ਤਸਕਰਾਂ ਨੇ ਜ਼ਬਰਦਸਤੀ ਲਾਇਆ ਨਸ਼ੇ ਦਾ ਟੀਕਾ, ਨੌਜਵਾਨ ਦੀ ਮੌਤ

ਲੁਧਿਆਣਾ ਵਿਖੇ ਵਾਪਰੀ ਘਟਨਾ। ਪੁਲਿਸ ਨੇ 11 ਜਣਿਆਂ ਖਿਲਾਫ ਮੁਕੱਦਮਾ ਦਰਜ ਕੀਤਾ। 2 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

Share:

ਲੁਧਿਆਣਾ 'ਚ ਤਸਕਰਾਂ ਨੇ ਜ਼ਬਰਦਸਤੀ ਨੌਜਵਾਨ ਨੂੰ ਫੜ੍ਹ ਕੇ ਉਸਦੀ ਬਾਂਹ 'ਚ ਨਸ਼ੇ ਦਾ ਟੀਕਾ ਲਗਾ ਦਿੱਤਾ। ਓਵਰਡੋਜ਼ ਦੇ ਕਾਰਨ ਨੌਜਵਾਨ ਦੀ ਮੌਤ ਹੋ ਗਈ। ਘਟਨਾ ਪਿੰਡ ਗਾਹੀ ਭੈਣੀ ਦੇ ਰਤਨਗੜ੍ਹ ਲਿੰਕ ਰੋਡ ਵਿਖੇ ਵਾਪਰੀ। ਪੁਲਿਸ ਨੇ ਮੁਕੱਦਮਾ ਦਰਜ ਕਰਕੇ 2 ਮੁਲਜ਼ਮ ਗ੍ਰਿਫ਼ਤਾਰ ਕਰ ਲਏ।  
 
ਪਿਤਾ ਨੇ ਦੱਸੀ ਸਾਰੀ ਘਟਨਾ 
 
ਗੁਰਚਰਨ ਸਿੰਘ ਨੇ ਦੱਸਿਆ ਕਿ ਉਸਦੇ ਲੜਕੇ ਗੰਗਾ ਸਿੰਘ ਅਤੇ ਗੁਰਮੇਲ ਸਿੰਘ ਨਸ਼ੇ ਦੇ ਆਦੀ ਹਨ। ਦੋਵੇਂ ਬਿਨ੍ਹਾਂ ਦੱਸੇ ਘਰੋਂ ਚਲੇ ਗਏ ਸੀ। ਜਦੋਂ ਉਹ ਘਰ ਵਾਪਸ ਨਹੀਂ ਆਏ ਤਾਂ ਭਾਲ ਕਰਦੇ ਸਮੇਂ ਦੋਵਾਂ ਨੂੰ ਰਤਨਗੜ੍ਹ ਲਿੰਕ ਰੋਡ ਉਪਰ ਦੇਖਿਆ ਗਿਆ।  ਗੁਰਮੇਲ ਸਿੰਘ ਨੂੰ ਨਸ਼ਾ ਤਸਕਰਾਂ ਨੇ ਫੜਿਆ ਹੋਇਆ ਸੀ।  ਬਾਂਹ 'ਤੇ ਸਰਿੰਜ ਲੱਗੀ ਹੋਈ ਸੀ। ਜਦੋਂ ਰੌਲਾ ਪਾਇਆ ਗਿਆ ਤਾਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਉਸਦੇ ਦੂਜੇ ਬੇਟੇ ਗੰਗਾ ਸਿੰਘ ਨੇ ਦੱਸਿਆ ਕਿ ਉਹ ਅਕਸਰ ਇਨ੍ਹਾਂ ਵਿਅਕਤੀਆਂ ਤੋਂ ਨਸ਼ਾ ਖਰੀਦਦੇ ਰਹਿੰਦੇ ਸੀ ਪਰ ਹੁਣ ਉਹ ਨਸ਼ਾ ਛੱਡਣਾ ਚਾਹੁੰਦਾ ਸੀ। ਇਹਨਾਂ ਤਸਕਰਾਂ ਨੇ ਜ਼ਬਰਦਸਤੀ ਉਹਨਾਂ ਨੂੰ ਫੜਿਆ ਤੇ ਗੁਰਮੇਲ ਸਿੰਘ ਦੀ ਬਾਂਹ ਉਪਰ ਟੀਕਾ ਲਗਾ ਦਿੱਤਾ। ਘਰ ਆਉਂਦਿਆਂ ਗੁਰਮੇਲ ਸਿੰਘ ਦੀ ਹਾਲਤ ਬਿਗੜ ਗਈ। ਜਦੋਂ ਉਸਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰ ਨੇ ਮ੍ਰਿਤਕ ਐਲਾਨਿਆ। 
 
ਪੁਲਿਸ ਨੇ ਫੜ੍ਹੇ ਦੋ ਮੁਲਜ਼ਮ

ਪੁਲਿਸ ਨੇ ਇਸ ਮਾਮਲੇ 'ਚ ਗੁਰਪ੍ਰੀਤ ਸਿੰਘ ਗੋਪੀ, ਸ਼ੀਲੂ, ਜੋਗਿੰਦਰ ਸਿੰਘ, ਕੁਲਵੰਤ ਸਿੰਘ, ਸੁੱਖਾ ਸਿੰਘ, ਬਲਵਿੰਦਰ ਕੌਰ, ਜੋਗਿੰਦਰ ਸਿੰਘ ਤੇ ਬਲਵਿੰਦਰ ਸਿੰਘ ਖਿਲਾਫ ਮੁਕੱਦਮਾ ਦਰਜ ਕੀਤਾ। ਜੋਗਿੰਦਰ ਤੇ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹਨਾਂ ਖਿਲਾਫ ਗੈਰ ਇਰਾਦਤਨ ਕਤਲ ਦੀ ਧਾਰਾ 304, 34 ਅਧੀਨ ਮੁਕੱਦਮਾ ਦਰਜ ਕੀਤਾ ਗਿਆ। 

ਇਹ ਵੀ ਪੜ੍ਹੋ

Tags :