ਥਾਣੇਦਾਰ ਦਾ ਦਬਕਾ - ਵਿਜੀਲੈਂਸ ਦਾ ਰਗੜਾ, ਜਾਣੋ ਪੂਰਾ ਮਾਮਲਾ 

ਵਰਦੀ ਦਾ ਰੋਹਬ ਦਿਖਾ ਕੇ ਡਰਾਉਣਾ ਪਿਆ ਮਹਿੰਗਾ। ਧਮਕੀ ਪੈ ਗਈ ਪੁੱਠੀ। ਵਿਜੀਲੈਂਸ ਨੇ ਆਪਣੇ ਗੇੜ 'ਚ ਲਿਆ ਪੁਲਿਸ ਅਧਿਕਾਰੀ। ਹੁਣ ਜਾਣਾ ਪਵੇਗਾ ਜੇਲ੍ਹ। 

Share:

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੇ ਅਧੀਨ  ਫਾਜ਼ਿਲਕਾ 'ਚ ਇੱਕ ਥਾਣੇਦਾਰ ਨੂੰ ਗ੍ਰਿਫਤਾਰ ਕੀਤਾ। ਸਦਰ ਇਲਾਕੇ ਦੀ ਪੁਲਿਸ ਚੌਕੀ ਲਾਧੂਕਾ ਮੰਡੀ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ) ਬਲਦੇਵ ਸਿੰਘ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਏਐਸਆਈ ਦੇ ਖਿਲਾਫ ਵਿਜੀਲੈਂਸ ਥਾਣਾ ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕੀਤੀ ਗਈ। 

ਕਿਉਂ ਮੰਗੀ ਰਿਸ਼ਵਤ 

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪਰਵੀਨ ਕੁਮਾਰ ਵਾਸੀ ਮੰਡੀ ਲਾਧੂਕਾ ਜ਼ਿਲ੍ਹਾ ਫਾਜ਼ਿਲਕਾ ਵੱਲੋਂ  ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਿਸ ਵਿੱਚ ਦੱਸਿਆ ਗਿਆ ਕਿ ਝਗੜੇ ਨਾਲ ਸਬੰਧਤ ਪੁਲਿਸ ਸ਼ਿਕਾਇਤ ਵਿੱਚ ਉਸਦਾ ਨਾਮ ਸ਼ਾਮਲ ਨਾ ਕਰਨ ਬਦਲੇ ਉਕਤ ਏਐਸਆਈ ਉਸ ਕੋਲੋਂ 20 ਹਜ਼ਾਰ ਰੁਪਏ ਲੈ ਚੁੱਕਾ ਹੈ। 10 ਹਜ਼ਾਰ ਰੁਪਏ ਹੋਰ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ। ਏਐਸਆਈ ਉਸ ਖਿਲਾਫ ਝੂਠਾ ਕੇਸ ਦਰਜ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ। ਪੁਲਿਸ ਅਧਿਕਾਰੀ ਵੱਲੋਂ ਰਿਸ਼ਵਤ ਦੀ ਮੰਗ ਕਰਦੇ ਸਮੇਂ ਕੀਤੀ ਗਈ ਗੱਲਬਾਤ ਦੀ ਰਿਕਾਰਡਿੰਗ ਵੀ ਵਿਜੀਲੈਂਸ ਸਾਮਣੇ ਰੱਖੀ ਗਈ। ਵਿਜੀਲੈਂਸ ਨੇ ਜਾਲ ਵਿਛਾਇਆ ਅਤੇ ਏਐਸਆਈ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਉਸਨੇ ਪਰਵੀਨ ਕੁਮਾਰ ਕੋਲੋਂ 10 ਹਜ਼ਾਰ ਰੁਪਏ ਹੋਰ ਰਿਸ਼ਵਤ ਲਈ। 

 

 

ਇਹ ਵੀ ਪੜ੍ਹੋ