ਪੰਜਾਬ ਵਿੱਚ ਐੱਸਐੱਮਓ ਦੀਆਂ ਸ਼ਕਤੀਆਂ ਵਿੱਚ ਕੀਤਾ ਗਿਆ ਵਾਧਾ, ਹੁਣ 2.5 ਲੱਖ ਰੁਪਏ ਤੱਕ ਦੀਆਂ ਦਵਾਈਆਂ ਖਰੀਦ ਸਕਣਗੇ

ਮੁੱਖ ਸਕੱਤਰ ਅਨੁਰਾਗ ਵਰਮਾ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਪੰਜਾਬ ਦੇ ਮੁੱਖ ਮੰਤਰੀ ਨੇ ਲੋਕਾਂ ਦੀ ਸਿਹਤ ਲਈ ਜੋ ਸੁਪਨਾ ਦੇਖਿਆ ਹੈ, ਉਸ ਨੂੰ ਹਰ ਕੀਮਤ 'ਤੇ ਪੂਰਾ ਕੀਤਾ ਜਾਣਾ ਚਾਹੀਦਾ ਹੈ।

Share:

ਹਾਈਲਾਈਟਸ

  • ਸਰਕਾਰ ਨੇ 26 ਜਨਵਰੀ ਤੋਂ ਮੁਫਤ ਦਵਾਈਆਂ ਦੀ ਸਹੂਲਤ ਸ਼ੁਰੂ ਕੀਤੀ ਹੈ

Punjab News: ਪੰਜਾਬ ਸਰਕਾਰ ਨੇ ਹੁਣ ਲੋਕਾਂ ਦੀ ਸਹੂਲਤ ਦਾ ਧਿਆਨ ਰੱਖਦੇ ਹੋਏ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਦਵਾਈਆਂ, ਐਕਸਰੇ ਅਤੇ ਅਲਟਰਾਸਾਊਂਡ ਦੀ ਸ਼ੁਰੂਆਤ ਕਰ ਦਿੱਤੀ ਹੈ। ਜਿਸ ਦੇ ਚਲਦੇ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਇਸ ਸਹੂਲਤ ਦਾ ਜਾਇਜ਼ਾ ਲੈਣ ਲਈ ਸ਼ੁੱਕਰਵਾਰ ਨੂੰ ਮੁਹਾਲੀ ਦੇ ਜ਼ਿਲ੍ਹਾ ਸਿਵਲ ਹਸਪਤਾਲ ਦੀ ਅਚਨਚੇਤ ਚੈਕਿੰਗ ਕੀਤੀ। ਮੁੱਖ ਸਕੱਤਰ ਨੇ ਖੁਦ ਦਵਾਈਆਂ ਦੇ ਸਟਾਕ ਦੀ ਜਾਂਚ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮਰੀਜ਼ਾਂ ਨਾਲ ਮੁਲਾਕਾਤ ਵੀ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਮੁੱਖ ਸਕੱਤਰ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਪੰਜਾਬ ਦੇ ਮੁੱਖ ਮੰਤਰੀ ਨੇ ਲੋਕਾਂ ਦੀ ਸਿਹਤ ਲਈ ਜੋ ਸੁਪਨਾ ਦੇਖਿਆ ਹੈ, ਉਸ ਨੂੰ ਹਰ ਕੀਮਤ 'ਤੇ ਪੂਰਾ ਕੀਤਾ ਜਾਣਾ ਚਾਹੀਦਾ ਹੈ।

ਹਸਪਤਾਲਾਂ ਵਿੱਚ ਨਹੀਂ ਹੋਵੇਗੀ ਦਵਾਈਆਂ ਦੀ ਕੋਈ ਸਮੱਸਿਆ 

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਦੱਸਿਆ ਕਿ ਰਾਜ ਸਰਕਾਰ ਦੇ 23 ਜ਼ਿਲ੍ਹਾ ਸਰਕਾਰੀ, 41 ਸਬ-ਡਵੀਜ਼ਨਲ ਅਤੇ 162 ਸੀਐੱਚਐੱਸ ਹਨ। ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇੱਥੇ ਆਉਣ ਵਾਲੇ ਲੋਕਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ। ਲੋਕਾਂ ਨੂੰ ਇਹ ਸਹੂਲਤ ਮਿਲ ਰਹੀ ਹੈ ਜਾਂ ਨਹੀਂ ਉਹ ਇਸ ਗੱਲ ਦਾ ਜਾਇਜ਼ਾ ਲੈਣ ਆਏ ਸਨ। ਇਸ ਦੌਰਾਨ ਸਿਹਤ ਸਕੱਤਰ ਵੀ ਉਨ੍ਹਾਂ ਦੇ ਨਾਲ ਹਨ। ਸਿਹਤ ਵਿਭਾਗ ਨੇ ਕਰੀਬ ਸਾਢੇ ਤਿੰਨ ਸੌ ਜ਼ਰੂਰੀ ਦਵਾਈਆਂ ਦੀ ਸੂਚੀ ਤਿਆਰ ਕੀਤੀ ਹੈ। ਜੋ ਹਸਪਤਾਲਾਂ ਵਿੱਚ 90 ਫੀਸਦੀ ਮਰੀਜ਼ਾਂ ਨੂੰ ਮੁਹੱਈਆ ਕਰਵਾਈ ਜਾਂਦੀ ਹੈ। ਇਸ ਲਈ ਮੁੜ ਇਕਰਾਰਨਾਮੇ ਕੀਤੇ ਗਏ ਹਨ। ਅਜਿਹੇ 'ਚ ਦਵਾਈਆਂ ਦੀ ਕੋਈ ਸਮੱਸਿਆ ਨਹੀਂ ਹੋਵੇਗੀ।

ਹਸਪਤਾਲਾਂ ਨੂੰ 25 ਕਰੋੜ ਰੁਪਏ ਜਾਰੀ ਕੀਤੇ ਗਏ

ਮੁੱਖ ਸਕੱਤਰ ਨੇ ਕਿਹਾ ਕਿ ਅਜੇ ਤੱਕ ਹਸਪਤਾਲਾਂ ਵਿੱਚ ਦਵਾਈਆਂ ਨਹੀਂ ਪਹੁੰਚੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਲਈ 25 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਸ ਦੇ ਨਾਲ ਹੀ ਫੰਡ ਵੀ ਜਾਰੀ ਕਰ ਦਿੱਤੇ ਗਏ ਹਨ। ਇੰਨਾ ਹੀ ਨਹੀਂ ਹੁਣ ਦਵਾਈਆਂ ਖਰੀਦਣ ਲਈ ਐੱਸਐੱਮਓ ਦੀ ਸ਼ਕਤੀ ਵੱਧਾ ਦਿੱਤੀ ਗਈ ਹੈ। ਉਹ 2.5 ਲੱਖ ਰੁਪਏ ਤੱਕ ਆਪਣੇ ਫੰਡਾਂ ਤੋਂ ਖਰੀਦ ਕਰ ਸਕੇਗਾ। ਸਰਕਾਰ ਨੇ 26 ਜਨਵਰੀ ਤੋਂ ਮੁਫਤ ਦਵਾਈਆਂ ਦੀ ਸਹੂਲਤ ਸ਼ੁਰੂ ਕੀਤੀ ਹੈ। ਇਸ ਤੋਂ ਇਲਾਵਾ ਹੁਣ ਸਾਰੇ ਹਸਪਤਾਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ। ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। 

ਇਹ ਵੀ ਪੜ੍ਹੋ