ਵਿਜੀਲੈਂਸ ਨੇ ਮੁੜ ਸੱਦਿਆ ਮਨਪ੍ਰੀਤ ਬਾਦਲ, ਵਧ ਸਕਦੀਆਂ ਮੁਸ਼ਕਲਾਂ

ਪਲਾਟ ਖਰੀਦ ਮਾਮਲੇ 'ਚ 20 ਨਵੰਬਰ ਨੂੰ ਹੋਵੇਗੀ ਸਾਬਕਾ ਖ਼ਜਾਨਾ ਮੰਤਰੀ ਦੀ ਪੇਸ਼ੀ। ਤਤਕਾਲੀ ਪ੍ਰਸ਼ਾਸਕ ਸ਼ੇਰਗਿੱਲ ਨੂੰ 22 ਨਵੰਬਰ ਨੂੰ ਪੁੱਛਗਿੱਛ ਲਈ ਬੁਲਾਇਆ।

Share:

ਪੁੱਡਾ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਪਲਾਟ ਖਰੀਦ ਮਾਮਲੇ ਵਿੱਚ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਉਣ ਦੇ ਦੋਸ਼ ਹੇਠ ਸਾਬਕਾ ਖ਼ਜਾਨਾ ਮੰਤਰੀ ਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦੀਆਂ ਮੁਸ਼ਕਲਾਂ ਹਾਲੇ ਘੱਟ ਨਹੀਂ ਹੋਈਆਂ। ਵਿਜੀਲੈਂਸ ਨੇ ਮੁੜ ਸੰਮਨ ਜਾਰੀ ਕਰਕੇ ਮਨਪ੍ਰੀਤ ਬਾਦਲ ਨੂੰ 20 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਬੀਡੀਏ ਦੇ ਤਤਕਾਲੀ ਪ੍ਰਸ਼ਾਸਕ ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ 22 ਨਵੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਇਸਤੋਂ ਪਹਿਲਾਂ ਵਿਜੀਲੈਂਸ ਬਿਊਰੋ ਨੇ ਮਨਪ੍ਰੀਤ ਬਾਦਲ ਨੂੰ ਪਹਿਲੀ ਵਾਰ 23 ਅਕਤੂਬਰ ਨੂੰ ਤਲਬ ਕੀਤਾ ਸੀ, ਪਰ ਉਹ ਪੇਸ਼ ਨਹੀਂ ਹੋਏ ਸਨ। ਜਿਸਤੋਂ ਬਾਅਦ ਉਹ 30 ਅਕਤੂਬਰ ਨੂੰ ਦੂਜੀ ਵਾਰ ਪੇਸ਼ ਹੋਏ ਸੀ। ਦੱਸ ਦਈਏ ਕਿ ਮਨਪ੍ਰੀਤ ਬਾਦਲ ਨੂੰ ਹਾਈਕੋਰਟ ਤੋਂ ਅੰਤਰਿਮ ਜ਼ਮਾਨਤ ਮਿਲੀ ਹੋਈ ਹੈ। 

ਸ਼ਰਾਬ ਕਾਰੋਬਾਰੀ ਤੇ ਸੀਏ ਨੂੰ ਜ਼ਮਾਨਤ 

ਕੇਸ ਵਿੱਚ ਸ਼ਰਾਬ ਕਾਰੋਬਾਰੀ ਜਸਵਿੰਦਰ ਸਿੰਘ ਉਰਫ ਜੁਗਨੂੰ ਅਤੇ ਸੀਏ ਸੰਜੀਵ ਕੁਮਾਰ ਨੂੰ ਬਠਿੰਡਾ ਅਦਾਲਤ ਨੇ ਵੱਡੀ ਰਾਹਤ ਦਿੱਤੀ ਸੀ। ਦੋਵਾਂ ਵੱਲੋਂ ਅਦਾਲਤ ’ਚ ਦਾਇਰ ਅਗਾਊਂ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕੀਤੀ ਗਈ। ਇਸ ਅਦਾਲਤੀ ਫੈਸਲੇ ਮਗਰੋਂ ਹੁਣ ਮਨਪ੍ਰੀਤ ਬਾਦਲ ਨੂੰ ਮੁੜ ਸੰਮਨ ਜਾਰੀ ਕੀਤੇ ਗਏ। 

ਇਹ ਹੈ ਮਾਮਲਾ 

ਵਿਜੀਲੈਂਸ ਬਿਊਰੋ ਨੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਸ਼ਿਕਾਇਤ ਦੇ ਆਧਾਰ ‘ਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ, ਜਿਸ ਵਿੱਚ ਬਠਿੰਡਾ ਦੇ ਇੱਕ ਪ੍ਰਮੁੱਖ ਸਥਾਨ ‘ਤੇ ਜਾਇਦਾਦ ਦੀ ਖਰੀਦ ਵਿੱਚ ਬੇਨਿਯਮੀਆਂ ਦਾ ਦੋਸ਼ ਲਗਾਇਆ ਗਿਆ ਸੀ। ਸਿੰਗਲਾ ਨੇ ਦੋਸ਼ ਲਾਇਆ ਸੀ ਕਿ ਪਿਛਲੀ ਕਾਂਗਰਸ ਸਰਕਾਰ ਵਿੱਚ ਮੰਤਰੀ ਰਹਿੰਦਿਆਂ ਬਾਦਲ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਦੋ ਕਮਰਸ਼ੀਅਲ ਪਲਾਟਾਂ ਨੂੰ ਰਿਹਾਇਸ਼ੀ ਪਲਾਟਾਂ ਵਿੱਚ ਤਬਦੀਲ ਕੀਤਾ ਸੀ। ਇਸ ਸਬੰਧੀ ਭਾਰਤੀ ਦੰਡ ਵਿਧਾਨ ਦੀ ਧਾਰਾ 420 (ਧੋਖਾਧੜੀ) ਅਤੇ 468 (ਜਾਅਲਸਾਜ਼ੀ) ਸਮੇਤ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵੀ ਕੇਸ ਦਰਜ ਕੀਤਾ ਗਿਆ ਸੀ। ਵਿਜੀਲੈਂਸ ਬਿਊਰੋ ਅਨੁਸਾਰ ਜਾਂਚ ਦੌਰਾਨ ਪਾਇਆ ਗਿਆ ਕਿ ਮਨਪ੍ਰੀਤ ਬਾਦਲ ਨੇ ਮਾਡਲ ਟਾਊਨ ਬਠਿੰਡਾ ਵਿੱਚ 1560 ਵਰਗ ਗਜ਼ ਦੇ ਦੋ ਪਲਾਟ ਖਰੀਦਣ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ।

ਇਹ ਵੀ ਪੜ੍ਹੋ