ਵਿਜੀਲੈਂਸ ਨੇ ਚੱਕ ਲਿਆ ਰਿਸ਼ਵਤ ਲੈਂਦਾ ਪਟਵਾਰੀ

ਜ਼ਮੀਨ ਦਾ ਇੰਤਕਾਲ ਕਰਾਉਣ ਬਦਲੇ ਮੰਗੇ ਸੀ 10 ਹਜ਼ਾਰ ਰੁਪਏ। ਸ਼ਿਕਾਇਤਕਰਤਾ ਨੇ ਵਿਜੀਲੈਂਸ ਦਰਬਾਰ ਲਗਾਈ ਗੁਹਾਰ। ਟ੍ਰੈਪ ਲਗਾ ਕੇ ਫੜਿਆ ਗਿਆ ਮਾਲ ਮਹਿਕਮੇ ਦਾ ਪਟਵਾਰੀ।

Share:

ਪੰਜਾਬ ਅੰਦਰ ਰੋਜ਼ਾਨਾ ਹੀ ਵਿਜੀਲੈਂਸ ਰਿਸ਼ਵਤਖੋਰਾਂ ਨੂੰ ਗ੍ਰਿਫਤਾਰ ਕਰ ਰਹੀ ਹੈ। ਅੱਜ ਬਠਿੰਡਾ ਵਿਖੇ ਕਾਰਵਾਈ ਦੇਖਣ ਨੂੰ ਮਿਲੀ। ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵੱਲੋਂ ਮਾਲ ਪਟਵਾਰੀ ਨਰਿੰਦਰ ਕੁਮਾਰ ਮਾਲ ਹਲਕਾ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਤਿੰਨ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ  ਸੁਰਜੀਤ ਸਿੰਘ ਨੇ ਵਿਜੀਲੈਂਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਸਦੇ ਪਿਤਾ ਨੇ ਉਸਦੇ ਅਤੇ ਉਸਦੇ ਭਰਾ ਗੁਰਜੀਤ ਸਿੰਘ ਦੇ ਨਾਮ ’ਤੇ ਤਬਦੀਲ ਮਲਕੀਅਤ 13 ਅਕਤੂਬਰ 2023 ਨੂੰ ਕਰਵਾਈ ਸੀ।  ਇੱਕ ਹੋਰ ਤਬਦੀਲ ਮਲਕੀਅਤ ਉਸਦੇ ਭਰਾ ਗੁਰਜੀਤ ਸਿੰਘ ਵੱਲੋਂ ਰਕਬਾ 2 ਕਨਾਲ ਉਸਦੇ ਨਾਮ ਕਰਵਾਇਆ ਗਿਆ ਸੀ। ਉਕਤ ਰਕਬਿਆਂ ਦਾ ਇੰਤਕਾਲ ਕਰਵਾਉਣ ਲਈ ਉਹ ਪਟਵਾਰੀ ਨਰਿੰਦਰ ਕੁਮਾਰ ਉਰਫ ਨੀਟਾ ਨੂੰ ਮਿਲਿਆ। ਜਿਸਨੇ ਉਸ ਪਾਸੋਂ ਇੰਤਕਾਲ ਦਰਜ ਕਰਨ ਅਤੇ ਮੰਨਜੂਰ ਕਰਾਉਣ ਬਦਲੇ 10 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਜਿਸ 'ਤੇ ਉਸਦੇ ਵੱਲੋਂ ਮਿੰਨਤ ਤਰਲਾ ਕਰਨ ’ਤੇ ਪਟਵਾਰੀ ਨਰਿੰਦਰ ਕੁਮਾਰ ਨੇ ਉਸ ਪਾਸੋਂ 2 ਹਜ਼ਾਰ ਰੁਪਏ ਰਿਸ਼ਵਤ ਲੈ ਲਏ। ਸ਼ਿਕਾਇਤਕਰਤਾ 1 ਦਸੰਬਰ ਨੂੰ  ਪਟਵਾਰੀ ਉਕਤ ਪਾਸ ਦੁਬਾਰਾ ਫਿਰ ਉਸਦੇ ਦਫਤਰ ਗਿਆ ਤਾਂ ਉਸਨੇ ਬਾਕੀ ਹੋਰ ਰਹਿੰਦੇ ਪੈਸਿਆਂ ਦੀ ਮੰਗ ਕਰਕੇ 1 ਹਜ਼ਾਰ ਰੁਪਏ ਰਿਸ਼ਵਤ ਲਈ।  3 ਹਜ਼ਾਰ ਰੁਪਏ ਹੋਰ ਮੰਗੇ ਗਏ। ਸ਼ਿਕਾਇਤਕਰਤਾ ਨੇ ਆਪਣੇ ਮੋਬਾਇਲ ਫੋਨ ’ਚ ਰਿਕਾਰਡਿੰਗ ਕਰ ਲਈ ਅਤੇ ਵਿਜੀਲੈਂਸ ਬਿਊਰੋ ਪਾਸ ਜਾ ਕੇ ਸ਼ਿਕਾਇਤ ਦਰਜ ਕਰਵਾ ਦਿੱਤੀ।

ਵਿਜੀਲੈਂਸ ਨੇ ਵਿਛਾਇਆ ਜਾਲ 

ਵਿਜੀਲੈਂਸ ਬਿਊਰੋ ਯੁਨਿਟ ਸ੍ਰੀ ਮੁਕਤਸਰ ਸਾਹਿਬ ਵੱਲੋਂ ਉਕਤ ਸ਼ਿਕਾਇਤ ਦੀ ਮੁੱਢਲੀ ਪੜਤਾਲ ਕਰਨ ਉਪਰੰਤ ਪਾਇਆ ਗਿਆ ਕਿ ਪਟਵਾਰੀ ਨਰਿੰਦਰ ਕੁਮਾਰ ਮਾਲ ਹਲਕਾ ਮਲੋਟ ਵੱਲੋਂ ਸ਼ਿਕਾਇਤਕਰਤਾ ਪਾਸੋਂ ਉਸਦਾ ਇੰਤਕਾਲ ਦਰਜ ਕਰਕੇ ਮੰਨਜੂਰ ਕਰਵਾਉਣ ਬਦਲੇ 3000/-ਰੁਪਏ ਹਾਸਲ ਕਰ ਲਏ ਅਤੇ ਅੱਜ ਬਾਕੀ ਰਹਿੰਦੇ 3000/-ਰੁਪਏ ਸ਼ਿਕਾਇਤਕਰਤਾ ਪਾਸੋਂ ਹਾਸਲ ਕਰਦਿਆਂ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਮੌਕੇ ’ਤੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ। ਜਿਸਦੇ ਸਬੰਧ ਵਿੱਚ ਉੱਕਤ ਮੁਲਜਮ ਦੇ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਇਹ ਵੀ ਪੜ੍ਹੋ