ਨੇਪਾਲ 'ਚ ਬਾਬੇ ਨਾਨਕ ਨਾਲ ਸਬੰਧਤ ਜ਼ਮੀਨ ਦੀ ਵੱਡੀ ਖ਼ਬਰ ਆਈ ਸਾਮਣੇ

ਲੰਬੇ ਸਮੇਂ ਤੋਂ ਇਸ ਜ਼ਮੀਨ ਨੂੰ ਲੈ ਕੇ ਵਿਵਾਦ ਚੱਲਿਆ ਆ ਰਿਹਾ ਹੈ। ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਸਿੱਖ ਸੰਗਤ ਨੂੰ ਖੁਸ਼ਖਬਰੀ ਮਿਲੀ ਹੈ। 

Share:

ਨੇਪਾਲ 'ਚ ਗੁਰਦੁਆਰਾ ਨਾਨਕ ਮੱਠ ਨਾਲ ਸਬੰਧਤ ਜ਼ਮੀਨ ਨੂੰ ਲੈ ਕੇ ਰਾਹਤ ਵਾਲੀ ਖ਼ਬਰ ਸਾਮਣੇ ਆਈ ਹੈ। ਗੁਰੂ ਘਰ ਦੀ ਇਹ ਜ਼ਮੀਨ ਲੰਬੀ ਕਾਨੂੰਨੀ ਲੜਾਈ ਦੇ ਚੱਲਦਿਆਂ ਹੁਣ ਮੁੜ ਸੰਗਤ ਨੂੰ ਹੀ ਮਿਲਣ ਦੀ ਆਸ ਬੱਝੀ ਹੈ। ਜਿਸਨੂੰ ਲੈ ਕੇ ਸਰਵੇ ਕਮੇਟੀ ਦੀ ਸਹਿਮਤੀ ਰਿਪੋਰਟ ਸਾਮਣੇ ਆਈ ਹੈ। ਨਾਲ ਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵੀ ਉਪਰਾਲੇ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਟਰੱਸਟ ਦੇ ਮੁਖੀ ਡਾ. ਐੱਸਪੀਐੱਸ ਓਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਨੇਪਾਲ ਵਿੱਚ ਗੁਰੂ ਨਾਨਕ ਦੇਵ ਜੀ ਮੱਠ ਲਈ ਪੂਰੇ ਉਤਸ਼ਾਹ ਨਾਲ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਸਰਕਾਰਾਂ ਬਦਲਣ ਦੇ ਨਾਲ ਆਪਸੀ ਰਾਬਤਾ ਟੁੱਟ ਗਿਆ ਸੀ ਤੇ ਸਰਕਾਰੀ ਪੱਖ ਤੋਂ ਵੀ ਇਸ ਕੰਮ ਪ੍ਰਤੀ ਕੋਈ ਦਿਲਚਸਪੀ ਨਹੀਂ ਦਿਖਾਈ ਗਈ ਸੀ। ਹੁਣ ਉਹ ਅਗਲੇ ਮਹੀਨੇ ਨੇਪਾਲ ਜਾਣਗੇ ਤੇ ਰੁਕੀ ਕਾਰਵਾਈ ਨੂੰ ਮੁੜ ਸ਼ੁਰੂ ਕਰਾਉਣ ਲਈ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਨੇਪਾਲ ਦੀ ਸਿੱਖ ਸੰਗਤ ਵੱਲੋਂ ਸਰਕਾਰ ਦੇ ਅਜਿਹੇ ਫ਼ੈਸਲੇ ਦੀ ਬੜੀ ਤੀਬਰਤਾ ਨਾਲ ਉਡੀਕ ਕੀਤੀ ਜਾ ਰਹੀ ਹੈ, ਜਿਸ ਤੋਂ ਬਾਬੇ ਨਾਨਕ ਦੇ ਨਾਂ ਵਾਲੀ ਜ਼ਮੀਨ ਲੀਜ਼ ਵਰਗੇ ਅਦਾਲਤੀ ਹੁਕਮਾਂ ਤੋਂ ਪੱਕੇ ਤੌਰ ’ਤੇ ਮੁਕਤ ਹੋਵੇ।

 
ਸੰਨ 2013 'ਚ ਜਾਰੀ ਕੀਤਾ ਸੀ ਕਾਰਡ 
 
ਸਾਲ 2013 ਵਿੱਚ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸਪੀਐੱਸ ਓਬਰਾਏ ਨੂੰ ਨੇਪਾਲ ’ਚ ਸਥਿਤ ਭਾਰਤੀ ਰਾਜਦੂਤ ਵੱਲੋਂ ਨੇਪਾਲ ਦਾ ‘ਰਜਿਸਟਰਡ ਕਾਰਡ’ ਜਾਰੀ ਕੀਤਾ ਗਿਆ ਸੀ। ਨੇਪਾਲ ਦੇ ਤਤਕਾਲੀਨ ਪ੍ਰਧਾਨ ਮੰਤਰੀ ਭੱਟਾ ਰਾਏ ਨਾਲ ਰਾਬਤਾ ਕਰਕੇ ਗੁਰਦੁਆਰਾ ਸਾਹਿਬ ਦੀ ਜ਼ਮੀਨ ’ਚੋਂ ਇਕ ਇੰਚ ਵੀ ਬਾਹਰ ਨਾ ਜਾਣ ਦਾ ਭਰੋਸਾ ਦਿੱਤਾ ਸੀ ਅਤੇ ਗੁੱਠੀ ਸੰਸਥਾ ਨੂੰ ਜ਼ਮੀਨ ਅਤੇ ਸਥਾਪਤ ਗੁਰਦੁਆਰੇ ਦੇ ਇਤਿਹਾਸ ਤੇ ਧਾਰਮਿਕ ਪੱਖ ਤੋਂ ਰਿਪੋਰਟ ਵੀ ਮੰਗ ਲਈ ਸੀ। ਇਸ ’ਤੇ ਗੁੱਠੀ ਵੱਲੋਂ ਇਸ ਸਰਵੇ ਲਈ ਇਕ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ, ਜਿਸ ’ਚ ਤਤਕਾਲੀਨ ਪ੍ਰਧਾਨ ਮੰਤਰੀ ਭੱਟਾ ਰਾਏ ਦੀ ਪਤਨੀ ਤੇ ਨਾਨਕ ਮੱਠ ਇਲਾਕੇ ਤੋਂ ਮੈਂਬਰ ਪਾਰਲੀਮੈਂਟ ਹੀਸਿਲਾ ਯਾਮਨੀ ਵੀ ਸ਼ਾਮਲ ਸਨ। ਸੂਤਰਾਂ ਅਨੁਸਾਰ ਸਰਵੇ ਕਮੇਟੀ ਇਸ ਗੱਲੋਂ ਇੱਕਮੱਤ ਹੈ ਕਿ ਗੁਰਦੁਆਰੇ ਦੀ ਪੰਜ ਏਕੜ ਜ਼ਮੀਨ ਵਾਕਈ ਬਾਬੇ ਨਾਨਕ ਦੇ ਨਾਂ ਹੈ ਤੇ ਇਹ ਲੀਜ਼ ’ਤੇ ਨਹੀ ਦਿੱਤੀ ਜਾ ਸਕਦੀ। ਇਹ ਜਾਇਦਾਦ ਨਾਨਕ ਮੱਠ ਗੁਰਦੁਆਰੇ ਦੀ ਹੀ ਰਹੇਗੀ।
 

ਖੂਹੀ ਅੰਦਰ ਬਾਬੇ ਨਾਨਕ ਦੀ ਬਾਣੀ 

ਨੇਪਾਲ ਵਿਚ ਬਾਬੇ ਨਾਨਕ ਦੇ ਨਾਂ ਵਾਲੀ ਜ਼ਮੀਨ ਦੇ ਇੱਕ ਵੱਖਰੇ ਟੁੱਕੜੇ ’ਚ ਪੁਰਾਤਨ ਖੂਹੀ ਲੱਭੀ ਸੀ। ਜਿਸਦੇ ਅੰਦਰ ਗੁਰਮੁਖੀ ਲਿਪੀ ’ਚ ਬਾਬੇ ਨਾਨਕ ਦੀ ਬਾਣੀ ਉਕਰੀ ਹੋਈ ਹੈ। ਐੱਸਪੀ ਸਿੰਘ ਓਬਰਾਏ ਦੱਸਦੇ ਹਨ ਕਿ ਮਹੰਤਾਂ ਤੇ ਹੋਰ ਮਾਹਿਰਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਇਹ ਖੂਹੀ ਵੀ ਬਾਬੇ ਨਾਨਕ ਦੀ ਨੇਪਾਲ ਫੇਰੀ ਮੌਕੇ ਲੰਗਰ ਪ੍ਰਥਾ ਲਈ ਖ਼ੁਦਵਾਈ ਗਈ ਸੀ। ਉਂਝ ਖੂਹੀ ’ਚ ਬਾਣੀ ਵਾਲੇ ਉਕਰੇ ਪੱਥਰ ਨੂੰ ਬਾਹਰ ਫਿੱਟ ਕਰ ਦਿੱਤਾ ਗਿਆ ਹੈ ਤਾਂ ਕਿ ਸੰਗਤਾਂ ਅਸਾਨੀ ਨਾਲ ਦਰਸ਼ਨ ਕਰ ਸਕਣ। ਇਸ ਤੋਂ ਇਲਾਵਾ ਇਥੇ ਲੰਗਰ ਦੇ ਪੁਰਾਤਨ ਭਾਂਡਿਆਂ ਦਾ ਭੰਡਾਰ ਵੀ ਮਿਲਿਆ ਹੈ ਜਿਨ੍ਹਾਂ ’ਤੇ ਪੰਜਾਬੀ ਉਕਰੀ ਹੋਈ ਹੈ। ਕੁਝ ਪੁਰਾਤਨ ਟੱਲ ਤੇ ਟੱਲੀਆਂ ’ਤੇ ਗੁਰਮੁਖੀ ’ਚ ਬਾਣੀ ਅੰਕਿਤ ਮਿਲੀ ਹੈ।

 

ਜ਼ਮੀਨ ਦਾ ਇਤਿਹਾਸ 

ਗੁਰੂ ਨਾਨਕ ਦੇਵ ਜੀ  ਤੀਜੀ ਉਦਾਸੀ ਦੌਰਾਨ ਜਦੋਂ ਤਿੱਬਤ ਤੋਂ ਵਾਪਸ ਪਰਤ ਰਹੇ ਸਨ ਤਾਂ ਨੇਪਾਲ ਠਹਿਰਾਓ ਦੌਰਾਨ ਉਦੋਂ ਦੇ ਰਾਜਾ ਜੈ ਪ੍ਰਕਾਸ਼ ਮੱਲਾ ਨੇ ਉਨ੍ਹਾਂ ਦੇ ਨਾਂ ਦੋ ਸੌ ਏਕੜ ਜ਼ਮੀਨ ਪੁੰਨ ਦਾਨ ਵਜੋਂ ਕਰਵਾਈ ਸੀ। ਦਰਿਆ ਬਿਸ਼ਨੂੰਮਤੀ ਦੇ ਕੰਢੇ ਪੈਂਦੀ ਇਸ ਜ਼ਮੀਨ ’ਚ ਪੁਰਾਤਨ ਗੁਰਦੁਆਰਾ ਨਾਨਕ ਮੱਠ  ਵੀ ਮੌਜੂਦ ਹੈ ਜਿਸਦੀ ਸੰਭਾਲ ਮਹੰਤ ਸੰਪਰਦਾ ਦੇ ਹਵਾਲੇ ਹੈ। ਇੱਥੇ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਹਨ, ਜਿਸ ’ਚੋਂ ਇਕ ਬੀੜ ਹੱਥ ਲਿਖਤ ਵੀ ਹੈ। ਪੰਜਾਬੀ ਦਾ ਗਿਆਨ ਨਾ ਹੋਣ ਕਾਰਨ ਪਵਿੱਤਰ ਸਰੂਪ ਪ੍ਰਕਾਸ਼ ਤੋਂ ਵਿਹੂਣੇ ਹਨ। ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਭੁੱਲੀ ਵਿਸਰੀ ਇਸ ਵਿਰਾਸਤੀ ਥਾਂ ’ਚ ਸਥਿਤ ਇਕ ਪੁਰਾਤਨ ਖੂਹ ਦੇ ਅੰਦਰ ਗੁਰਮੁਖੀ ਲਿਪੀ ’ਚ ਗੁਰਬਾਣੀ ਦੇ ਸ਼ਬਦ ਵੀ ਉਕਰੇ ਹੋਏ ਹਨ, ਜਿਸ ਤੋਂ ਜ਼ਾਹਰ ਹੈ ਕਿ ਕਦੇ ਪੰਜਾਬੀ ਨੇਪਾਲ ’ਚ ਵੀ ਪ੍ਰਚਲਿਤ ਸੀ ਤੇ ਇਸ ਦਾ ਪਿਛੋਕੜ ਬੜਾ ਅਮੀਰ ਹੈ। ਨੇਪਾਲ ਦੀ ਰਾਜਧਾਨੀ ਕਾਠਮੰਡੂ ’ਚ ਉਥੋਂ ਦੇ ਇਕ ਰਾਜੇ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਨਾਂ ਉਕਤ ਜ਼ਮੀਨ ਕਰਵਾਈ ਗਈ ਸੀ। ਇਸ ਜ਼ਮੀਨ ਦੇ ਵਿਵਾਦ ’ਤੇ ਨੇਪਾਲ ਦੀ ਸੁਪਰੀਮ ਕੋਰਟ ਵੱਲੋਂ ਸਟੇਅ ਦੇ ਹੁਕਮ ਕੀਤੇ ਹੋਏ ਹਨ। ਇਹ ਜ਼ਮੀਨ ਦੋ ਸੌ ਏਕੜ ਸੀ ਪ੍ਰੰਤੂ ਹੁਣ ਇਹ ਪੰਜ ਏਕੜ ਹੀ ਬਚੀ ਹੈ। ਇਸ ਤੋਂ ਇਲਾਵਾ ਨੇਪਾਲ ਦੀ ਧਾਰਮਿਕ ਅਸਥਾਨਾਂ ਦੀ ਪੈਰਵੀ ਹਿੱਤ ਗਠਿਤ ਸੰਸਥਾ ‘ਕਾਠਮੰਡੂ ਗੁੱਠੀ ’ ਨੇ ਸਾਲ 2009 ਤੋਂ ਇਸ ਗੁਰਦੁਆਰੇ ਦੀ ਬਚੀ ਪੰਜ ਏਕੜ ਜ਼ਮੀਨ ਨੂੰ 36 ਸਾਲ ਲਈ ਵਪਾਰਕ ਪੱਖ ਲਈ ਲੀਜ਼ ’ਤੇ ਨਿਲਾਮ ਕਰਨ ਦਾ ਫ਼ੈਸਲਾ ਕਰ ਲਿਆ ਸੀ। ਸੁਪਰੀਮ ਕੋਰਟ ਦੇ ਕੇਸ ਦੀ ਤਿਆਰੀ ਲਈ ਜ਼ਮੀਨ ਦੇ ਦਸਤਾਵੇਜ਼ਾਂ ਦੀ ਛਾਣਬੀਣ ਕਰਨ ਲੱਗੇ ਤਾਂ ਇਸ ਗੱਲ ਦਾ ਭੇਤ ਖੁੱਲਿਆ ਕਿ ਗੁਰੂ ਨਾਨਕ ਦੇਵ ਜੀ ਦੇ ਨਾਂ ਤਾਂ ਪੰਜ ਏਕੜ ਦੀ ਬਜਾਏ ਕਰੀਬ ਦੋ ਸੌ ਏਕੜ ਜ਼ਮੀਨ ਬੋਲ ਰਹੀ ਹੈ। ਇਸ ਵੇਲੇ ਦੋ ਸੌ ਏਕੜ ’ਚੋਂ 195 ਏਕੜ ਜ਼ਮੀਨ ’ਚ ਰਿਹਾਇਸ਼ੀ ’ਤੇ ਵਪਾਰਕ ਅਦਾਰੇ ਸਥਾਪਤ ਹੋਣ ਨਾਲ ਇਹ ਜ਼ਮੀਨ ਰਾਜਧਾਨੀ ਦਾ ਹਿੱਸਾ ਬਣ ਚੁੱਕੀ ਹੈ। ਰਾਜੇ ਵੱਲੋਂ ਇਹ ਜ਼ਮੀਨ ਸਤਿਸੰਗ ਤੇ ਹਰਿਆਵਲ ਦੇ ਮਕਸਦ ਵਜੋਂ ਦਾਨ ਕੀਤੀ ਦੱਸੀ ਜਾਂਦੀ ਹੈ। ਪੰਜ ਸੌ ਸਾਲ ਪਹਿਲਾਂ ਪਹਿਲੀ ਪਾਤਸ਼ਾਹੀ ਨੂੰ ਦਾਨ ਹੋਈ ਇਸ ਜ਼ਮੀਨ ਦੇ ਭਾਲੇ ਗਏ ਦਸਤਾਵੇਜ਼ਾਂ ’ਤੇ ਰਾਜੇ ਦੇ ਪੁੱਤਰ ਦੇ ਬਕਾਇਦਾ ਗਵਾਹੀ ਵਜੋਂ ਦਸਤਖ਼ਤ ਵੀ ਦਰਜ ਹਨ।

ਇਹ ਵੀ ਪੜ੍ਹੋ