਵਾਉਣ ਦੇ ਨਿਰਦੇਸ਼ਾਂ ਦੀ ਪਾਲਣਾ ਦੇ ਸਿਲਸਿਲੇ ਵਿੱਚ  ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਬਾਰੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਡੇਰਾ ਬੱਸੀ ਬਲਾਕ ਦੇ ਪਿੰਡ ਸੁੰਡਰਾਂ ਵਿਖੇ 100 ਏਕੜ ਪੰਚਾਇਤੀ ਜ਼ਮੀਨ ਨਾਜਾਇਜ਼ ਕਬਜ਼ੇ ਹੇਠੋਂ ਖ਼ੁਦ ਟਰੈਕਟਰ ਚਲਾ ਕੇ ਛੁਡਵਾਈ। ਜ਼ਮੀਨ ਖ਼ਾਲੀ ਕਰਾਉਣ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਕੈਬਨਿਟ ਮੰਤਰੀ  ਭੁੱਲਰ ਨੇ ਦੱਸਿਆ ਕਿ 100 ਏਕੜ ਦੇ ਕਰੀਬ ਪੰਚਾਇਤੀ ਜ਼ਮੀਨ 'ਤੇ ਵਸਨੀਕਾਂ ਵੱਲੋਂ ਕਬਜ਼ਾ ਕੀਤਾ ਹੋਇਆ ਸੀ। ਉਨ੍ਹਾਂ ਕਿਹਾ ਕਿ ਇਹ ਜ਼ਮੀਨ ਰਿਹਾਇਸ਼ੀ ਅਤੇ ਉਦਯੋਗਿਕ ਖੇਤਰਾਂ ਵਿੱਚ ਆਉਂਦੀ ਹੈ ਅਤੇ ਇਸ ਦੀ ਬਾਜ਼ਾਰੀ ਕੀਮਤ ਕਰੀਬ 100 ਕਰੋੜ ਰੁਪਏ ਹੈ। ਉਨ੍ਹਾਂ ਕਿਹਾ ਕਿ ਬਾਕੀ ਦੀ 12 ਏਕੜ ਜ਼ਮੀਨ ਅਦਾਲਤੀ ਸਟੇਅ ਅਧੀਨ ਹੈ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਵਿਭਾਗ ਦਾ ਹੱਕ ਵਾਪਸ ਦਿਵਾਉਣ ਲਈ ਇਸ ਕੇਸ ਦੀ ਜ਼ੋਰਦਾਰ ਢੰਗ ਨਾਲ ਪੈਰਵੀ ਕਰਨ।

ਹੁਣ ਤੱਕ 12100 ਏਕੜ ਜ਼ਮੀਨ ਛੁਡਵਾਈ 

ਭੁੱਲਰ ਨੇ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਸੂਬੇ ਵਿੱਚ ਕਬਜ਼ਿਆਂ ਵਿਰੁੱਧ ਵਿੱਢੀ ਮੁਹਿੰਮ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ ਅਤੇ ਹੁਣ ਤੱਕ ਕੁੱਲ 12100 ਏਕੜ ਜ਼ਮੀਨ ਨਾਜਾਇਜ਼ ਕਬਜ਼ਿਆਂ ਤੋਂ ਵਾਪਸ ਲੈ ਕੇ ਸਬੰਧਤ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਸੌਂਪ ਦਿੱਤੀ ਗਈ ਹੈ ਤਾਂ ਜੋ ਇਸ ਨੂੰ ਸਥਾਨਕ ਵਸਨੀਕਾਂ ਨੂੰ ਚਕੌਤੇ 'ਤੇ ਦੇਣ ਦੇ ਨਾਲ-ਨਾਲ ਪੰਚਾਇਤ ਦੀ ਆਮਦਨ ਵਧਾਈ ਜਾ ਸਕੇ। ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨਾਂ ਨੂੰ 100 ਫ਼ੀਸਦੀ ਖ਼ਾਲੀ ਕਰਵਾਉਣ ਤੱਕ ਕਬਜ਼ਿਆਂ ਵਿਰੁੱਧ ਕਾਰਵਾਈ ਜਾਰੀ ਰਹੇਗੀ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਨਾਜਾਇਜ਼ ਕਾਬਜ਼ਕਾਰਾਂ ਵੱਲੋਂ ਵੱਖ-ਵੱਖ ਅਦਾਲਤਾਂ ਵਿੱਚ ਦਾਇਰ ਮੁਕੱਦਮਿਆਂ ਦੀ ਵਿਭਾਗ ਦੇ ਦਾਅਵੇ ਨੂੰ ਮਜ਼ਬੂਤ ਕਰਨ ਲਈ ਨਿਯਮਤ ਤੌਰ 'ਤੇ ਪੈਰਵੀ ਕਰਨ ਤੋਂ ਇਲਾਵਾ ਉਨ੍ਹਾਂ ਕੋਲ ਚੱਲ ਰਹੇ ਕੇਸਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਨ।

ਅਧਿਕਾਰੀਆਂ ਨੂੰ ਦਿੱਤੀ ਚੇਤਾਵਨੀ 

ਉਨ੍ਹਾਂ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜਿਹੜੇ ਅਧਿਕਾਰੀ ਨਾਜਾਇਜ਼ ਕਬਜ਼ਿਆਂ ਨੂੰ ਕਾਇਮ ਰੱਖਣ ਲਈ ਨਾਜਾਇਜ਼ ਕਾਬਜ਼ਕਾਰਾਂ ਨਾਲ ਮਿਲੀਭੁਗਤ ਕਰ ਰਹੇ ਹਨ, ਉਨ੍ਹਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।ਕੈਬਨਿਟ ਮੰਤਰੀ ਨੇ ਕਿਹਾ ਕਿ ਕਾਬਜ਼ਕਾਰਾਂ ਤੋਂ ਜ਼ਮੀਨਾਂ ਕਬਜ਼ੇ ਵਿੱਚ ਲੈ ਕੇ ਵਿਭਾਗ ਨੂੰ ਮਾਲੀਏ ਦੇ ਹੋਰ ਸਰੋਤ ਪੈਦਾ ਕਰਨ ਵਿੱਚ ਮਦਦ ਮਿਲੀ ਹੈ ਅਤੇ ਵਿਭਾਗ ਵੱਲੋਂ ਕਬਜ਼ਿਆਂ ਵਿਰੁੱਧ ਮੁਹਿੰਮ ਜਾਰੀ ਰੱਖੀ ਜਾਵੇਗੀ।ਉਹਨਾਂ ਕਾਬਜ਼ਕਾਰਾਂ ਨੂੰ ਵੀ ਸੁਚੇਤ ਕੀਤਾ ਕਿ ਜੇਕਰ ਉਨ੍ਹਾਂ ਨੇ ਫਿਰ ਤੋਂ ਖ਼ਾਲੀ ਕਰਵਾਈ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਖ਼ਿਲਾਫ਼ ਐਫ ਆਈ ਆਰ ਦਰਜ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ