ਲਵ ਮੈਰਿਜ ਕਰਵਾਉਣ ਵਾਲੇ ਪੰਡਿਤਾਂ ਨੂੰ ਹਾਈਕੋਰਟ ਨੇ ਦਿੱਤਾ ਝਟਕਾ,ਮੈਰਿਜ ਸਰਟੀਫਿਕੇਟ ਦੀ ਜਾਂਚ ਦੇ ਹੁਕਮ

ਪ੍ਰੇਮੀ ਜੋੜੇ ਨੇ ਮਾਨਯੋਗ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਕੇ ਸੁਰੱਖਿਆ ਦੀ ਮੰਗ ਕੀਤੀ ਸੀ। ਜਿਸ ਵਿੱਚ ਅਦਾਲਤ ਨੂੰ ਦਾਇਰ ਕੀਤੇ ਗਏ ਦਸਤਾਵੇਜ਼ਾਂ ਵਿੱਚ ਮੈਰਿਜ ਸਰਟੀਫ਼ਿਕੇਟ ਦੇਖਣ ਤੋਂ ਬਾਅਦ ਸ਼ੱਕ ਹੋ ਗਿਆ

Share:

ਪੰਜਾਬ-ਹਰਿਆਣਾ ਹਾਈਕੋਰਟ ਨੇ ਲਵ ਮੈਰਿਜ ਕਰਵਾਉਣ ਵਾਲੇ ਪੁਜਾਰੀਆਂ ਖਿਲਾਫ ਵੱਡਾ ਫੈਸਲਾ ਲਿਆ ਹੈ। ਮਾਣਯੋਗ ਹਾਈਕੋਰਟ ਵਿਆਹ ਹੋਣ ਤੋਂ ਬਾਅਦ ਪੰਡਤਾਂ ਵੱਲੋਂ ਜਾਰੀ ਕੀਤੇ ਗਏ ਮੈਰਿਜ ਸਰਟੀਫ਼ਿਕੇਟਾਂ ਦੇ ਅਸਲੀ ਹੋਣ ਦੀ ਜਾਂਚ ਕਰਵਾ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਕਪੂਰਥਲਾ ਨਾਲ ਸਬੰਧਤ ਸਾਹਮਣੇ ਆਇਆ ਹੈ। ਜਿਸ ਵਿੱਚ ਦਿਆਲਪੁਰ ਕਪੂਰਥਲਾ ਦੇ ਰਹਿਣ ਵਾਲੇ ਇੱਕ ਪ੍ਰੇਮੀ ਜੋੜੇ ਨੇ ਮਾਨਯੋਗ ਹਾਈਕੋਰਟ ਵਿੱਚ ਸੁਰੱਖਿਆ ਲਈ ਪਟੀਸ਼ਨ ਦਾਇਰ ਕੀਤੀ ਹੈ। ਜਿਸ ਵਿੱਚ ਪੁਰੋਹਿਤ ਸੁਭਾਸ਼ ਚੰਦਰ ਵੱਲੋਂ ਜਾਰੀ ਸਰਟੀਫਿਕੇਟ ਤੇ ਸ਼ੱਕ ਹੋਣ ਕਾਰਨ ਐਸਐਸਪੀ ਕਪੂਰਥਲਾ ਨੂੰ ਜਾਂਚ ਦੇ ਹੁਕਮ ਦਿੱਤੇ ਗਏ ਹਨ।

ਮਿਲੀ ਜਾਣਕਾਰੀ ਅਨੁਸਾਰ ਕਪੂਰਥਲਾ ਦੇ ਪਿੰਡ ਦਿਆਲਪੁਰ ਦੇ ਰਹਿਣ ਵਾਲੇ ਰੋਮੀ ਭੱਟੀ ਨਾਂ ਦੇ ਨੌਜਵਾਨ ਨੇ 21 ਦਸੰਬਰ ਨੂੰ ਪਰਿਵਾਰ ਦੀ ਮਰਜ਼ੀ ਦੇ ਖਿਲਾਫ ਜਲੰਧਰ ਦੇ ਇਕ ਮੰਦਰ 'ਚ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਵਾ ਲਿਆ ਸੀ। ਵਿਆਹ ਤੋਂ ਬਾਅਦ ਪੁਜਾਰੀ ਸੁਭਾਸ਼ ਚੰਦਰ ਵੱਲੋਂ ਵਿਆਹ ਦਾ ਸਰਟੀਫਿਕੇਟ ਵੀ ਜਾਰੀ ਕੀਤਾ ਗਿਆ।

 

ਹਾਈਕੋਰਟ ਨੂੰ ਸਰਟੀਫਿਕੇਟ ਤੇ ਹੋਇਆ ਸ਼ੱਕ

ਪ੍ਰੇਮੀ ਜੋੜੇ ਨੇ ਮਾਨਯੋਗ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਕੇ ਸੁਰੱਖਿਆ ਦੀ ਮੰਗ ਕੀਤੀ ਸੀ। ਜਿਸ ਵਿੱਚ ਅਦਾਲਤ ਨੂੰ ਦਾਇਰ ਕੀਤੇ ਗਏ ਦਸਤਾਵੇਜ਼ਾਂ ਵਿੱਚ ਮੈਰਿਜ ਸਰਟੀਫ਼ਿਕੇਟ ਦੇਖਣ ਤੋਂ ਬਾਅਦ ਸ਼ੱਕ ਹੋ ਗਿਆ ਅਤੇ ਪਾਇਆ ਗਿਆ ਕਿ ਇਸ ਵਿੱਚ ਜਾਰੀ ਹੋਣ ਦੀ ਤਰੀਕ ਮੌਜੂਦ ਨਹੀਂ ਸੀ। ਦੂਜੇ ਪਾਸੇ ਸਰਟੀਫਿਕੇਟ 'ਤੇ ਗਵਾਹਾਂ ਦੇ ਦਸਤਖਤ ਸਨ ਪਰ ਵਿਆਹ ਦੀ ਫੋਟੋ 'ਤੇ ਕੋਈ ਗਵਾਹ ਨਹੀਂ ਸੀ। ਇਸ ਲਈ ਅਦਾਲਤ ਨੇ ਪੁੱਛਿਆ ਕਿ ਫੋਟੋ ਵਿਚ ਦੋਵੇਂ ਗਵਾਹ ਕਿਉਂ ਨਹੀਂ ਮੌਜੂਦ ਸਨ। ਜਿਸ ਦਾ ਪਟੀਸ਼ਨਰ ਧਿਰ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੀ। ਮਾਣਯੋਗ ਹਾਈਕੋਰਟ ਨੇ ਇਹ ਵੀ ਦੇਖਿਆ ਕਿ ਲੜਕੀ ਦੋ ਮਹੀਨੇ ਪਹਿਲਾਂ ਹੀ ਬਾਲਗ ਹੋਈ ਹੈ। ਅਜਿਹੀ ਸਥਿਤੀ ਵਿੱਚ ਅਦਾਲਤ ਨੇ ਵਿਆਹ ਦੇ ਸਰਟੀਫਿਕੇਟ ਦੀ ਜਾਂਚ ਕਰਨਾ ਜ਼ਰੂਰੀ ਸਮਝਦਿਆਂ ਐਸਐਸਪੀ ਕਪੂਰਥਲਾ ਨੂੰ ਜਾਂਚ ਕਰਨ ਦੇ ਹੁਕਮ ਦਿੱਤੇ।

 

ਜਾਂਚ ਵਿੱਚ ਜੁਟੀ ਪੁਲਿਸ

ਇਸ ਮਾਮਲੇ ਵਿੱਚ ਐਸਐਸਪੀ ਕਪੂਰਥਲਾ ਵਤਸਲਾ ਗੁਪਤਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਮਾਮਲਾ ਪਿੰਡ ਦਿਆਲਪੁਰ ਨਾਲ ਸਬੰਧਤ ਹੋਣ ਕਾਰਨ ਇਸ ਦੀ ਜਾਂਚ ਡੀਐਸਪੀ ਭੁਲੱਥ ਭਾਰਤ ਭੂਸ਼ਣ ਨੂੰ ਸੌਂਪੀ ਗਈ ਸੀ। ਡੀਐਸਪੀ ਭਾਰਤ ਭੂਸ਼ਣ ਨੇ ਦੱਸਿਆ ਕਿ ਜੋੜੇ ਦਾ ਜਲੰਧਰ ਦੇ ਇੱਕ ਮੰਦਰ ਵਿੱਚ ਵਿਆਹ ਹੋਇਆ ਸੀ। ਜਿਸ ਦੇ ਸਰਟੀਫਿਕੇਟ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਜਾਂਚ ਰਿਪੋਰਟ ਮਾਨਯੋਗ ਹਾਈਕੋਰਟ ਵਿੱਚ ਪੇਸ਼ ਕੀਤੀ ਜਾਵੇਗੀ।

ਇਹ ਵੀ ਪੜ੍ਹੋ