ਵੀਕੇ ਸਿੰਘ ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਸਪੈਸ਼ਲ ਮੁੱਖ ਸਕੱਤਰ ਬਣੇ 

ਹਾਲ ਹੀ 'ਚ ਕੇਂਦਰ ਚੋਂ ਪੰਜਾਬ ਵਾਪਸੀ ਲਈ ਕੇਂਦਰੀ ਕੈਬਨਿਟ ਕਮੇਟੀ ਨੇ ਮਨਜ਼ੂਰੀ ਦਿੱਤੀ ਸੀ। ਜਿਸ ਮਗਰੋਂ ਚਰਚਾ ਛਿੜੀ ਸੀ ਕਿ ਪੰਜਾਬ ਅੰਦਰ ਵੀਕੇ ਸਿੰਘ ਨੂੰ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। 

Share:

ਹਾਲ ਹੀ 'ਚ ਕੇਂਦਰੀ ਡੈਪੂਟੇਸ਼ਨ ਤੋਂ ਵਾਪਸ ਪੰਜਾਬ ਲਿਆਂਦੇ ਗਏ ਸੀਨੀਅਰ ਆਈਏਐਸ ਵੀਕੇ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਪੈਸ਼ਲ ਮੁੱਖ ਸਕੱਤਰ ਨਿਯੁਕਤ ਕਰ ਦਿੱਤਾ ਗਿਆ। ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਇੱਕ ਪੱਤਰ ਜਾਰੀ ਕਰਕੇ ਜਾਣਕਾਰੀ ਦਿੱਤੀ ਗਈ। ਦੱਸ ਦਈਏ ਕਿ ਪੰਜਾਬ ਕੇਡਰ ਦੇ ਆਈਏਐਸ ਵੀਕੇ ਸਿੰਘ ਨੂੰ ਕੇਂਦਰ ਸਰਕਾਰ ਵੱਲੋਂ ਵਾਪਸ ਪੰਜਾਬ ਭੇਜਿਆ ਗਿਆ ਸੀ।  ਸਾਬਕਾ ਸੈਨਿਕ ਭਲਾਈ ਵਿਭਾਗ ਦੇ ਸਕੱਤਰ ਵੀਕੇ ਸਿੰਘ ਨੂੰ ਉਨ੍ਹਾਂ ਦੇ ਕੇਡਰ ਰਾਜ ਪੰਜਾਬ ਵਿੱਚ ਵਾਪਸ ਭੇਜਣ ਲਈ ਪੰਜਾਬ ਸਰਕਾਰ ਨੇ ਕੇਂਦਰ ਨੂੰ ਪੱਤਰ ਲਿਖਿਆ ਸੀ।  

1990 ਬੈਚ ਦੇ ਅਧਿਕਾਰੀ ਹਨ ਵੀਕੇ ਸਿੰਘ 

ਵੀਕੇ ਸਿੰਘ 1990 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਅਧਿਕਾਰੀ ਹਨ। ਕੇਂਦਰੀ ਕੈਬਨਿਟ ਦੀ ਨਿਯੁਕਤੀ ਕਮੇਟੀ (ਏ. ਸੀ. ਸੀ.) ਨੇ ਪੰਜਾਬ ਸਰਕਾਰ ਦੀ ਬੇਨਤੀ 'ਤੇ ਵੀਕੇ ਸਿੰਘ ਨੂੰ ਉਨ੍ਹਾਂ ਪੇਰੈਂਟ ਕੇਡਰ ਵਿੱਚ ਵਾਪਸ ਭੇਜਣ ਦੀ ਪ੍ਰਵਾਨਗੀ ਦਿੱਤੀ। ਇਸੇ ਤਰ੍ਹਾਂ ਹੀ ਇੱਕ ਹੋਰ ਹੁਕਮ ਵਿੱਚ ਏਸੀਸੀ ਨੇ ਪੁਲਾੜ ਵਿਭਾਗ ਦੇ ਵਧੀਕ ਸਕੱਤਰ ਅਤੇ ਵਿੱਤੀ ਸਲਾਹਕਾਰ ਐਮ ਮਹੇਸ਼ਵਰ ਰਾਓ ਨੂੰ ਆਪਣੇ ਕੇਡਰ ਰਾਜ ਕਰਨਾਟਕ ਵਿੱਚ ਵਾਪਸ ਭੇਜਣ ਦੀ ਪ੍ਰਵਾਨਗੀ ਦੇ ਦਿੱਤੀ ਗਈ। ਵਰਨਣੋਗ ਹੈ ਕਿ ਪੰਜਾਬ ਦੀ ਸਾਬਕਾ ਮੁੱਖ ਸਕੱਤਰ ਵਿੰਨੀ ਮਹਾਜਨ ਦੇ ਕੇਂਦਰ 'ਚ ਚਲੇ ਜਾਣ ਮਗਰੋਂ ਵੀਕੇ ਸਿੰਘ ਸਭ ਤੋਂ ਸੀਨੀਅਰ ਹਨ। ਦੂਜੇ ਪਾਸੇ ਸੂਬੇ ਅੰਦਰ ਏ ਵੇਨੂ ਪ੍ਰਸ਼ਾਦ ਦੇ ਰਿਟਾਇਰ ਹੋਣ ਮਗਰੋਂ 31 ਜੁਲਾਈ ਤੋਂ ਇਹ ਅਹਿਮ ਅਹੁਦਾ ਵੀ ਖਾਲੀ ਪਿਆ ਸੀ। ਸਰਕਾਰ ਕੋਲ ਅਹਿਮ ਮਹਿਕਮਿਆਂ 'ਚ ਕੰਮ ਕਰਨ ਲਈ ਸੀਨੀਅਰ ਅਧਿਕਾਰੀ ਵੀ ਨਹੀਂ ਹਨ। ਇਸੇ ਕਰਕੇ ਹਰੇਕ ਅਧਿਕਾਰੀ ਕੋਲ ਤਿੰਨ ਜਾਂ ਵੱਧ ਵਿਭਾਗ ਹਨ। ਉਦਾਹਰਨ ਵਜੋਂ 1992 ਬੈਚ ਦੇ ਕੇਏਪੀ ਸਿਨਹਾ ਕੋਲ ਮਾਲ, ਖੇਤੀਬਾੜੀ ਤੇ ਸਹਿਕਾਰਤਾ ਵਿਭਾਗ ਹਨ, ਇਹ ਤਿੰਨੋਂ ਵੱਡੇ ਵਿਭਾਗ ਹਨ। ਇਸੇ ਤਰ੍ਹਾਂ ਤੇਜਵੀਰ ਸਿੰਘ ਕੋਲ ਬਿਜਲੀ, ਉਦਯੋਗ, ਪੇਂਡੂ ਵਿਕਾਸ ਅਤੇ ਪੰਚਾਇਤ ਸਮੇਤ ਸੱਤ ਵਿਭਾਗ ਹਨ।

ਇਹ ਵੀ ਪੜ੍ਹੋ