ਹਾਦਸਿਆਂ 'ਚ ਜਾਨਾਂ ਬਚਾਉਣ ਲਈ ਸੜਕਾਂ 'ਤੇ ਉਤਰੀ ਪੰਜਾਬ ਪੁਲਿਸ ਦੀ ਇਹ ਲੇਡੀ ਸਿੰਘਮ

ਆਈਪੀਐਸ ਅਧਿਕਾਰੀ ਨੇ ਖੁਦ ਲੋਕਾਂ ਨੂੰ ਵੰਡੇ ਹੈਲਮੈਟ। ਦੋ ਪਹੀਆ ਵਾਹਨ ਚਾਲਕਾਂ ਨੂੰ ਰਿਫਲੈਕਟਰ ਜਰਸੀਆਂ ਦਿੱਤੀਆਂ। ਗੱਡੀਆਂ ਉਪਰ ਰਿਫਲੈਕਟਰ ਵੀ ਲਾਏ।

Share:

ਪੰਜਾਬ ਸਰਕਾਰ ਸੂਬੇ ਅੰਦਰ ਸੜਕ ਸੁਰੱਖਿਆ ਨੂੰ ਲੈਕੇ ਕਾਰਗਰ ਕਦਮ ਚੁੱਕਣ ਦਾ ਦਾਅਵਾ ਕਰ ਰਹੀ ਹੈ। ਜਿਸਦੇ ਚੱਲਦਿਆਂ ਟਰੈਫਿਕ ਪੁਲਿਸ ਦਾ ਢਾਂਚਾ ਵੀ ਬਦਲਿਆ ਜਾ ਰਿਹਾ ਹੈ। ਇਸੇ ਲੜੀ ਤਹਿਤ ਮੁੱਖ ਮੰਤਰੀ ਦੇ ਸੜਕ ਸੁਰੱਖਿਆ ਦ੍ਰਿਸ਼ਟੀਕੋਣ ਨੂੰ ਮੁੱਖ ਰੱਖਦਿਆਂ ਪੁਲਿਸ ਨੇ ਨੈਸ਼ਨਲ ਹਾਈਵੇਅ 'ਤੇ ਸਥਿਤ ਖੰਨਾ ਸ਼ਹਿਰ 'ਚ ਧੁੰਦ ਦੇ ਵਿਚਕਾਰ ਦੋ ਵੱਡੇ ਹਾਦਸਿਆਂ ਤੋਂ ਬਾਅਦ ਜਾਗਰੂਕਤਾ ਮੁਹਿੰਮ ਚਲਾਈ। ਇਸਦੀ ਸ਼ੁਰੂਆਤ ਮੰਗਲਵਾਰ ਨੂੰ ਐਸਐਸਪੀ ਅਮਨੀਤ ਕੌਂਡਲ ਨੇ ਕੀਤੀ। ਐਸਐਸਪੀ ਨੇ ਖੁਦ ਵਾਹਨਾਂ 'ਤੇ ਰਿਫਲੈਕਟਰ ਲਗਾਏ। ਦੋ ਪਹੀਆ ਵਾਹਨ ਚਾਲਕਾਂ ਨੂੰ ਰਿਫਲੈਕਟਰ ਜਰਸੀਆਂ ਵੰਡੀਆਂ ਗਈਆਂ। ਨਿਯਮਾਂ ਦੀ ਪਾਲਣਾ ਕਰਨ ਵਾਲਿਆਂ ਨੂੰ ਫੁੱਲ ਦੇ ਕੇ ਸ਼ਲਾਘਾ ਕੀਤੀ ਗਈ। ਐਸਐਸਪੀ ਅਮਨੀਤ ਕੌਂਡਲ ਨੇ ਕਿਹਾ ਕਿ ਧੁੰਦ ਕਾਰਨ ਹਾਦਸਿਆਂ ਦਾ ਖ਼ਤਰਾ ਵੱਧ ਜਾਂਦਾ ਹੈ। ਜਿਸਦਾ ਮੁੱਖ ਕਾਰਨ ਵਧੇਰੇ ਵਾਹਨਾਂ 'ਤੇ ਰਿਫਲੈਕਟਰ ਨਾ ਲਗਾਉਣਾ ਹੈ। ਇਸ ਨਾਲ ਅੱਗੇ ਜਾ ਰਹੇ ਵਾਹਨਾਂ ਦਾ ਪਤਾ ਨਹੀਂ ਲੱਗਦਾ। ਧੁੰਦ ਦੇ ਮੌਸਮ 'ਚ ਰਿਫਲੈਕਟਰ ਲਗਾਉਣਾ ਸਭ ਤੋਂ ਜ਼ਰੂਰੀ ਹੈ। ਇਸ ਕਾਰਨ ਟਰੈਫਿਕ ਪੁਲਿਸ ਨੇ ਵਾਹਨਾਂ ’ਤੇ ਰਿਫਲੈਕਟਰ ਲਗਾ ਕੇ ਹਾਦਸਿਆਂ ਨੂੰ ਰੋਕਣ ਦਾ ਯਤਨ ਕੀਤਾ ਹੈ।

ਦੋ ਪਹੀਆ ਵਾਹਨ ਚਾਲਕਾਂ ਦੀ ਸੁਰੱਖਿਆ

ਦੋ ਪਹੀਆ ਵਾਹਨ ਚਾਲਕਾਂ ਦੀ ਸੁਰੱਖਿਆ ਨੂੰ ਲੈ ਕੇ ਟ੍ਰੈਫਿਕ ਪੁਲਿਸ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ। ਸਾਈਕਲ, ਮੋਟਰਸਾਈਕਲ ਜਾਂ ਸਕੂਟਰ ਦੀ ਸਵਾਰੀ ਕਰਨ ਵਾਲਿਆਂ ਨੂੰ ਰਿਫਲੈਕਟਰ ਜਰਸੀਆਂ ਵੰਡੀਆਂ ਗਈਆਂ। ਇੱਕ ਤਰ੍ਹਾਂ ਦਾ ਸੰਦੇਸ਼ ਇਹ ਵੀ ਦਿੱਤਾ ਗਿਆ ਹੈ ਕਿ ਅਜਿਹੀਆਂ ਜਰਸੀਆਂ ਰਾਤ ਜਾਂ ਧੁੰਦ ਵਿੱਚ ਹਾਦਸਿਆਂ ਨੂੰ ਰੋਕ ਸਕਦੀਆਂ ਹਨ। ਕਿਉਂਕਿ, ਅਕਸਰ ਦੇਖਿਆ ਜਾਂਦਾ ਹੈ ਕਿ ਸਾਈਕਲ ਜਾਂ ਹੋਰ ਦੋ ਪਹੀਆ ਵਾਹਨਾਂ 'ਤੇ ਲੱਗੇ ਰਿਫਲੈਕਟਰ ਛੋਟੇ ਹੁੰਦੇ ਹਨ। ਇਨ੍ਹਾਂ ਦੀ ਦਿੱਖ ਘੱਟ ਹੁੰਦੀ ਹੈ। ਰਿਫਲੈਕਟਰ ਜਰਸੀ ਦੂਰੋਂ ਚਮਕੇਗੀ। ਜਿਸਤੋਂ ਪਤਾ ਲੱਗੇਗਾ ਕਿ ਕੋਈ ਵਾਹਨ ਜਾ ਰਿਹਾ ਹੈ। ਅਜਿਹੇ ਵਿੱਚ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ।

NHAI ਨਾਲ ਮੀਟਿੰਗ ਕਰਨਗੇ

ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਖੰਨਾ ਵਿੱਚ ਨੈਸ਼ਨਲ ਹਾਈਵੇਅ ’ਤੇ ਹਾਦਸਿਆਂ ਨੂੰ ਰੋਕਣ ਲਈ ਟਰੈਫਿਕ ਪੁਲਿਸ ਦੀ ਟੀਮ ਕੰਮ ਕਰ ਰਹੀ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ। ਹਾਦਸਿਆਂ ਨੂੰ ਰੋਕਣ ਲਈ ਪੁਲਿਸ ਅਤੇ NHAI ਸਾਂਝੇ ਤੌਰ 'ਤੇ ਪ੍ਰਭਾਵਸ਼ਾਲੀ ਕਦਮ ਚੁੱਕਣਗੇ। ਜਿੱਥੇ ਵੀ ਸੁਧਾਰ ਦੀ ਲੋੜ ਹੈ, ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ।

ਇਹ ਵੀ ਪੜ੍ਹੋ