ਸੰਗਰੂਰ ਦੇ ਰਹਿਣ ਵਾਲੇ 26 ਸਾਲਾ ਨੌਜਵਾਨ ਦੀ ਕੈਨੇਡਾ ‘ਚ ਮੌਤ, ਮੌਤ ਦੇ ਕਾਰਨਾਂ ਦਾ ਅਜੇ ਤੱਕ ਨਹੀਂ ਹੋਇਆ ਖੁਲਾਸਾ

ਪਰਿਵਾਰ ਵਿੱਚ ਮਾਤਮ ਦਾ ਮਾਹੌਲ, ਮਾਂ ਨੇ ਰੋ ਕੇ ਦੱਸੀ ਸਾਰੀ ਕਹਾਣੀ, ਪੁੱਤਰ ਦੀ ਲਾਸ਼ ਨੂੰ ਵਾਪਿਸ ਲਿਆਉਣ ਦੀ ਸਰਕਾਰ ਕੋਲੋਂ ਲਗਾਈ ਗੁਹਾਰ

Share:

 

ਸੰਗਰੂਰ ਦੇ ਹਾਊਸਿੰਗ ਬੋਰਡ ਕਲੋਨੀ ਦੇ ਰਹਿਣ ਵਾਲੇ ਇੱਕ 26 ਸਾਲਾ ਨੌਜਵਾਨ ਦੀ ਕੈਨੇਡਾ ਚ ਮੌਤ ਹੋ ਗਈ। ਹਾਲਾਂਕਿ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ। ਉਧਰ ਮੌਤ ਦੀ ਖਬਰ ਜਿਵੇਂ ਹੀ ਪਰਿਵਾਰ ਕੋਲ ਪੁੱਜੀ ਤਾਂ ਘਰ ਵਿੱਚ ਮਾਤਮ ਛਾ ਗਿਆ। ਰਿਸ਼ਤੇਦਾਰ ਅਤੇ ਆਸਪਾਸ ਦੇ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ। ਜਦੋਂ ਕਿ ਪਰਿਵਾਰ ਨੇ ਸਰਕਾਰ ਤੋਂ ਉਨ੍ਹਾਂ ਦੇ ਪੁੱਤਰ ਦੀ ਲਾਸ਼ ਵਾਪਿਸ ਲਿਆਉਣ ਦੀ ਗੁਹਾਰ ਲਗਾਈ ਹੈ। 

 

8 ਮਹੀਨੇ ਪਹਿਲੇ ਵਿਦੇਸ਼ ਵਿੱਚ ਰਹਿੰਦੀ ਪਤਨੀ ਕੋਲ ਗਿਆ

ਪਰਿਵਾਰਿਕ ਮੈਂਬਰਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਮਨਿੰਦਰਜੀਤ ਸਿੰਘ ਦਾ ਵਿਆਹ ਕਰੀਬ 4 ਸਾਲ ਪਹਿਲਾਂ ਹੋਇਆ ਸੀ। ਜਿਸਦੀ ਪਤਨੀ ਵਿਆਹ ਤੋਂ ਬਾਅਦ ਕੈਨੇਡਾ ਵਿੱਚ ਚੱਲੀ ਗਈ ਸੀ। ਜਦੋਂ ਕਿ ਉਨ੍ਹਾਂ ਦਾ ਪੁੱਤਰ ਨੇ ਵੀ ਵਿਦੇਸ਼ ਜਾਣ ਲਈ ਫਾਇਲ ਲਗਾਈ ਹੋਈ ਸੀ। ਕਰੀਬ 8 ਮਹੀਨੇ ਪਹਿਲਾਂ ਉਨ੍ਹਾਂ ਦਾ ਪੁੱਤਰ ਵੀ ਕੈਨੇਡਾ ਵਿੱਚ ਰਹਿੰਦੀ ਆਪਣੀ ਪਤਨੀ ਕੋਲ ਗਿਆ ਸੀ।

 

ਵਿਦੇਸ਼ ਭੇਜਣ ਲਈ ਵੇਚੀ 3 ਏਕੜ ਜਮੀਨ

ਭਾਰੀ ਹਿਰਦੇ ਨਾਲ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਸਿਰਫ਼ ਤਿੰਨ ਏਕੜ ਜ਼ਮੀਨ ਸੀ, ਜਿਸ ਨੂੰ ਵੀ ਵਿਦੇਸ਼ ਭੇਜਣ ਲਈ ਵੇਚ ਦਿੱਤੀ। ਮ੍ਰਿਤਕ ਨੌਜਵਾਨ ਦੀ ਮਾਤਾ ਨੇ ਹੰਝੂ ਵਹਾ ਕੇ ਸਾਰੀ ਕਹਾਣੀ ਦੱਸੀ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਸਦੇ ਬੇਟੇ ਦੀ ਲਾਸ਼ ਲਿਆਉਣ ਲਈ ਸਾਡੀ ਮਦਦ ਕੀਤੀ ਜਾਵੇ।

ਇਹ ਵੀ ਪੜ੍ਹੋ

Tags :