ਅਬੋਹਰ 'ਚ ਦਰਦਨਾਕ ਸੜਕ ਹਾਦਸਾ - 2 ਦੋਸਤਾਂ ਦੀ ਮੌਤ

ਕੰਮ ਖ਼ਤਮ ਕਰਕੇ ਘਰ ਵਾਪਸ ਆ ਰਹੇ ਸੀ ਦੋਵੇਂ। ਅਣਪਛਾਤੇ ਵਹੀਕਲ ਨੇ ਮਾਰੀ ਟੱਕਰ।

Share:

ਅਬੋਹਰ ਵਿਖੇ ਦਰਦਨਾਕ ਸੜਕ ਹਾਦਸਾ ਵਾਪਰਿਆ। ਹਾਦਸੇ 'ਚ 2 ਜਿਗਰੀ ਦੋਸਤਾਂ ਦੀ ਮੌਤ ਹੋ ਗਈ।  ਸਥਾਨਕ ਸੀਤੋ ਰੋਡ ’ਤੇ ਸਥਿਤ ਮਾਂ ਸਰਸਵਤੀ ਕਾਲਜ ਨੇੜੇ ਕਿਸੇ ਅਣਪਛਾਤੇ ਵਹੀਕਲ ਨੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰ ਪਰਤ ਰਹੇ ਨੌਜਵਾਨਾਂ ਨੂੰ ਟੱਕਰ ਮਾਰੀ। ਪੁਲਿਸ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੋਰਚਰੀ ’ਚ ਰਖਵਾਇਆ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਨੌਜਵਾਨਾਂ ’ਚੋਂ ਇੱਕ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ।

ਕਿਵੇਂ ਵਾਪਰਿਆ ਹਾਦਸਾ 

ਜਾਣਕਾਰੀ ਅਨੁਸਾਰ 18 ਸਾਲਾ ਵਿਸ਼ਨੂੰ ਵਾਸੀ ਪਿੰਡ ਸੀਤੋ ਗੁੰਨੋ ਆਪਣੇ ਦੋਸਤ ਰੋਹਿਤ ਕੁਮਾਰ ਵਾਸੀ ਧੋਰਾ ਮਹਿਰਾਜਪੁਰਾ ਨਾਲ ਮੋਟਰਸਾਈਕਲ ’ਤੇ ਅਬੋਹਰ ਦੇ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਇਕ ਸ਼ੋਅਰੂਮ ਤੋਂ ਕੰਮ ਕਰਕੇ ਘਰ ਵਾਪਸ ਆ ਰਿਹਾ ਸੀ। ਜਦੋਂ ਉਹ ਸੀਤੋ ਰੋਡ ’ਤੇ ਪਹੁੰਚੇ ਤਾਂ ਤੇਜ਼ ਰਫ਼ਤਾਰ ਅਣਪਛਾਤੇ ਵਹੀਕਲ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਉੱਥੋਂ ਲੰਘ ਰਹੇ ਇੱਕ ਵਿਅਕਤੀ ਨੇ ਸੜਕ ’ਤੇ ਦੋ ਨੌਜਵਾਨਾਂ ਨੂੰ ਗੰਭੀਰ ਜ਼ਖਮੀ ਹਾਲਤ ’ਚ ਦੇਖਿਆ ਤਾਂ 108 ਐਂਬੂਲੈਂਸ ਨੂੰ ਸੂਚਨਾ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਐਂਬੂਲੈਂਸ ਮੌਕੇ ’ਤੇ ਆਈ ਅਤੇ ਦੋਵਾਂ ਨੂੰ ਜ਼ਖ਼ਮੀ ਹਾਲਤ ’ਚ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਦੋਵਾਂ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ। 

ਇਹ ਵੀ ਪੜ੍ਹੋ