ਯੁੱਧ ਨਸ਼ਿਆਂ ਵਿਰੁੱਧ - ਖੰਨਾ ਪੁਲਿਸ ਵੱਲੋਂ ਮੀਟ ਮਾਰਕੀਟ 'ਚ ਨਸ਼ਾ ਤਸਕਰਾਂ ਦੀਆਂ 6 ਜਾਇਦਾਦਾਂ 'ਤੇ ਕਾਰਵਾਈ

ਨਸ਼ੀਲੇ ਪਦਾਰਥਾਂ ਦੇ ਪੈਸੇ ਦੀ ਵਰਤੋਂ ਕਰਕੇ ਨਗਰ ਕੌਂਸਲ ਦੀ ਜ਼ਮੀਨ 'ਤੇ ਗੈਰ-ਕਾਨੂੰਨੀ ਉਸਾਰੀ ਕੀਤੀ ਸੀ।ਇਲਾਕਾ ਨਿਵਾਸੀਆਂ ਨੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। 

Courtesy: ਖੰਨਾ ਪੁਲਿਸ ਨੇ ਨਸ਼ਾ ਤਸਕਰਾਂ ਦੇ ਘਰ ਢਾਹੇ

Share:

ਨਸ਼ਿਆਂ ਦੇ ਸੌਦਾਗਰਾਂ ਦੀ ਮਲਕੀਅਤ ਵਾਲੀਆਂ ਗੈਰ-ਕਾਨੂੰਨੀ ਜਾਇਦਾਦਾਂ 'ਤੇ ਆਪਣੀ ਕਾਰਵਾਈ ਜਾਰੀ ਰੱਖਦਿਆਂ ਖੰਨਾ ਪੁਲਿਸ ਨੇ ਨਗਰ ਕੌਂਸਲ ਅਧਿਕਾਰੀਆਂ ਦੇ ਸਹਿਯੋਗ ਨਾਲ ਸਥਾਨਕ ਮੀਟ ਮਾਰਕੀਟ ਵਿੱਚ ਵੱਖ-ਵੱਖ 6 ਇਮਾਰਤਾਂ ਨੂੰ ਢੇਰ ਕੀਤਾ। ਇਹ ਜਾਇਦਾਦਾਂ ਨਗਰ ਕੌਂਸਲ ਦੀ ਜ਼ਮੀਨ 'ਤੇ ਗੈਰ-ਕਾਨੂੰਨੀ ਕਬਜ਼ੇ ਕਰਕੇ ਬਣਾਈਆਂ ਗਈਆਂ ਸਨ ਅਤੇ ਕਥਿਤ ਤੌਰ 'ਤੇ ਨਸ਼ਿਆਂ ਦੀ ਕਮਾਈ ਨਾਲ ਉਸਾਰੀਆਂ ਗਈਆਂ ਸਨ। ਇਨ੍ਹਾਂ ਇਮਾਰਤਾਂ 'ਤੇ ਛੇ ਤਸਕਰਾਂ ਨੇ ਕਬਜ਼ਾ ਕੀਤਾ ਹੋਇਆ ਸੀ ਜਿਨ੍ਹਾਂ 'ਤੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐਨ.ਡੀ.ਪੀ.ਐਸ.) ਐਕਟ ਤਹਿਤ ਕਈ ਮਾਮਲੇ ਦਰਜ਼ ਹਨ। ਕਬਜ਼ਾਮੁਕਤ ਕਾਰਵਾਈ ਸੁਚਾਰੂ ਢੰਗ ਨਾਲ ਕੀਤੀ ਗਈ, ਵਿਵਸਥਾ ਬਣਾਈ ਰੱਖਣ ਅਤੇ ਕਿਸੇ ਵੀ ਸੰਭਾਵੀ ਗੜਬੜੀ ਦੀ ਰੋਕਥਾਮ ਲਈ ਲੋੜੀਂਦੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ।

ਐਸ.ਐਸ.ਪੀ ਜੋਤੀ ਯਾਦਵ ਨੇ ਕੀਤੀ ਅਗੁਵਾਈ 


ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸ.ਐਸ.ਪੀ.) ਡਾ. ਜੋਤੀ ਯਾਦਵ ਨੇ ਕਾਰਵਾਈ ਦੀ ਅਗੁਵਾਈ ਕੀਤੀ ਅਤੇ ਖੁਲਾਸਾ ਕੀਤਾ ਕਿ ਨਗਰ ਕੌਂਸਲ ਵੱਲੋਂ ਛੇ ਨਸ਼ਾ ਤਸਕਰਾਂ ਦੁਆਰਾ ਗੈਰ-ਕਾਨੂੰਨੀ ਕਬਜ਼ੇ ਦੀ ਰਿਪੋਰਟ ਕਰਨ ਤੋਂ ਬਾਅਦ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਉਨ੍ਹਾਂ ਦੋ ਭਰਾਵਾਂ, ਅਸਲਮ ਅਤੇ ਸੁਨੀਲ, ਜੋ ਕਿ ਇਲਾਕੇ ਵਿੱਚ ਵੱਡੇ ਨਸ਼ਾ ਤਸਕਰਾਂ ਵਜੋਂ ਜਾਣੇ ਜਾਂਦੇ ਹਨ ਅਤੇ ਪਹਿਲਾਂ ਹੀ ਪੰਜ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ, ਬਾਰੇ ਚਾਨਣਾ ਪਾਇਆ। ਸੁਨੀਲ ਬਾਬਾ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹੈ, ਜਦੋਂ ਕਿ ਅਸਲਮ ਫਰਾਰ ਹੈ। ਸ਼ਿੰਦੀ, ਮਹਿੰਦਰੋ, ਪੱਪੂ ਅਤੇ ਗੁਲਸ਼ਨ ਸਮੇਤ ਹੋਰ ਬਦਨਾਮ ਤਸਕਰ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੈਰ-ਕਾਨੂੰਨੀ ਸ਼ਰਾਬ ਦੇ ਵਪਾਰ ਨਾਲ ਸਬੰਧਤ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਨੂੰ ਢਾਹ ਦਿੱਤਾ ਗਿਆ ਹੈ ਅਤੇ ਪੁਲਿਸ ਟੀਮਾਂ ਜਲਦ ਹੀ ਫਰਾਰ ਤਸਕਰਾਂ ਨੂੰ ਫੜਨ ਲਈ ਦਿਨ-ਰਾਤ ਕੰਮ ਕਰ ਰਹੀਆਂ ਹਨ।

ਲੋਕਾਂ ਨੇ ਕੀਤੀ ਸ਼ਲਾਘਾ 

ਐਸ.ਐਸ.ਪੀ. ਨੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਨਸ਼ਿਆਂ ਦੇ ਵਪਾਰ ਵਿੱਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਜਨਤਾ ਨੂੰ ਭਰੋਸਾ ਦਿੱਤਾ ਕਿ ਜਦੋਂ ਤੱਕ ਨਸ਼ਿਆਂ ਦਾ ਪੂਰੀ ਤਰ੍ਹਾਂ ਖ਼ਾਤਮਾ ਨਹੀਂ ਹੋ ਜਾਂਦਾ, ਤਸਕਰਾਂ ਵਿਰੁੱਧ ਨਿਰੰਤਰ ਕਾਰਵਾਈ ਜਾਰੀ ਰਹੇਗੀ ਅਤੇ ਦੋਸ਼ੀਆਂ ਨੂੰ ਮਿਸਾਲੀ ਸਜਾਵਾਂ ਦੁਆਈਆਂ ਜਾਣਗੀਆਂ। ਉਨ੍ਹਾਂ ਨਸ਼ਿਆਂ ਵਿਰੁੱਧ ਇਸ ਜੰਗ ਵਿੱਚ ਜਨਤਕ ਸਹਿਯੋਗ ਦੀ ਵੀ ਅਪੀਲ ਕੀਤੀ। ਇਲਾਕਾ ਨਿਵਾਸੀਆਂ ਨੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਧੰਨਵਾਦ ਵੀ ਕੀਤਾ।

ਇਸ ਤੋਂ ਇਲਾਵਾ, ਐਸ.ਐਸ.ਪੀ. ਨੇ ਅੱਗੇ ਕਿਹਾ ਕਿ ਖੰਨਾ ਪੁਲਿਸ ਨੇ ਬੁੱਧਵਾਰ ਨੂੰ ਪਾਇਲ ਸਬ-ਡਵੀਜ਼ਨ ਵਿੱਚ ਨਸ਼ਾ ਤਸਕਰਾਂ ਦੀਆਂ ਤਿੰਨ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਸੀ।

ਇਹ ਵੀ ਪੜ੍ਹੋ