ਜੇਲ੍ਹ ਚੋਂ ਚੱਲਦਾ ਸੀ ਲੁਟੇਰਿਆਂ ਦਾ ਨੈੱਟਵਰਕ, ਪੁਲਿਸ ਨੇ ਫੜ੍ਹੇ 6 ਮੁਲਜ਼ਮ

ਸਰਗਨਾ ਦੇ ਇਸ਼ਾਰੇ 'ਤੇ ਕਰਦੇ ਸੀ ਲੁੱਟਾਂ-ਖੋਹਾਂ। ਕਬਜ਼ੇ ਚੋਂ ਨਜਾਇਜ ਅਸਲਾ ਅਤੇ ਲੁੱਟ-ਖੋਹ ਦਾ ਸਾਮਾਨ ਬਰਾਮਦ।

Share:

ਗੁਰਦਾਸਪੁਰ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜਿਸਦਾ ਨੈੱਟਵਰਕ ਜੇਲ੍ਹ ਦੇ ਅੰਦਰੋਂ ਚੱਲਦਾ ਸੀ। ਪੁਲਿਸ ਦੀ ਇਸ ਕਾਮਯਾਬੀ ਨੇ ਇੱਕ ਵਾਰ ਮੁੜ ਤੋਂ ਜੇਲ੍ਹਾਂ ਅੰਦਰ ਮੋਬਾਇਲ਼ ਦੀ ਵਰਤੋਂ ਹੋਣ ਦਾ ਖੁਲਾਸਾ ਕੀਤਾ ਹੈ। ਇਸ ਗਿਰੋਹ ਦੇ 6 ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ। ਜਿਹਨਾਂ ਕੋਲੋਂ 2 ਪਿਸਟਲ, 3 ਮੈਗਜ਼ੀਨ, 11 ਰੌਂਦ,  2 ਮੋਟਰਸਾਈਕਲ, ਇੱਕ ਸਕੂਟਰੀ ਤੇ ਦੋ ਮੋਬਾਇਲ ਬਰਾਮਦ ਕੀਤੇ। ਐੱਸਐੱਸਪੀ ਦਾਯਮਾ ਹਰੀਸ਼ ਕੁਮਾਰ ਨੇ ਦੱਸਿਆ ਕਿ 11 ਨਵੰਬਰ ਨੂੰ ਦੀਨਾਨਗਰ ਵਿਖੇ 6 ਅਣਪਛਾਤੇ ਵਿਅਕਤੀਆਂ ਨੇ ਸੁਨਿਆਰ ਦੀ ਦੁਕਾਨ ਨੂੰ ਪਿਸਤੌਲ ਦੇ ਬਲ 'ਤੇ ਲੁੱਟਣ ਦੀ ਕੋਸ਼ਿਸ਼ ਕੀਤੀ ਸੀ। ਇਸ ਮਗਰੋਂ ਇੱਕ ਔਰਤ ਕੋਲੋਂ ਮੋਬਾਇਲ ਤੇ ਸਕੂਟਰੀ ਖੋਹਣ ਦੀ ਵਾਰਦਾਤ ਕੀਤੀ ਗਈ ਸੀ। ਇਸੇ ਗਿਰੋਹ ਨੇ ਇਹ ਵਾਰਦਾਤਾਂ ਕੀਤੀਆਂ। 
 
ਪਟਿਆਲਾ ਜੇਲ੍ਹ ਚੋਂ ਚੱਲਦਾ ਸੀ ਨੈੱਟਵਰਕ 
 
ਐੱਸਐੱਸਪੀ ਦਾਯਮਾ ਹਰੀਸ਼ ਕੁਮਾਰ ਨੇ ਦੱਸਿਆ ਕਿ ਗਿਰੋਹ ਦਾ ਸਰਗਨਾ  ਪਟਿਆਲਾ ਜੇਲ੍ਹ ਵਿੱਚ ਬੰਦ ਤਰਲੋਚਨ ਸਿੰਘ ਉਰਫ ਧੰਨਾ ਵਾਸੀ ਲਖਨਪਾਲ ਨਿਕਲਿਆ। ਜੇਲ੍ਹ ਦੇ ਅੰਦਰ ਧੰਨਾ ਮੋਬਾਇਲ਼ ਤੇ ਹੋਰ ਸਾਮਾਨ ਦੀ ਵਰਤੋਂ ਕਰਕੇ ਆਪਣੇ ਸਾਥੀਆਂ ਨੂੰ ਅਪਰਾਧ ਦੇ ਕੰਮ ਚ ਲਾਉਂਦਾ ਸੀ। ਇਹ ਗਿਰੋਹ ਲੁੱਟਾਂ ਖੋਹਾਂ ਕਰਦਾ ਸੀ। ਨਸ਼ਾ ਤਸਕਰੀ ਕੀਤੀ ਜਾਂਦੀ ਸੀ। ਇਹਨਾਂ ਦਾ ਰਿਮਾਂਡ ਹਾਸਲ ਕਰਕੇ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ। 
 
ਫੜੇ ਗਏ ਮੁਲਜ਼ਮ 
 
ਗੁਰਦਾਸਪੁਰ ਪੁਲਿਸ ਨੇ ਹਰੀਓਮ ਵਾਸੀ ਮੇਨ ਬਾਜ਼ਾਰ ਗੁਰਦਾਸਪੁਰ, ਅਰਸ਼ਦੀਪ ਸਿੰਘ ਉਰਫ ਰਾਜਾ ਵਾਸੀ ਥੰਮਣ, ਰੌਸ਼ਨ ਲਾਲ ਵਾਸੀ ਥੰਮਣ, ਰਾਮਪਾਲ  ਵਾਸੀ ਸੈਦਪੁਰ ਕਲਾਂ ਬਟਾਲਾ, ਅੰਮ੍ਰਿਤਪਾਲ ਸਿੰਘ  ਵਾਸੀ ਦਾਬਾਂ ਵਾਲਾ ਖੁਰਦ,  ਅਮਨ ਗਿੱਲ ਉਰਫ ਗੌਰਵ ਵਾਸੀ ਗੀਤਾ ਭਵਨ ਮੰਦਰ ਦੀਨਾਨਗਰ ਨੂੰ ਗ੍ਰਿਫਤਾਰ ਕੀਤਾ।  ਮੁੱਖ ਸਰਗਨਾ ਤਰਲੋਚਨ ਸਿੰਘ ਧੰਨਾ  ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 

 

 

 

ਇਹ ਵੀ ਪੜ੍ਹੋ