ਪਿੰਡ ਵਾਲਿਆਂ ਨੇ ਲਾਇਆ ਚੋਰੀ ਦਾ ਇਲਜ਼ਾਮ, 2 ਬੱਚਿਆਂ ਦੇ ਪਿਓ ਨੇ ਮੌਤ ਨੂੰ ਲਾਇਆ ਗਲੇ

ਚੋਰੀ ਦਾ ਇਲਜ਼ਾਮ ਲੱਗਣ ਮਗਰੋਂ ਬੇਇੱਜ਼ਤੀ ਮਹਿਸੂਸ ਕੀਤੀ। ਜਿਸ ਕਾਰਨ ਘਰ ਅੰਦਰ ਪਈ ਕੋਈ ਐਕਸਪਾਇਰੀ ਜਾਂ ਨਸ਼ੀਲੀ ਦਵਾਈ ਨਿਗਲ ਲਈ ਗਈ।

Share:

ਲੁਧਿਆਣਾ ਜਿਲ੍ਹੇ ਦੇ ਸ਼ਹਿਰ ਖੰਨਾ ਦੇ ਪਿੰਡ ਪੰਜਰੁੱਖਾ 'ਚ 2 ਬੱਚਿਆਂ ਦੇ ਪਿਓ ਨੇ ਮੌਤ ਨੂੰ ਗਲੇ ਲਾਇਆ। ਖੁਦਕੁਸ਼ੀ ਦੀ ਵਜ੍ਹਾ ਇਹ ਰਹੀ ਕਿ ਪਿੰਡ ਦੇ ਕੁੱਝ ਲੋਕ ਚੋਰੀ ਦਾ ਇਲਜ਼ਾਮ ਲਗਾ ਕੇ ਬਦਨਾਮੀ ਕਰ ਰਹੇ ਸੀ। ਬੇਇੱਜ਼ਤੀ ਮਹਿਸੂਸ ਕਰਨ ਮਗਰੋਂ ਇਸ ਵਿਅਕਤੀ ਨੇ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੇ ਇਸ ਘਟਨਾ ਸਬੰਧੀ ਪਿੰਡ ਦੇ ਸਰਪੰਚ ਸਮੇਤ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ। ਮ੍ਰਿਤਕ ਦੀ ਪਤਨੀ ਹਰਦੀਪ ਕੌਰ ਨੇ ਦੱਸਿਆ ਕਿ ਪਿੰਡ ਦੇ ਕੁੱਝ ਲੋਕ ਉਸਦੇ ਪਤੀ ਜਗਤਾਰ ਸਿੰਘ ਸੋਨੀ 'ਤੇ ਚੋਰੀ ਦਾ ਝੂਠਾ ਇਲਜ਼ਾਮ ਲਗਾ ਰਹੇ ਸੀ। ਇਸ ਮਾਮਲੇ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਤੇ ਉਸਦੇ ਪਤੀ ਖ਼ਿਲਾਫ਼ ਮਾਮਲਾ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਸਦੇ ਪਤੀ ਨੇ ਬੇਇੱਜ਼ਤੀ ਮਹਿਸੂਸ ਕਰਦਿਆਂ ਖੁਦਕੁਸ਼ੀ ਕਰ ਲਈ। ਹਰਦੀਪ ਕੌਰ ਅਨੁਸਾਰ ਉਸਦੇ ਪਤੀ ਨੇ ਘਰ ਵਿੱਚ ਪਈ ਕੋਈ ਐਕਸਪਾਇਰੀ ਜਾਂ ਨਸ਼ੀਲੀ ਦਵਾਈ ਨਿਗਲ ਲਈ। ਜਿਸ ਕਾਰਨ ਉਸਦੀ ਮੌਤ ਹੋ ਗਈ।

ਸਰਪੰਚ ਸਮੇਤ 6 ਖਿਲਾਫ ਮੁਕੱਦਮਾ

ਥਾਣਾ ਸਦਰ ਖੰਨਾ ਵਿਖੇ ਪੁਲਿਸ ਨੇ ਹਰਦੀਪ ਕੌਰ ਦੀ ਸ਼ਿਕਾਇਤ ’ਤੇ ਪਿੰਡ ਪੰਜਰੁੱਖਾ ਦੇ ਸਰਪੰਚ ਤੇਜਿੰਦਰ ਸਿੰਘ ਤੋਂ ਇਲਾਵਾ ਪਿੰਡ ਦੇ ਪ੍ਰਦੁਮਣ ਸਿੰਘ ਰਾਜੂ, ਸੁਖਵਿੰਦਰ ਸਿੰਘ, ਜਸਵੀਰ ਕੌਰ, ਰਣਜੀਤ ਸਿੰਘ, ਮਨਜੀਤ ਕੌਰ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ। ਡੀਐਸਪੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਗਈ।

 

ਇਹ ਵੀ ਪੜ੍ਹੋ