ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਦਿਖਾਈ ਦਬੰਗਈ,ਹਵਾ ਵਿੱਚ ਪਿਸਤੌਲ ਲਹਿਰਾਉਂਦਿਆ ਦੀ ਵੀਡੀਓ ਵਾਇਰਲ

ਅੰਮ੍ਰਿਤਸਰ ਦੀ ਇੱਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਤਿੰਨ ਨੌਜਵਾਨ ਬਾਈਕ 'ਤੇ ਸਵਾਰ ਹੋ ਕੇ ਕਿਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਹੱਥਾਂ 'ਚ ਪਿਸਤੌਲ ਹਨ।

Share:

ਹਾਈਲਾਈਟਸ

  • ਪਿਸਤੌਲ ਦੀ ਮਦਦ ਨਾਲ ਇੱਕ ਥ੍ਰੀ-ਵ੍ਹੀਲਰ ਟੈਂਪੂ ਨੂੰ ਰਸਤਾ ਲੈਣ ਲਈ ਰੋਕਿਆ ਗਿਆ

ਇਕ ਪਾਸੇ ਜਿਥੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਸੂਬੇ 'ਚ ਅਪਰਾਧ ਨੂੰ ਨੱਥ ਪਾਈ ਜਾ ਰਹੀ ਹੈ ਅਤੇ ਅਪਰਾਧ ਦਰ ਘਟ ਰਿਹਾ ਹੈ। ਉਥੇ ਹੀ ਦੂਜੇ ਪਾਸੇ ਸੂਬੇ 'ਚ ਕੁਝ ਅਜਿਹਾ ਦੇਖਣ ਨੂੰ ਮਿਲ ਰਿਹਾ ਹੈ ਜੋ ਪੰਜਾਬ ਸਰਕਾਰ ਦੇ ਇਸ ਬਿਆਨ ਨੂੰ ਗਲਤ ਸਾਬਤ ਕਰ ਰਿਹਾ ਹੈ। ਅੰਮ੍ਰਿਤਸਰ ਦੀ ਇੱਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਤਿੰਨ ਨੌਜਵਾਨ ਬਾਈਕ 'ਤੇ ਸਵਾਰ ਹੋ ਕੇ ਕਿਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਹੱਥਾਂ 'ਚ ਪਿਸਤੌਲ ਹਨ ਅਤੇ ਨੌਜਵਾਨ ਪਿਸਤੌਲ ਹਵਾ ਵਿੱਚ ਲਹਿਰਾ ਰਹੇ ਹਨ।

 

ਕਾਰ ਚਾਲਕ ਨੇ ਬਣਾਈ ਵੀਡੀਓ

ਇਹ ਵੀਡੀਓ ਅੰਮ੍ਰਿਤਸਰ ਦੇ ਅਸ਼ੋਕਾ ਚੌਕ ਦੀ ਹੈ ਜਿੱਥੇ ਰਾਤ ਸਮੇਂ ਕਿਸੇ ਅਣਪਛਾਤੇ ਕਾਰ ਚਾਲਕ ਨੇ ਇਸ ਘਟਨਾ ਨੂੰ ਆਪਣੇ ਮੋਬਾਈਲ 'ਚ ਰਿਕਾਰਡ ਕਰ ਲਿਆ। ਇਹ ਵੀਡੀਓ 29 ਸੈਕਿੰਡ ਦੀ ਹੈ, ਜਿਸ 'ਚ ਬਾਈਕ (ਪੀਬੀ-02-ਏਵੀ-6634) 'ਤੇ ਸਵਾਰ ਤਿੰਨ ਵਿਅਕਤੀ ਸੜਕ ਪਾਰ ਕਰਦੇ ਨਜ਼ਰ ਆ ਰਹੇ ਹਨ।

 

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੱਕ ਪਹੁੰਚੀ ਵੀਡੀਓ

ਬਾਈਕ ਦੇ ਪਿੱਛੇ ਬੈਠਾ ਨੌਜਵਾਨ ਹੱਥ ਵਿੱਚ ਪਿਸਤੌਲ ਲਹਿਰਾ ਰਿਹਾ ਹੈ। ਇਸੇ ਪਿਸਤੌਲ ਦੀ ਮਦਦ ਨਾਲ ਇੱਕ ਥ੍ਰੀ-ਵ੍ਹੀਲਰ ਟੈਂਪੂ ਨੂੰ ਰਸਤਾ ਲੈਣ ਲਈ ਰੋਕਿਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਉਕਤ ਚੌਕ ਵਿੱਚ ਪੁਲਿਸ ਦੀ ਨਾਕਾਬੰਦੀ ਦੇ ਬਾਵਜੂਦ ਪੁਲਿਸ ਨੇ ਇਨ੍ਹਾਂ ਬਾਈਕ ਸਵਾਰਾਂ ਨੂੰ ਰੋਕਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ। ਫਿਲਹਾਲ ਇਹ ਵੀਡੀਓ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੱਕ ਵੀ ਪਹੁੰਚ ਗਈ ਹੈ ਅਤੇ ਉਨ੍ਹਾਂ ਨੇ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੇ ਨਿਰਦੇਸ਼ ਦਿੱਤੇ ਹਨ।

 

ਸੋਮਵਾਰ ਰਾਤ ਦੀ ਹੈ ਵੀਡੀਓ

ਜਾਣਕਾਰੀ ਅਨੁਸਾਰ ਇਹ ਵੀਡੀਓ ਸੋਮਵਾਰ ਰਾਤ ਦੀ ਦੱਸੀ ਜਾ ਰਹੀ ਹੈ, ਜਦੋਂ ਮੋਟਰਸਾਈਕਲ ਸਵਾਰ ਅਸ਼ੋਕਾ ਚੌਂਕ ਨੇੜੇ ਪੈਟਰੋਲ ਪੰਪ ਰਾਹੀਂ ਰੇਲਵੇ ਰੋਡ ਤੋਂ ਭੰਡਾਰੀ ਪੁਲ ਵੱਲ ਜਾ ਰਹੇ ਸਨ। ਬਾਈਕ 'ਤੇ ਤਿੰਨ ਵਿਅਕਤੀ ਸਵਾਰ ਸਨ ਅਤੇ ਉਨ੍ਹਾਂ ਦੇ ਪਿੱਛੇ ਬੈਠੇ ਨੌਜਵਾਨ ਨੇ ਆਪਣੀ ਪਿਸਤੌਲ ਕੱਢ ਕੇ ਹਵਾ 'ਚ ਲਹਿਰਾ ਦਿੱਤੀ। ਉਸ ਨੇ ਲੰਘ ਰਹੇ ਥ੍ਰੀ-ਵ੍ਹੀਲਰ ਨੂੰ ਵੀ ਰੋਕ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਕਾਰ ਚਾਲਕ ਨੇ ਉਸ ਦੀ ਵੀਡੀਓ ਬਣਾ ਲਈ। ਇਹ ਦੇਖ ਕੇ ਕਿ ਉਸ ਦੀ ਵੀਡੀਓ ਬਣ ਰਹੀ ਹੈ, ਉਹ ਤੁਰੰਤ ਉਥੋਂ ਚਲੇ ਗਏ। ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ।

ਇਹ ਵੀ ਪੜ੍ਹੋ

Tags :