ਵਿਜੀਲੈਂਸ ਨੇ ਮਨਪ੍ਰੀਤ ਬਾਦਲ ਤੋਂ 4 ਘੰਟੇ ਕੀਤੀ ਪੁੱਛਗਿੱਛ

ਸਾਬਕਾ ਵਿੱਤ ਮੰਤਰੀ ਤੋਂ ਦੂਜੀ ਵਾਰ ਹੋਈ ਹੈ ਪੁੱਛਗਿੱਛ। ਐਤਵਾਰ ਨੂੰ ਜਾਰੀ ਹੋਇਆ ਸੀ ਨੋਟਿਸ। ਜਾਂਚ ਦਾ ਕੀਤਾ ਸਮਰਥਨ।

Share:

ਬਠਿੰਡਾ 'ਚ ਪਲਾਟ ਅਲਾਟਮੈਂਟ ਮਾਮਲੇ 'ਚ ਫਸੇ ਸਾਬਕਾ ਵਿੱਤ ਮੰਤਰੀ ਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਸੋਮਵਾਰ ਦੁਪਹਿਰ ਨੂੰ ਵਿਜੀਲੈਂਸ ਦਫ਼ਤਰ ਪੁੱਜੇ। ਇੱਥੇ ਮਨਪ੍ਰੀਤ ਬਾਦਲ ਤੋਂ ਵਿਜੀਲੈਂਸ ਅਧਿਕਾਰੀਆਂ ਨੇ ਕਰੀਬ ਚਾਰ ਘੰਟੇ ਪੁੱਛਗਿੱਛ ਕੀਤੀ। ਵਿਜੀਲੈਂਸ ਅਧਿਕਾਰੀਆਂ ਨੇ ਐਤਵਾਰ ਨੂੰ ਹੀ ਨੋਟਿਸ ਜਾਰੀ ਕਰਕੇ ਮਨਪ੍ਰੀਤ ਸਿੰਘ ਬਾਦਲ ਨੂੰ ਪੁੱਛਗਿੱਛ ਲਈ ਬਠਿੰਡਾ ਦਫ਼ਤਰ ਬੁਲਾਇਆ ਸੀ।

ਭਾਵੇਂ 100 ਵਾਰ ਬੁਲਾਉਣ, ਆਵਾਂਗਾ 

ਪੁੱਛਗਿੱਛ ਤੋਂ ਬਾਅਦ ਬਠਿੰਡਾ ਵਿਜੀਲੈਂਸ ਦਫ਼ਤਰ ਤੋਂ ਬਾਹਰ ਆਏ ਮਨਪ੍ਰੀਤ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਵਿਜੀਲੈਂਸ ਮੈਨੂੰ 100 ਵਾਰ ਬੁਲਾਵੇ ਤਾਂ ਮੈਂ ਆਉਣ ਲਈ ਤਿਆਰ ਹਾਂ। ਜਾਂਚ ਦਾ ਹਮੇਸ਼ਾਂ ਸਮਰਥਨ ਕਰਾਂਗਾ। ਦੱਸ ਦਈਏ ਕਿ ਇਸ ਮਾਮਲੇ ਵਿੱਚ ਮਨਪ੍ਰੀਤ ਸਿੰਘ ਬਾਦਲ ਤੋਂ ਦੂਜੀ ਵਾਰ ਪੁੱਛਗਿੱਛ ਕੀਤੀ ਗਈ ਹੈ। ਮਨਪ੍ਰੀਤ ਬਾਦਲ ਨੂੰ ਹਾਈਕੋਰਟ ਤੋਂ ਅਗਾਊਂ ਜ਼ਮਾਨਤ ਮਿਲੀ ਹੋਈ ਹੈ। ਇਸੇ ਕੇਸ ਵਿੱਚ ਉਹਨਾਂ ਦੇ ਨਾਲ ਨਾਮਜ਼ਦ ਸ਼ਰਾਬ ਕਾਰੋਬਾਰੀ ਜਸਵਿੰਦਰ ਸਿੰਘ ਉਰਫ ਜੁਗਨੂੰ ਅਤੇ ਸੀਏ ਸੰਜੀਵ ਕੁਮਾਰ ਨੂੰ ਵੀ ਅਦਾਲਤ ਤੋਂ ਜ਼ਮਾਨਤ ਮਿਲ ਚੁੱਕੀ ਹੈ।

ਵਿਜੀਲੈਂਸ ਦਾ ਦਾਅਵਾ 

ਇਸ ਮਾਮਲੇ ਵਿੱਚ ਵਿਜੀਲੈਂਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਮਨਪ੍ਰੀਤ ਬਾਦਲ ਦੇ ਪਲਾਟ ਦੀ ਬੋਲੀ ਜੁਗਨੂੰ ਦੇ ਦਫ਼ਤਰ ਚੋਂ ਸੰਜੀਵ ਕੁਮਾਰ ਨੇ ਦਿੱਤੀ ਸੀ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਕਾਸ, ਰਾਜੀਵ ਅਤੇ ਅਮਨਦੀਪ ਨੇ ਮੰਨਿਆ ਸੀ ਕਿ ਉਨ੍ਹਾਂ ਨੇ ਉਕਤ ਠੇਕੇਦਾਰ ਦੇ ਕਹਿਣ ’ਤੇ ਹੀ ਤਤਕਾਲੀ ਮੰਤਰੀ ਦੇ ਪਲਾਟ ਦੀ ਬੋਲੀ ਲਾਈ ਸੀ। ਇਸਤੋਂ ਇਲਾਵਾ ਇਸ ਮਾਮਲੇ ਵਿੱਚ ਸੀਏ ਸੰਜੀਵ ਕੁਮਾਰ ਦੀ ਵੀ ਸ਼ਮੂਲੀਅਤ ਦਾ ਦਾਅਵਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ