ਠੰਡ ਨੇ ਲਈ ਬਜ਼ੁਰਗ ਦੀ ਜਾਨ

ਰਾਤ ਭਰ 76 ਸਾਲਾਂ ਦਾ ਵਿਅਕਤੀ ਘਰ ਨਹੀਂ ਆਇਆ। ਪਰਿਵਾਰ ਵਾਲੇ ਲੱਭਦੇ ਰਹੇ। ਸਵੇਰੇ ਸੜਕ ਕਿਨਾਰੇ ਤੋਂ ਲਾਸ਼ ਬਰਾਮਦ ਹੋਈ। ਕੜਾਕੇ ਦੀ ਸਰਦੀ 'ਚ ਕੰਬਦਾ ਕੰਬਦਾ ਇਹ ਵਿਅਕਤੀ ਜਾਨ ਗੁਆ ਗਿਆ। 

Share:

ਖੰਨਾ 'ਚ ਠੰਡ ਦਾ ਕਹਿਰ ਦੇਖਣ ਨੂੰ ਮਿਲਿਆ। ਕੜਾਕੇ ਦੀ ਠੰਡ ਨੇ ਇੱਕ ਬਜ਼ੁਰਗ ਦੀ ਜਾਨ ਲੈ ਲਈ। ਇਸ ਬਜ਼ੁਰਗ ਦੀ ਲਾਸ਼ ਸੜਕ ਕਿਨਾਰੇ ਪਈ ਮਿਲੀ। ਉਹ ਰਾਤ ਤੋਂ ਲਾਪਤਾ ਸੀ। ਮ੍ਰਿਤਕ ਦੀ ਪਛਾਣ ਜੰਗ ਸਿੰਘ ਵਾਸੀ ਪਿੰਡ ਡਡਹੇੜੀ ਵਜੋਂ ਹੋਈ। ਫਿਲਹਾਲ ਪੁਲਿਸ ਨੇ ਇਸ ਘਟਨਾ ਸਬੰਧੀ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

ਧੁੰਦ 'ਚ ਕਿਸੇ ਨੂੰ ਨਹੀਂ ਦਿਖਿਆ 


ਜੰਗ ਸਿੰਘ ਬੁੱਧਵਾਰ ਰਾਤ ਤੋਂ ਲਾਪਤਾ ਸੀ। ਪਰਿਵਾਰਕ ਮੈਂਬਰ ਭਾਲ ਕਰ ਰਹੇ ਸਨ। ਕਾਫੀ ਧੁੰਦ ਸੀ। ਜਿਸ ਕਾਰਨ ਸੜਕ ਕਿਨਾਰੇ ਪਏ ਇਸ ਬਜ਼ੁਰਗ ਨੂੰ ਕਿਸੇ ਨੇ ਨਹੀਂ ਦੇਖਿਆ। ਵੀਰਵਾਰ ਨੂੰ ਸਵੇਰੇ ਦੇਖਿਆ ਕਿ ਡਡਹੇੜੀ ਦੇ ਨਾਲ ਲੱਗਦੇ ਪਿੰਡ ਭਾਦਲਾ ਵਿਖੇ ਜੰਗ ਸਿੰਘ ਸੜਕ ਕਿਨਾਰੇ ਪਿਆ ਸੀ। ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਮੌਤ ਦਾ ਕਾਰਨ ਠੰਡ ਦੱਸਿਆ ਗਿਆ। ਦੂਜੇ ਪਾਸੇ ਮੰਨਿਆ ਜਾ ਰਿਹਾ ਹੈ ਕਿ ਜਦੋਂ ਜੰਗ ਸਿੰਘ ਬੁੱਧਵਾਰ ਸ਼ਾਮ ਨੂੰ ਘਰ ਪਰਤ ਰਿਹਾ ਸੀ ਤਾਂ ਸੰਭਵ ਹੈ ਕਿ ਉਹ ਕਿਸੇ ਕਾਰਨ ਸੜਕ ਕਿਨਾਰੇ ਡਿੱਗ ਗਿਆ ਹੋਵੇ। ਪਰ ਧੁੰਦ ਵਿੱਚ ਕੋਈ ਨਹੀਂ ਦੇਖ ਸਕਿਆ। ਅੱਤ ਦੀ ਠੰਡ ਕਾਰਨ ਸਾਰੀ ਰਾਤ ਉਥੇ ਪਏ ਰਹਿਣ ਕਾਰਨ ਉਸਦੀ ਜਾਨ ਚਲੀ ਗਈ। ਏਐਸਆਈ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਮੌਤ ਠੰਡ ਕਾਰਨ ਹੋਈ ਮੰਨੀ ਜਾ ਰਹੀ ਹੈ। ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਲੱਗੇਗਾ।

ਇਹ ਵੀ ਪੜ੍ਹੋ