ਟਰੈਫਿਕ ਇੰਚਾਰਜ ਦਾ ਕਾਲਜ ਵਿਦਿਆਰਥੀ ਨਾਲ ਪਿਆ ਪੇਚਾ

ਸਰੇਆਮ ਚੌਂਕ 'ਚ ਕੁੱਟਮਾਰ ਕਰਨ ਦੇ ਲਾਏ ਦੋਸ਼। ਪੀੜਤ ਨੇ ਐਸਐਸਪੀ ਖੰਨਾ ਨੂੰ ਸ਼ਿਕਾਇਤ ਕਰਕੇ ਮੰਗਿਆ ਇਨਸਾਫ। ਉੱਚ ਪੱਧਰ 'ਤੇ ਬਿਠਾਈ ਗਈ ਜਾਂਚ। 

Share:

ਖੰਨਾ ਦੇ ਟ੍ਰੈਫਿਕ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਬੈਨੀਪਾਲ ਇਕ ਵਾਰ ਫਿਰ ਵਿਵਾਦਾਂ ਵਿਚ ਘਿਰੇ ਹਨ। ਇਸ ਵਾਰ ਕਾਲਜ ਦੇ ਵਿਦਿਆਰਥੀ ਨੇ ਚੌਂਕ ਵਿੱਚ ਸ਼ਰੇਆਮ ਕੁੱਟਮਾਰ ਕਰਨ ਅਤੇ ਦੁਰਵਿਵਹਾਰ ਦੇ ਦੋਸ਼ ਲਾਏ। ਐਸਐਸਪੀ ਅਮਨੀਤ ਕੌਂਡਲ ਨੂੰ ਵੀ ਸ਼ਿਕਾਇਤ ਕੀਤੀ ਗਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐੱਸਐੱਸਪੀ ਨੇ ਜਾਂਚ ਬਿਠਾਈ। ਇਸਦੀ ਰਿਪੋਰਟ ਐਸਪੀ (ਆਈ) ਡਾ: ਪ੍ਰਗਿਆ ਜੈਨ ਤੋਂ ਮੰਗੀ ਗਈ ਹੈ। ਆਪਣੀ ਸ਼ਿਕਾਇਤ ਵਿੱਚ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤ ਜਸਕਰਨ ਸਿੰਘ ਨਾਲ ਕਾਲਜ ਦਾ ਪੇਪਰ ਦੇ ਕੇ ਬੁਲਟ ’ਤੇ ਘਰ ਪਰਤ ਰਿਹਾ ਸੀ। ਲਲਹੇੜੀ ਚੌਕ 'ਚ ਕਾਫੀ ਭੀੜ ਸੀ ਇਸ ਲਈ ਉਹ ਰੁਕ ਗਏ। ਉਦੋਂ ਪਿੱਛੇ ਤੋਂ ਟਰੈਫਿਕ ਥਾਣਾ ਇੰਚਾਰਜ ਪਰਮਜੀਤ ਸਿੰਘ ਆਏ। ਜਿਸਨੇ ਆਉਂਦਿਆਂ ਹੀ ਕਿਹਾ ਕਿ ਸਾਈਲੈਂਸਰ ਪਟਾਕੇ ਮਾਰਦਾ ਹੈ। ਜਦੋਂ ਉਸਨੇ ਕਿਹਾ ਕਿ ਸਾਈਲੈਂਸਰ ਬਿਲਕੁਲ ਠੀਕ ਹੈ ਤਾਂ ਗੁੱਸੇ ਵਿਚ ਆਏ ਇੰਸਪੈਕਟਰ ਨੇ ਚੌਕ ਵਿਚ ਸ਼ਰੇਆਮ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਗਾਲੀ-ਗਲੋਚ ਕਰਦੇ ਹੋਏ ਉਨ੍ਹਾਂ ਨੂੰ ਕਾਰ 'ਚ ਬੈਠਣ ਦੀ ਧਮਕੀ ਦਿੱਤੀ ਤੇ ਕਿਹਾ ਕਿ ਤੁਹਾਨੂੰ ਦੱਸ ਦੇਈਏ ਕਿ ਪੁਲਸ ਕੀ ਹੁੰਦੀ ਹੈ। ਇਸ ਦੌਰਾਨ ਟਰੈਫਿਕ ਇੰਚਾਰਜ ਨੇ  ਬੁਲੇਟ ਦਾ ਚਲਾਨ ਕਰ ਦਿੱਤਾ। ਵਿਦਿਆਰਥੀ ਨੇ ਘਰ ਜਾ ਕੇ ਸਾਰੀ ਗੱਲ ਦੱਸੀ। ਜਿਸਤੋਂ ਬਾਅਦ ਐਸਐਸਪੀ ਨੂੰ ਸ਼ਿਕਾਇਤ ਕੀਤੀ ਗਈ। ਹਰਮਨਪ੍ਰੀਤ ਸਿੰਘ ਨੇ ਟਰੈਫਿਕ ਇੰਚਾਰਜ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ।

ਟ੍ਰੈਫਿਕ ਇੰਚਾਰਜ ਨੇ ਦਿੱਤੀ ਸਫ਼ਾਈ 

ਟ੍ਰੈਫਿਕ ਪੁਲਿਸ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਬੁਲੇਟ ਨਾਲ ਪਟਾਕੇ ਮਾਰੇ ਜਾ ਰਹੇ ਸੀ।  ਉਹਨਾਂ ਨੇ ਖੁਦ ਨੌਜਵਾਨਾਂ ਦਾ ਪਿੱਛਾ ਕੀਤਾ। ਨਿਯਮਾਂ ਦੀ ਉਲੰਘਣਾ ਕਰਨ 'ਤੇ ਚਲਾਨ ਕੱਟਿਆ। ਇਸ ਤੋਂ ਇਲਾਵਾ ਕੁਝ ਨਹੀਂ ਹੋਇਆ। ਕਿਸੇ ਨਾਲ ਦੁਰਵਿਵਹਾਰ ਜਾਂ ਕੁੱਟਮਾਰ ਨਹੀਂ ਕੀਤੀ ਗਈ। ਹਰਮਨਪ੍ਰੀਤ ਦੇ ਪਿਤਾ ਇੱਕ ਆਰਟੀਆਈ ਕਾਰਕੁੰਨ ਹਨ। ਉਹ ਅਕਸਰ ਟਰੈਫਿਕ ਪੁਲਿਸ ’ਤੇ ਦੋਸ਼ ਲਾਉਂਦੇ ਰਹਿੰਦੇ ਹਨ। ਇਹ ਵੀ ਇਸੇ ਕੜੀ ਦਾ ਹਿੱਸਾ ਹੈ। ਸਾਰੇ ਦੋਸ਼ ਝੂਠੇ ਹਨ।

 

ਇਹ ਵੀ ਪੜ੍ਹੋ