Trickster : ਦਸਵੀਂ ਪਾਸ ਦੁਕਾਨਦਾਰ ਚਲਾ ਰਿਹਾ ਸੀ ਮੋਬਾਈਲ ਚੋਰ ਗਿਰੋਹ, ਕਮਿਸ਼ਨ 'ਤੇ ਰੱਖੇ ਹੋਏ ਸਨ 20 ਲੁਟੇਰੇ, ਪੁਲਿਸ ਦੇ ਚੜ੍ਹੇ ਅੜਿੱਕੇ

ਮੁਲਜ਼ਮਾਂ ਦੀ ਪਛਾਣ ਦੁਕਾਨਦਾਰ ਗੁਰਮੀਤ ਸਿੰਘ ਉਰਫ਼ ਗੋਰਾ, ਰਮੇਸ਼ ਕੁਮਾਰ ਉਰਫ਼ ਬੱਬੀ, ਜਤਿੰਦਰ ਕੁਮਾਰ ਉਰਫ਼ ਸੋਨੂੰ, ਮਨਪ੍ਰੀਤ ਸਿੰਘ ਉਰਫ਼ ਮੰਨੂ ਵਜੋਂ ਹੋਈ ਹੈ। ਪੁਲਿਸ ਵੱਲੋਂ ਇੱਕ ਮੁਲਜ਼ਮ ਰਾਹੁਲ ਸੈਣੀ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ 225 ਮੋਬਾਈਲ, ਐਕਟਿਵਾ ਅਤੇ ਬਾਈਕ ਬਰਾਮਦ ਕੀਤੇ ਹਨ

Share:

ਹਾਈਲਾਈਟਸ

  • ਨਵੇਂ ਆਈਐੱਮਈਆਈ ਨੰਬਰ ਅਤੇ ਮਦਰਬੋਰਡ ਨਾਲ ਉਹ ਇਸ ਨੂੰ ਦਿੱਲੀ ਲਿਜਾ ਕੇ ਵੇਚਦਾ ਸੀ

Punjab News: ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਮੋਬਾਈਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗਿਰੋਹ ਨੂੰ ਚਲਾਉਣ ਵਾਲੇ ਦਸਵੀਂ ਪਾਸ ਦੁਕਾਨਦਾਰ ਨੇ 20 ਲੁਟੇਰਿਆਂ ਨੂੰ ਕਮਿਸ਼ਨ 'ਤੇ ਰੱਖਿਆ ਹੋਇਆ ਸੀ। ਲੁਟੇਰੇ ਮੋਬਾਈਲ ਲੁੱਟਣ ਤੋਂ ਬਾਅਦ ਦੁਕਾਨਦਾਰ ਨੂੰ ਵੇਚ ਦਿੰਦੇ ਸਨ। ਇਸ ਤੋਂ ਬਾਅਦ ਉਹ ਆਈਐੱਮਈਆਈ ਨੰਬਰ ਕੱਢ ਕੇ ਪਾਰਟ ਵੱਖ ਕਰ ਕੇ ਵੇਚ ਦਿੰਦਾ ਸੀ। ਇਸ ਮਾਮਲੇ ਵਿੱਚ ਪਤਾ ਲੱਗਾ ਹੈ ਕਿ ਹੁਣ ਤੱਕ ਮੁਲਜ਼ਮ 60 ਲੱਖ ਰੁਪਏ ਦੇ ਮੋਬਾਈਲ ਵੇਚ ਚੁੱਕਾ ਹੈ।

1000 ਤੋਂ 1500 ਰੁਪਏ ਵਿੱਚ ਖਰੀਦਦਾ ਸੀ ਮੋਬਾਈਲ  

ਜਾਂਚ ਦੌਰਾਨ ਸਾਹਮਣੇ ਆਇਆ ਕਿ ਗੁਰਮੀਤ ਸਿੰਘ ਨੇ 20 ਲੁਟੇਰਿਆਂ ਨੂੰ ਕਮਿਸ਼ਨ 'ਤੇ ਰੱਖਿਆ ਹੋਇਆ ਸੀ। ਉਹ ਵੱਖ-ਵੱਖ ਇਲਾਕਿਆਂ ਤੋਂ ਮੋਬਾਈਲ ਫੋਨ ਲੁੱਟ ਕੇ ਉਸ ਨੂੰ ਦੇ ਦਿੰਦੇ ਸਨ। ਗੁਰਮੀਤ 1000 ਤੋਂ 1500 ਰੁਪਏ ਵਿੱਚ ਮੋਬਾਈਲ ਖਰੀਦਦਾ ਸੀ। ਉਹ ਮੋਬਾਈਲ ਦੇ ਬਦਲੇ 150 ਰੁਪਏ ਵੱਖਰਾ ਕਮਿਸ਼ਨ ਦਿੰਦਾ ਸੀ। ਪੁਲਿਸ ਅਨੁਸਾਰ ਮੁਲਜ਼ਮ ਦੇ ਸੰਪਰਕ ਵਿੱਚ 20 ਤੋਂ ਵੱਧ ਸਨੈਚਰ ਸਨ, ਜੋ ਉਸ ਲਈ ਕੰਮ ਕਰ ਰਹੇ ਸਨ।

ਹੋਰ ਦੇਸ਼ਾਂ 'ਚ ਵੀ ਵੇਚਦਾ ਸੀ ਮੋਬਾਈਲ

ਮੁਲਜ਼ਮ ਹੁਣ ਤੱਕ 70 ਦੇ ਕਰੀਬ ਵਾਰਦਾਤਾਂ ਕਰ ਚੁੱਕੇ ਹਨ। ਗੁਰਮੀਤ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ 10ਵੀਂ ਵਿੱਚ ਫੇਲ ਹੋ ਗਿਆ ਹੈ, ਪਰ ਮੋਬਾਈਲ ਰਿਪੇਅਰ ਕਰਨ ਵਿੱਚ ਮਾਹਿਰ ਹੈ। ਪਹਿਲਾਂ ਉਹ ਲੁੱਟੇ ਗਏ ਮੋਬਾਈਲਾਂ ਵਿੱਚੋਂ ਆਈਐੱਮਈਆਈ ਨੰਬਰ ਕਲੀਅਰ ਕਰਦਾ ਸੀ। ਫਿਰ ਉਹ ਉਨ੍ਹਾਂ ਦਾ ਮਦਰਬੋਰਡ ਬਦਲ ਦਿੰਦਾ ਸੀ। ਨਵੇਂ ਆਈਐੱਮਈਆਈ ਨੰਬਰ ਅਤੇ ਮਦਰਬੋਰਡ ਨਾਲ ਉਹ ਇਸ ਨੂੰ ਦਿੱਲੀ ਲਿਜਾ ਕੇ ਵੇਚਦਾ ਸੀ। ਉਹ ਨੇਪਾਲ ਬਾਰਡਰ 'ਤੇ ਏਜੰਟਾਂ ਰਾਹੀਂ ਅਤੇ ਹੋਰ ਦੇਸ਼ਾਂ 'ਚ ਵੀ ਮੋਬਾਈਲ ਵੇਚਦਾ ਸੀ।

ਇਹ ਵੀ ਪੜ੍ਹੋ