ਯੁੱਧ ਨਸ਼ਿਆਂ ਵਿਰੁੱਧ - ਖੰਨਾ ਪੁਲਿਸ ਨੂੰ ਮਿਲੀਆਂ ਵੱਡੀਆਂ ਸਫ਼ਲਤਾਵਾਂ, 15 ਦਿਨਾਂ 'ਚ 33 ਐਫਆਈਆਰ ਦਰਜ, 80 ਨਸ਼ਾ ਤਸਕਰ ਗ੍ਰਿਫ਼ਤਾਰ

ਇਸ ਮੁਹਿੰਮ ਦੇ ਅਧੀਨ 17 ਗੈਰ-ਕਾਨੂੰਨੀ ਜਾਇਦਾਦਾਂ ਖਿਲਾਫ ਕਾਰਵਾਈ ਕੀਤੀ ਗਈ। 1 ਲੱਖ ਡਰੱਗ ਮਨੀ ਬਰਾਮਦ ਕੀਤੀ ਗਈ। ਇਸਦੇ ਨਾਲ ਹੀ ਐਸਐਸਪੀ ਡਾ. ਜੋਤੀ ਯਾਦਵ ਬੈਂਸ ਨੇ ਨਸ਼ਾ ਤਸਕਰਾਂ ਨੂੰ ਮੁੜ ਤੋਂ ਸਖਤ ਚੇਤਾਵਨੀ ਦਿੱਤੀ   

Courtesy: ਐਸਐਸਪੀ ਡਾ. ਜੋਤੀ ਯਾਦਵ ਬੈਂਸ ਨੇ ਜਾਣਕਾਰੀ ਸਾਂਝੀ ਕੀਤੀ

Share:

War Against Drugs : ਪੰਜਾਬ ਵਿੱਚ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਜੰਗ ਦੇ ਤਹਿਤ ਨਸ਼ਾ ਤਸਕਰੀ ਨੂੰ ਰੋਕਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਪੁਲਿਸ ਜ਼ਿਲ੍ਹਾ ਖੰਨਾ ਵਿੱਚ ਪਿਛਲੇ 15 ਦਿਨਾਂ ਵਿੱਚ ਨਸ਼ਾ ਤਸਕਰਾਂ ਵਿਰੁੱਧ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਹਨ। ਐਸਐਸਪੀ ਡਾ. ਜੋਤੀ ਯਾਦਵ ਬੈਂਸ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਰਾਹੀਂ ਇਸਦੀ ਜਾਣਕਾਰੀ ਦਿੱਤੀ। ਐਸਐਸਪੀ ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਖੰਨਾ ਵਿੱਚ 33 ਮਾਮਲੇ ਦਰਜ ਕੀਤੇ ਗਏ ਹਨ ਅਤੇ 80 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ।

ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ 

ਐਸਐਸਪੀ ਡਾ. ਜੋਤੀ ਯਾਦਵ ਬੈਂਸ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਖੰਨਾ ਪੁਲਿਸ ਨੇ 15 ਕਿਲੋ ਭੁੱਕੀ, 1750 ਨਸ਼ੀਲੀਆਂ ਗੋਲੀਆਂ, 90 ਨਸ਼ੀਲੇ ਕੈਪਸੂਲ, 250 ਗ੍ਰਾਮ ਅਫੀਮ, 66 ਗ੍ਰਾਮ ਹੈਰੋਇਨ, 57 ਗ੍ਰਾਮ ਨਸ਼ੀਲਾ ਪਾਊਡਰ, 5 ਗ੍ਰਾਮ ਸਮੈਕ, 1 ਲੱਖ 9 ਹਜ਼ਾਰ 200 ਰੁਪਏ ਡਰੱਗ ਮਨੀ ਅਤੇ 11 ਵਾਹਨ ਬਰਾਮਦ ਕੀਤੇ ਹਨ। ਨਸ਼ਾ ਤਸਕਰਾਂ ਦੀਆਂ ਚਾਰ ਜਾਇਦਾਦਾਂ ਨੂੰ ਫਰੀਜ਼ ਕਰ ਦਿੱਤਾ ਗਿਆ। 6 ਗੈਰ-ਕਾਨੂੰਨੀ ਇਮਾਰਤਾਂ ਢਾਹ ਦਿੱਤੀਆਂ ਗਈਆਂ। 5 ਜਾਇਦਾਦਾਂ 'ਤੇ ਨੋਟਿਸ ਲਗਾਏ ਗਏ ਸਨ। 68F ਦੇ ਤਹਿਤ 2 ਜਾਇਦਾਦਾਂ ਨੂੰ ਫ੍ਰੀਜ਼ ਕਰਨ ਦਾ ਪ੍ਰਸਤਾਵ ਨਵੀਂ ਦਿੱਲੀ ਅਥਾਰਟੀ ਨੂੰ ਭੇਜਿਆ ਗਿਆ ਹੈ। ਐਸਐਸਪੀ ਨੇ ਅੱਗੇ ਕਿਹਾ ਕਿ ਇਸ ਮੁਹਿੰਮ ਤਹਿਤ 172 ਸੰਪਰਕ ਪ੍ਰੋਗਰਾਮਾਂ ਤਹਿਤ ਮੀਟਿੰਗਾਂ ਕਰਕੇ ਹਜ਼ਾਰਾਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਨਸ਼ੇ ਦੀ ਲਤ ਵਿੱਚ ਫਸੇ 8 ਲੋਕਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲ ਕਰਵਾਇਆ ਗਿਆ। ਇਸਤੋਂ ਇਲਾਵਾ ਡਰੱਗ ਇੰਸਪੈਕਟਰ ਦੇ ਨਾਲ 20 ਮੈਡੀਕਲ ਸਟੋਰਾਂ ਦੀ ਵੀ ਜਾਂਚ ਕੀਤੀ ਗਈ।

ਖੰਨਾ ਨੂੰ ਨਸ਼ਾ ਮੁਕਤ ਬਣਾਵਾਂਗੇ 

ਐਸਐਸਪੀ ਡਾ. ਜੋਤੀ ਯਾਦਵ ਬੈਂਸ ਨੇ ਮੁੜ ਤੋਂ ਇਹ ਵਚਨਬੱਧਤਾ ਦੁਹਰਾਈ ਕਿ ਪੁਲਿਸ ਜਿਲ੍ਹਾ ਖੰਨਾ ਨੂੰ ਨਸ਼ਾ ਮੁਕਤ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਹਨਾਂ ਕਿਹਾ ਕਿ ਜ਼ੀਰੋ ਟਾਲਰੈਂਸ ਦੀ ਨੀਤੀ ਦੇ ਤਹਿਤ ਪੁਲਿਸ ਦੀਆਂ ਟੀਮਾਂ ਕੰਮ ਕਰ ਰਹੀਆਂ ਹਨ। ਉਹਨਾਂ ਦਾ ਟੀਚਾ ਇਹੀ ਹੈ ਕਿ 3 ਮਹੀਨਿਆਂ ਦੇ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਪਨੇ ਨੂੰ ਪੂਰਾ ਕਰਕੇ ਦਿਖਾਇਆ ਜਾਵੇ ਤੇ ਖੰਨਾ ਨੂੰ ਨਸ਼ਾ ਮੁਕਤ ਬਣਾ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਆਪਣਾ ਬਣਦਾ ਅਹਿਮ ਯੋਗਦਾਨ ਦਿੱਤਾ ਜਾਵੇ। ਇਸਦੇ ਲਈ ਪੂਰੀ ਪੁਲਿਸ ਦਿਨ ਰਾਤ ਮਿਹਨਤ ਕਰ ਰਹੀ ਹੈ ਤੇ ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਹੈ। ਐਸਐਸਪੀ ਨੇ ਕਿਹਾ ਕਿ ਇਲਾਕੇ ਦੇ ਲੋਕ ਪੁਲਿਸ ਨੂੰ ਸਹਿਯੋਗ ਕਰਨ ਤੇ ਨਸ਼ਾ ਤਸਕਰਾਂ ਦੀ ਸੂਚਨਾ ਦਿੱਤੀ ਜਾਵੇ। ਸੂਚਨਾ ਦੇਣ ਵਾਲੇ ਦਾ ਨਾਂਅ ਗੁਪਤ ਰੱਖਿਆ ਜਾਵੇਗਾ ਤੇ ਸਖਤ ਕਾਰਵਾਈ ਦੇਖਣ ਨੂੰ ਮਿਲੇਗੀ। 

 

ਇਹ ਵੀ ਪੜ੍ਹੋ