ਫ਼ਿਲਮ ਦੇਖਣ ਦਾ ਬਹਾਨਾ ਬਣਾ ਕੇ ਬੀਮਾ ਏਜੰਟ ਨੇ ਲਿਆ ਫਾਹਾ

ਪਤਨੀ ਤੇ ਪੁੱਤ ਨੂੰ ਦੂਜੇ ਕਮਰੇ 'ਚ ਭੇਜਿਆ। ਮਗਰੋਂ ਪੱਖੇ ਨਾਲ ਲਟਕ ਗਿਆ 35 ਸਾਲਾਂ ਦਾ ਗੁਰਪ੍ਰੀਤ ਸਿੰਘ। ਕਰਜ਼ ਦੱਸੀ ਜਾ ਰਹੀ ਖੁਦਕੁਸ਼ੀ ਦੀ ਵਜ੍ਹਾ।

Share:

ਖੰਨਾ 'ਚ ਇੱਕ ਨਿੱਜੀ ਕੰਪਨੀ ਦੇ ਬੀਮਾ ਏਜੰਟ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ (35) ਵਾਸੀ ਬੰਤ ਕਲੋਨੀ, ਆਜ਼ਾਦ ਨਗਰ ਖੰਨਾ ਵਜੋਂ ਹੋਈ। ਜਾਣਕਾਰੀ ਅਨੁਸਾਰ ਗੁਰਪ੍ਰੀਤ ਨੇ ਇਕ ਫਾਈਨਾਂਸਰ ਤੋਂ ਕਰਜ਼ਾ ਲਿਆ ਸੀ। ਜਿਸਨੂੰ ਉਹ ਵਾਪਸ ਨਹੀਂ ਮੋੜ ਸਕਿਆ। ਕਰਜ਼ੇ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਬੀਤੀ ਰਾਤ ਉਹ ਆਪਣੀ ਪਤਨੀ ਸੁਸ਼ਮਾ ਅਤੇ 13 ਸਾਲਾ ਬੇਟੇ ਨਾਲ ਕਮਰੇ ਵਿੱਚ ਟੀਵੀ ਦੇਖ ਰਿਹਾ ਸੀ। ਪਤਨੀ ਨੇ ਸੌਣ ਲਈ ਕਿਹਾ ਤਾਂ ਗੁਰਪ੍ਰੀਤ ਨੇ ਬੱਚੇ ਨੂੰ ਦੂਜੇ ਕਮਰੇ ਵਿੱਚ ਲੈ ਜਾਣ ਲਈ ਕਿਹਾ। ਗੁਰਪ੍ਰੀਤ ਨੇ ਪਤਨੀ ਨੂੰ ਕਿਹਾ ਕਿ ਉਹ ਫਿਲਮ ਦੇਖ ਕੇ ਦੂਜੇ ਕਮਰੇ ਚ ਆਵੇਗਾ। ਸੁਸ਼ਮਾ ਆਪਣੇ ਬੇਟੇ ਨਾਲ ਦੂਜੇ ਕਮਰੇ ਵਿੱਚ ਚਲੀ ਗਈ। ਕਰੀਬ ਪੌਣੇ ਘੰਟੇ ਤੱਕ ਜਦੋਂ ਗੁਰਪ੍ਰੀਤ ਕਮਰੇ 'ਚ ਸੌਣ ਨਹੀਂ ਆਇਆ ਤਾਂ ਉਸਦੀ ਪਤਨੀ ਦੇਖਣ ਲਈ ਬਾਹਰ ਨਿਕਲੀ। ਜਿਸ ਕਮਰੇ ਵਿਚ ਗੁਰਪ੍ਰੀਤ ਫਿਲਮ ਦੇਖ ਰਿਹਾ ਸੀ, ਉਸਨੂੰ ਅੰਦਰੋਂ ਬੰਦ ਕੀਤਾ ਹੋਇਆ ਸੀ। ਜਦੋਂ ਲੋਕਾਂ ਦੀ ਮਦਦ ਨਾਲ ਦਰਵਾਜ਼ਾ ਤੋੜਿਆ ਗਿਆ ਤਾਂ ਅੰਦਰ ਗੁਰਪ੍ਰੀਤ ਪੱਖੇ ਨਾਲ ਲਟਕਿਆ ਹੋਇਆ ਮਿਲਿਆ। ਜਦੋਂ ਤੱਕ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।


ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ 

ਇਸ ਸਬੰਧੀ ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਐਸਐਚਓ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਮਨਪ੍ਰੀਤ ਸਿੰਘ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਗਈ ਹੈ। ਖੁਦਕੁਸ਼ੀ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ। ਕਰਜ਼ੇ ਦੀ ਪ੍ਰੇਸ਼ਾਨੀ ਹੀ ਕਾਰਨ ਦੱਸਿਆ ਗਿਆ। 

ਇਹ ਵੀ ਪੜ੍ਹੋ