ਫਗਵਾੜਾ 'ਚ ਮੇਅਰ ਦੀ ਚੋਣ ਨੂੰ ਲੈ ਕੇ ਹੰਗਾਮਾ, 5 ਸਾਲ ਮਗਰੋਂ ਵੀ ਖਾਲੀ ਰਹਿ ਗਈ ਕੁਰਸੀ 

ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਚੱਲ ਰਹੀ ਰਾਜਨੀਤਿਕ ਖਿੱਚੋਤਾਣ ਦੇ ਵਿਚਕਾਰ ਸ਼ਨੀਵਾਰ ਨੂੰ ਇਨ੍ਹਾਂ ਅਹੁਦਿਆਂ ਲਈ ਹੋਣ ਵਾਲੀਆਂ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ। ਕਮਿਸ਼ਨਰ ਮੀਟਿੰਗ ਛੱਡ ਕੇ ਉੱਥੋਂ ਚਲੇ ਗਏ। ਫਗਵਾੜਾ ਨੂੰ ਪੰਜ ਸਾਲਾਂ ਬਾਅਦ ਮਿਲਣ ਵਾਲਾ ਮੇਅਰ ਇੱਕ ਵਾਰ ਫਿਰ ਲਟਕ ਗਿਆ ਹੈ।

Courtesy: file photo

Share:

ਨਗਰ ਨਿਗਮ ਫਗਵਾੜਾ ਦੇ ਮੇਅਰ ਦਾ ਅਹੁਦਾ ਪੰਜ ਸਾਲ ਬਾਅਦ ਵੀ ਖਾਲੀ ਰਹਿ ਗਿਆ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਚੱਲ ਰਹੀ ਰਾਜਨੀਤਿਕ ਖਿੱਚੋਤਾਣ ਦੇ ਵਿਚਕਾਰ ਸ਼ਨੀਵਾਰ ਨੂੰ ਇਨ੍ਹਾਂ ਅਹੁਦਿਆਂ ਲਈ ਹੋਣ ਵਾਲੀਆਂ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ। ਹਾਲਾਂਕਿ, ਨਗਰ ਨਿਗਮ ਦੇ ਸਾਰੇ ਨਵੇਂ ਚੁਣੇ ਗਏ ਕੌਂਸਲਰਾਂ ਨੇ ਸਹੁੰ ਚੁੱਕ ਲਈ ਹੈ। ਪ੍ਰੰਤੂ ਅਹੁਦਿਆਂ ਦੀ ਚੋਣ ਨਹੀਂ ਹੋ ਸਕੀ।

ਕਾਂਗਰਸ ਨੇ ਲਾਏ ਗੰਭੀਰ ਦੋਸ਼

ਜ਼ਿਲ੍ਹਾ ਕਾਂਗਰਸ ਪ੍ਰਧਾਨ ਅਤੇ ਸਥਾਨਕ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ਨੀਵਾਰ ਨੂੰ ਮੇਅਰ ਦੀਆਂ ਚੋਣਾਂ ਨਾ ਕਰਵਾ ਕੇ ਲੋਕਤੰਤਰ ਦਾ ਕਤਲ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ-ਬਸਪਾ ਗਠਜੋੜ ਕੋਲ ਸਪੱਸ਼ਟ ਬਹੁਮਤ ਹੈ ਅਤੇ ਇਹ ਤੈਅ ਸੀ ਕਿ ਕਾਂਗਰਸ-ਬਸਪਾ ਗਠਜੋੜ ਨਗਰ ਨਿਗਮ ਫਗਵਾੜਾ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਜਿੱਤੇਗਾ। ਪਰ 'ਆਪ' ਸਰਕਾਰ ਨੇ ਤਾਕਤ ਦੀ ਵਰਤੋਂ ਕੀਤੀ ਅਤੇ ਚੋਣਾਂ ਮੁਲਤਵੀ ਕਰਵਾ ਦਿੱਤੀਆਂ। 

ਹਾਈਕੋਰਟ ਦੇ ਹੁਕਮਾਂ ਮੁਤਾਬਕ ਕੜੀ ਸੁਰੱਖਿਆ 

ਇਸਤੋਂ ਪਹਿਲਾਂ ਫਗਵਾੜਾ ਪੀਡਬਲਯੂਡੀ ਰੈਸਟ ਹਾਊਸ ਦੇ ਆਡੀਟੋਰੀਅਮ ਵਿੱਚ ਨਗਰ ਨਿਗਮ ਦੇ ਨਵੇਂ ਚੁਣੇ ਗਏ ਕੌਂਸਲਰਾਂ ਦੇ ਸਹੁੰ ਚੁੱਕ ਸਮਾਗਮ ਅਤੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਸਬੰਧੀ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਹਾਈਕੋਰਟ ਦੇ ਹੁਕਮਾਂ ਤੋਂ ਬਾਅਦ, ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਮੀਟਿੰਗ ਨੂੰ ਲੈ ਕੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਸੁਰੱਖਿਆ ਕਾਰਨਾਂ ਕਰਕੇ ਰੈਸਟ ਹਾਊਸ ਦੇ ਬਾਹਰ ਸਾਰੀਆਂ ਸੜਕਾਂ 'ਤੇ ਬੈਰੀਕੇਡ ਲਗਾਏ ਗਏ ਸਨ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਗਏ ਸਨ। ਮੀਟਿੰਗ ਵਾਲੀ ਥਾਂ 'ਤੇ ਜਾਣ ਵਾਲੇ ਸਾਰੇ ਕੌਂਸਲਰਾਂ ਦੀ ਵੀ ਚੈਕਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਮੋਬਾਈਲ ਫੋਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਸੀ।

22 ਕੌਂਸਲਰਾਂ ਨਾਲ ਕਾਂਗਰਸ ਹੈ ਵੱਡੀ ਪਾਰਟੀ 

ਸਿਰਫ਼ ਨਵੇਂ ਚੁਣੇ ਗਏ ਕੌਂਸਲਰਾਂ ਅਤੇ ਅਧਿਕਾਰਤ ਤੌਰ 'ਤੇ ਯੋਗ ਲੋਕਾਂ ਨੂੰ ਹੀ ਮੀਟਿੰਗ ਵਾਲੀ ਥਾਂ 'ਤੇ ਜਾਣ ਦੀ ਇਜਾਜ਼ਤ ਦਿੱਤੀ ਗਈ। ਦੱਸਿਆ ਜਾਂਦਾ ਹੈ ਕਿ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਪਹਿਲਾਂ ਸਹੁੰ ਚੁਕਾਈ ਗਈ। ਇਸ ਤੋਂ ਬਾਅਦ ਜਦੋਂ 'ਆਪ' ਕੌਂਸਲਰ ਵਿਪਨ ਸੂਦ ਨੂੰ ਮੇਅਰ ਅਹੁਦੇ ਦੀ ਚੋਣ ਲਈ ਪ੍ਰੀਜ਼ਾਈਡਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਤਾਂ ਮੀਟਿੰਗ ਵਿੱਚ ਮੌਜੂਦ 'ਆਪ' ਕੌਂਸਲਰਾਂ ਨੇ ਹੀ ਵਿਪਨ ਸੂਦ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਹੰਗਾਮਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਡਿਵੀਜ਼ਨਲ ਕਮਿਸ਼ਨਰ ਨੇ ਮੀਟਿੰਗ ਮੁਲਤਵੀ ਕਰ ਦਿੱਤੀ। ਕਮਿਸ਼ਨਰ ਮੀਟਿੰਗ ਛੱਡ ਕੇ ਉੱਥੋਂ ਚਲੇ ਗਏ। ਫਗਵਾੜਾ ਨੂੰ ਪੰਜ ਸਾਲਾਂ ਬਾਅਦ ਮਿਲਣ ਵਾਲਾ ਮੇਅਰ ਇੱਕ ਵਾਰ ਫਿਰ ਲਟਕ ਗਿਆ ਹੈ। ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਅੱਜ ਫਗਵਾੜਾ ਦੇ ਮੇਅਰ ਦੀ ਚੋਣ ਨਹੀਂ ਹੋ ਸਕੀ। ਇੱਥੇ ਕਾਂਗਰਸ 22 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣੀ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਸਿਰਫ਼ 12 ਸੀਟਾਂ ਹੀ ਜਿੱਤ ਸਕੀ। 

ਇਹ ਵੀ ਪੜ੍ਹੋ

Tags :