ਅਧਿਆਪਕ ਵੱਲੋਂ 12ਵੀਂ ਜਮਾਤ ਦੇ ਤਿੰਨ ਵਿਦਿਆਰਥੀਆਂ ਦੀ ਬੇਰਹਿਮੀ ਨਾਲ ਕੁੱਟਮਾਰ

ਸਿੱਖਿਆ ਵਿਭਾਗ ਸੰਗਰੂਰ ਦੇ ਡਿਪਟੀ ਡੀਈਓ ਪ੍ਰੀਤਇੰਦਰ ਘਈ ਨੇ ਫ਼ੋਨ 'ਤੇ ਦੱਸਿਆ ਕਿ ਭੱਟੀਵਾਲ ਆਰਟ ਸਕੂਲ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ। ਸੋਮਵਾਰ ਨੂੰ ਮਾਮਲੇ ਦੀ ਜਾਂਚ ਕੀਤੀ ਜਾਵੇਗੀ।

Share:

ਸੰਗਰੂਰ ਦੇ ਪਿੰਡ ਭੱਟੀਵਾਲ ਕਲਾਂ ਦੇ ਸਰਕਾਰੀ ਸਕੂਲ ਦੇ ਅਧਿਆਪਕ ਵੱਲੋਂ 12ਵੀਂ ਜਮਾਤ ਦੇ ਤਿੰਨ ਵਿਦਿਆਰਥੀਆਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚਿਆਂ ਦੀ ਕੁੱਟਮਾਰ ਦਾ ਸਾਰਾ ਮਾਮਲਾ ਸਕੂਲ ਦੇ ਕਲਾਸ ਰੂਮ ਵਿੱਚ ਲੱਗੇ ਸੀਸੀਟੀਵੀ ਵਿੱਚ ਰਿਕਾਰਡ ਹੋ ਗਿਆ। ਬੱਚਿਆਂ ਨੂੰ ਵਾਲਾਂ ਤੋਂ ਖਿੱਚ ਕੇ ਥੱਪੜ ਮਾਰੇ ਗਏ। ਸਕੂਲ 'ਚ ਬੱਚਿਆਂ ਦੀ ਕੁੱਟਮਾਰ ਦੀ ਘਟਨਾ ਸ਼ੁੱਕਰਵਾਰ ਨੂੰ ਵਾਪਰੀ। ਆਰੋਪ ਹੈ ਕਿ ਜਦੋਂ ਪੀੜਤ ਬੱਚਿਆਂ ਨੇ ਪਿੰਡ ਦੇ ਸਰਪੰਚ ਨੂੰ ਮਾਮਲੇ ਬਾਰੇ ਦੱਸਿਆ ਤਾਂ ਸਕੂਲ ਪਹੁੰਚੇ ਸਰਪੰਚ ਅਤੇ ਉਸ ਦੇ ਸਾਥੀਆਂ ਨਾਲ ਉਕਤ ਅਧਿਆਪਕ ਅਤੇ ਸਟਾਫ਼ ਨੇ ਮਾੜਾ ਵਿਵਹਾਰ ਕੀਤਾ ਗਿਆ।

ਸਟਾਫ਼ ਨੇ ਵੀ ਲਾਏ ਆਰੋਪ

ਉਧਰ, ਸਕੂਲ ਦੇ ਸਟਾਫ਼ ਦਾ ਕਹਿਣਾ ਹੈ ਕਿ ਸਰਪੰਚ ਦੀਆਂ ਹਦਾਇਤਾਂ 'ਤੇ ਸਕੂਲ ਪੁੱਜੇ ਬੱਚਿਆਂ ਦੇ ਮਾਪਿਆਂ ਅਤੇ ਲੋਕਾਂ ਨੇ ਸਕੂਲ ਸਟਾਫ਼ ਨਾਲ ਹੱਥੋਪਾਈ ਵੀ ਕੀਤੀ ਅਤੇ ਉਕਤ ਅਧਿਆਪਕ ਦੀ ਕੁੱਟਮਾਰ ਵੀ ਕੀਤੀ, ਜਿਸ ਕਾਰਨ ਅਧਿਆਪਕ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ | ਮਾਮਲੇ ਸਬੰਧੀ ਸਕੂਲ ਪੁੱਜੀ ਪੁਲਿਸ ਨੇ ਮਾਮਲਾ ਸ਼ਾਂਤ ਕਰਦਿਆਂ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ, ਜਦਕਿ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਮਾਮਲੇ ਦੀ ਵਿਭਾਗੀ ਜਾਂਚ ਕਰਵਾਉਣ ਦੀ ਗੱਲ ਕਹੀ ਹੈ। ਸਕੂਲ ਦੇ ਪ੍ਰਿੰਸੀਪਲ ਵੀ ਅਧਿਆਪਕ ਦੇ ਹੱਕ ਵਿੱਚ ਖੜ੍ਹੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਬੱਚੇ ਜਦੋਂ ਸ਼ਰਾਰਤਾਂ ਕਰਦੇ ਹਨ ਤਾਂ ਉਨ੍ਹਾਂ ਨੂੰ ਸਮਝਾਉਣਾ ਪੈਂਦਾ ਹੈ। ਇਸ ਦੇ ਬਾਵਜੂਦ ਉਨ੍ਹਾਂ ਨੇ ਮਾਮਲੇ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ।

 

ਮੀਡੀਆ ਨੂੰ ਬੋਲੇ ਅਪਸ਼ਬਦ

 

ਦੂਜੇ ਪਾਸੇ ਮਾਮਲੇ ਸਬੰਧੀ ਪਿੰਡ ਦੇ ਸਰਪੰਚ ਜਸਕਰਨ ਸਿੰਘ ਲੰਬੀ ਨੇ ਦੱਸਿਆ ਕਿ ਜਦੋਂ ਸਕੂਲੀ ਬੱਚੇ ਕੁੱਟਮਾਰ ਦੀ ਸ਼ਿਕਾਇਤ ਲੈ ਕੇ ਉਨ੍ਹਾਂ ਕੋਲ ਆਏ ਤਾਂ ਉਹ ਆਪਣੇ ਇੱਕ ਦੋਸਤ ਨਾਲ ਪ੍ਰਿੰਸੀਪਲ ਨਾਲ ਗੱਲ ਕਰਨ ਲਈ ਸਕੂਲ ਗਿਆ ਸੀ ਅਤੇ ਇਸ ਦੌਰਾਨ ਇਸ ਵਾਰ ਵੀ ਸਕੂਲ ਸਟਾਫ਼ ਵੱਲੋਂ ਉਸ ਨਾਲ ਦੁਰਵਿਵਹਾਰ ਕੀਤਾ ਗਿਆ। ਜਦੋਂ ਉਹ ਪ੍ਰਿੰਸੀਪਲ ਨਾਲ ਗੱਲ ਕਰ ਰਹੇ ਸਨ ਤਾਂ ਉਕਤ ਅਧਿਆਪਕ ਨੇ ਬਾਹਰ ਬੱਚਿਆਂ ਦੇ ਮਾਪਿਆਂ ਨਾਲ ਗਾਲੀ-ਗਲੋਚ ਕਰਕੇ ਝਗੜਾ ਕਰ ਦਿੱਤਾ ਅਤੇ ਬਾਅਦ ਵਿੱਚ ਅਧਿਆਪਕ ਖੁਦ ਹਸਪਤਾਲ ਦਾਖਲ ਹੋ ਗਿਆ। ਦੂਜੇ ਪਾਸੇ ਜਦੋਂ ਮੀਡੀਆ ਨੇ ਭਵਾਨੀਗੜ੍ਹ ਹਸਪਤਾਲ ਵਿਖੇ ਉਕਤ ਅਧਿਆਪਕਾ ਨਾਲ ਗੱਲ ਕਰਨੀ ਚਾਹੀ ਤਾਂ ਉਸ ਨੇ ਉੱਥੇ ਗੱਲ ਕਰਨ ਦੀ ਬਜਾਏ ਅਪਸ਼ਬਦ ਬੋਲਦਿਆਂ ਕਿਹਾ, 'ਜੋ ਮਰਜ਼ੀ ਬੰਬ ਸੁੱਟ ਦਿਓ, ਮੈਂ ਕਿਸੇ ਤੋਂ ਡਰਦਾ ਨਹੀਂ'। 

ਇਹ ਵੀ ਪੜ੍ਹੋ