ਕੋ-ਆਪਰੇਟਿਵ ਬੈਂਕ ਚ ਚੋਰੀ ਕਰਨ ਵੜੇ ਚੋਰ ਹੋਏ ਨਾਕਾਮ,ਨਹੀਂ ਤੋੜ ਸਕੇ ਸੇਫ ਦਾ ਲਾਕਰ

ਬ੍ਰਾਂਚ ਮੈਨੇਜਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਵੀਰਵਾਰ ਸਵੇਰੇ ਜਦੋਂ ਉਨ੍ਹਾਂ ਬੈਂਕ ਖੋਲ੍ਹਿਆ ਤਾਂ ਸਾਰਾ ਸਾਮਾਨ ਖਿਲਰਿਆ ਪਿਆ ਸੀ।

Share:

ਪੰਜਾਬ ਦੇ ਅੰਮ੍ਰਿਤਸਰ ਵਿੱਚ ਚੋਰਾਂ ਵੱਲੋਂ ਇੱਕ ਕੋ-ਆਪਰੇਟਿਵ ਬੈਂਕ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਚੋਰ ਸਹਿਕਾਰੀ ਬੈਂਕ ਦੀ ਕੰਧ ਤੋੜ ਕੇ ਅੰਦਰ ਦਾਖਲ ਤਾਂ ਹੋ ਗਏ ਪਰ ਉਨ੍ਹਾਂ ਕੋਲੋ ਸੁਰੱਖਿਅਤ ਲਾਕਰ ਨਾ ਖੁੱਲ ਸਕਿਆ। ਜਿਸ ਕਾਰਨ ਇੱਕ ਵੱਡੀ ਚੋਰੀ ਹੋਣੋ ਬੱਚ ਗਈ। ਚੋਰ ਬੈਂਕ ਵਿੱਚੋਂ ਹੀਟਰ ਅਤੇ ਹੋਰ ਸਾਮਾਨ ਲੈ ਕੇ ਭੱਜ ਗਏ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਕਰਮਚਾਰੀ ਸਵੇਰੇ ਬੈਂਕ ਪਹੁੰਚੇ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸਵੇਰੇ ਬੈਂਕ ਖੁੱਲਣ ਤੇ ਲੱਗਾ ਪਤਾ

ਸਹਿਕਾਰੀ ਬੈਂਕ ਸੋਹੀਆਂ ਕਲਾਂ ਅੰਮ੍ਰਿਤਸਰ ਦੇ ਬ੍ਰਾਂਚ ਮੈਨੇਜਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਵੀਰਵਾਰ ਸਵੇਰੇ ਜਦੋਂ ਉਨ੍ਹਾਂ ਬੈਂਕ ਖੋਲ੍ਹਿਆ ਤਾਂ ਸਾਰਾ ਸਾਮਾਨ ਖਿਲਰਿਆ ਪਿਆ ਸੀ। ਉਸ ਦੇ ਨਾਲ ਸਕੱਤਰ ਸੁਰਜੀਤ ਸਿੰਘ ਅਤੇ ਗਾਰਡ ਰਮੇਸ਼ ਸਿੰਘ ਵੀ ਮੌਜੂਦ ਸਨ ਜੋ ਬੀਤੇ ਦਿਨ ਬੈਂਕ ਬੰਦ ਕਰਕੇ ਉਸ ਦੇ ਨਾਲ ਗਏ ਸਨ। ਜਦੋਂ ਉਸ ਨੇ ਬੈਂਕ ਦੇ ਅੰਦਰ ਜਾ ਕੇ ਜਾਂਚ ਕੀਤੀ ਤਾਂ ਦੇਖਿਆ ਕਿ ਬੈਂਕ ਦੀ ਪਿਛਲੀ ਕੰਧ ਵਿਚ ਵੱਡਾ ਪਾੜ ਪਿਆ ਹੋਇਆ ਸੀ। ਚੋਰ ਉੱਥੋਂ ਅੰਦਰ ਦਾਖਲ ਹੋਏ ਅਤੇ ਸੇਫ ਦਾ ਹੈਂਡਲ ਤੋੜ ਦਿੱਤਾ ਪਰ ਸ਼ਾਇਦ ਉਨ੍ਹਾਂ ਕੋਲੋ ਸੇਫ ਨਹੀਂ ਖੁੱਲੀ। ਸਟਾਫ਼ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ

ਸਟਾਫ ਅਤੇ ਪੁਲਿਸ ਵੱਲੋਂ ਬੈਂਕ ਵਿੱਚ ਚੈਕਿੰਗ ਕੀਤੀ ਗਈ। ਜਿਸ ਤੋਂ ਬਾਅਦ ਬਾਕੀ ਚੀਜ਼ਾਂ ਦੀ ਜਾਂਚ ਕੀਤੀ ਗਈ। ਜਾਂਚ 'ਚ ਸਾਹਮਣੇ ਆਇਆ ਕਿ ਬੈਂਕ ਦਾ ਰੂਮ ਹੀਟਰ, ਸੁਸਾਇਟੀ ਦਾ ਲੈਪਟਾਪ ਅਤੇ ਇਨਵਰਟਰ ਦੀ ਬੈਟਰੀ ਚੋਰੀ ਹੋ ਗਈ ਸੀ। ਥਾਣਾ ਮਜੀਠਾ ਦੀ ਪੁਲਿਸ ਨੇ ਚੋਰਾਂ ਖਿਲਾਫ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ