ਮਸਜਿਦ ਵਿੱਚ ਫਿਲਮ ਦੀ ਸ਼ੂਟਿੰਗ ਨੂੰ ਲੈ ਕੇ ਤਣਾਵ, ਮੌਕੇ 'ਤੇ ਪਹੁੰਚੀ ਪੁਲਿਸ

ਵਧਦੇ ਵਿਵਾਦ ਨੂੰ ਦੇਖਦੇ ਹੋਏ ਫਿਲਮ 'ਊਲ ਜਲੂਲ' ਦੇ ਨਿਰਮਾਤਾ ਕੁਲਦੀਪ ਸਿੰਘ ਨੇ ਕਿਹਾ ਕਿ ਉਹ ਮੁਸਲਿਮ ਭਾਈਚਾਰੇ ਅਤੇ ਪ੍ਰਸ਼ਾਸਨ ਨਾਲ ਗੱਲ ਕਰਨ ਤੋਂ ਬਾਅਦ ਹੀ ਸ਼ੂਟਿੰਗ ਕਰਨਗੇ। ਉਹ ਪੂਰੀ ਫਿਲਮ ਮੁਸਲਿਮ ਭਾਈਚਾਰੇ ਦੇ ਪ੍ਰਮੁੱਖ ਲੋਕਾਂ ਨੂੰ ਦਿਖਾਉਣਗੇ ਅਤੇ ਜਿਨ੍ਹਾਂ ਦ੍ਰਿਸ਼ਾਂ 'ਤੇ ਭਾਈਚਾਰੇ ਨੂੰ ਇਤਰਾਜ਼ ਹੈ, ਉਨ੍ਹਾਂ ਨੂੰ ਹਟਾ ਦਿੱਤਾ ਜਾਵੇਗਾ।

Share:

ਹਾਈਲਾਈਟਸ

  • ਫਿਲਮ ਯੂਨਿਟ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਤੋਂ ਸ਼ੂਟਿੰਗ ਸਬੰਧੀ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਲਈਆਂ ਸਨ

ਕਪੂਰਥਲਾ ਦੀ ਮੂਰੀਸ਼ ਮਸਜਿਦ ਵਿੱਚ ਹਾਲਾਤ ਉਸ ਸਮੇਂ ਤਣਾਵਪੂਰਨ ਹੋ ਗਏ, ਜਦੋਂ ਮੁਸਲਿਮ ਸੰਗਠਨਾਂ ਨੇ ਇੱਥੇ ਚੱਲ ਰਹੀ ਫਿਲਮ ਊਲ ਜਲੂਲ ਦੀ ਸ਼ੂਟਿੰਗ ਨੂੰ ਰੁਕਵਾ ਦਿੱਤਾ। ਇਸ ਦੌਰਾਨ ਭਾਰੀ ਸੰਖਿਆ ਵਿੱਚ ਪੁਲਿਸ ਮੁਲਾਜ਼ਮ ਵੀ ਮੌਕੇ ਤੇ ਪਹੁੰਚ ਗਏ ਅਤੇ ਹਾਲਾਤ ਨੂੰ ਕਾਬੂ ਕੀਤਾ ਗਿਆ। ਹਾਲਾਂਕਿ ਫਿਲਮ ਯੂਨਿਟ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਤੋਂ ਸ਼ੂਟਿੰਗ ਸਬੰਧੀ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਲਈਆਂ ਸਨ। ਇਸ ਦੇ ਬਾਵਜੂਦ ਮੁਸਲਿਮ ਸੰਗਠਨ ਇਸ ਗੱਲ 'ਤੇ ਅੜ ਗਏ ਕਿ ਮਸਜਿਦ ਦੇ ਅੰਦਰ ਕਿਸੇ ਵੀ ਫਿਲਮ ਦੀ ਸ਼ੂਟਿੰਗ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਮੁਸਲਿਮ ਭਾਈਚਾਰੇ ਦੀ ਸਹਿਮਤੀ ਲਈ ਜਾਣੀ ਚਾਹੀਦੀ ਸੀ।

ਪੁਲਿਸ ਨੇ ਕਰਾਇਆ ਸ਼ਾਂਤ

ਫਿਲਮ 'ਉਲ ਜਲੂਲ' ਦੀ ਯੂਨਿਟ ਸ਼ਨੀਵਾਰ ਨੂੰ ਮੂਰੀਸ਼ ਮਸਜਿਦ ਪਹੁੰਚੀ ਅਤੇ ਉਥੇ ਸੈੱਟ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਖਬਰ ਫੈਲਦੇ ਹੀ ਮੁਸਲਿਮ ਭਾਈਚਾਰੇ ਦੇ ਲੋਕ ਵੱਡੀ ਗਿਣਤੀ 'ਚ ਇਕੱਠੇ ਹੋ ਗਏ। ਉਨ੍ਹਾਂ ਨੇ ਮਸਜਿਦ ਦੇ ਅੰਦਰ ਫਿਲਮ ਦੀ ਸ਼ੂਟਿੰਗ 'ਤੇ ਨਾਰਾਜ਼ਗੀ ਜ਼ਾਹਰ ਕੀਤੀ। ਝਗੜੇ ਦੇ ਵਧਣ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਕਪੂਰਥਲਾ ਦੇ ਏਐੱਸਆਈ ਦਿਲਬਾਗ ਸਿੰਘ ਪੁਲਿਸ ਮੁਲਾਜ਼ਮਾਂ ਸਮੇਤ ਮੌਕੇ 'ਤੇ ਪਹੁੰਚ ਗਏ।  ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਵਿਰੋਧ ਕਰ ਰਹੇ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸ਼ਾਂਤ ਕੀਤਾ।

ਮਨਜ਼ੂਰੀ ਦੇ ਕਾਗਜ਼ ਵੀ ਦਿਖਾਏ

ਫਿਲਮ ਦੀ ਪ੍ਰੋਡਕਸ਼ਨ ਯੂਨਿਟ ਨੇ ਪੁਲਿਸ ਨੂੰ ਮਸਜਿਦ ਦੇ ਅੰਦਰ ਸ਼ੂਟਿੰਗ ਲਈ ਸਰਕਾਰ ਵੱਲੋਂ ਲਈ ਗਈ ਇਜਾਜ਼ਤ ਵੀ ਦਿਖਾਈ। ਉਧਰ, ਮੌਲਾਨਾ ਅਮਾਨਉੱਲ੍ਹਾ ਨੇ ਕਿਹਾ ਕਿ ਮਸਜਿਦ ਉਨ੍ਹਾਂ ਦੇ ਭਾਈਚਾਰੇ ਲਈ ਪਵਿੱਤਰ ਪੂਜਾ ਸਥਾਨ ਹੈ। ਇੱਥੇ ਕਿਸੇ ਵੀ ਤਰ੍ਹਾਂ ਦੇ ਨੱਚਣ ਜਾਂ ਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਜੇਕਰ ਮੁਸਲਿਮ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਈ ਕੋਸ਼ਿਸ਼ ਕੀਤੀ ਗਈ ਤਾਂ ਇਸ ਦਾ ਵਿਰੋਧ ਕੀਤਾ ਜਾਵੇਗਾ।

 

ਡੀਸੀ ਨਾਲ ਕੀਤੀ ਗੱਲ

ਉਨ੍ਹਾਂ ਨੇ ਖੁਦ ਇਸ ਮੁੱਦੇ 'ਤੇ ਕਪੂਰਥਲਾ ਦੇ ਡੀਸੀ ਕਰਨੈਲ ਸਿੰਘ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਮੁਸਲਿਮ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਤੋਂ ਜਾਣੂ ਕਰਵਾਇਆ। ਉੱਥੇ ਹੀ ਵਧਦੇ ਵਿਵਾਦ ਨੂੰ ਦੇਖਦੇ ਹੋਏ ਫਿਲਮ 'ਊਲ ਜਲੂਲ' ਦੇ ਨਿਰਮਾਤਾ ਕੁਲਦੀਪ ਸਿੰਘ ਨੇ ਕਿਹਾ ਕਿ ਉਹ ਮੁਸਲਿਮ ਭਾਈਚਾਰੇ ਅਤੇ ਪ੍ਰਸ਼ਾਸਨ ਨਾਲ ਗੱਲ ਕਰਨ ਤੋਂ ਬਾਅਦ ਹੀ ਸ਼ੂਟਿੰਗ ਕਰਨਗੇ। ਉਹ ਪੂਰੀ ਫਿਲਮ ਮੁਸਲਿਮ ਭਾਈਚਾਰੇ ਦੇ ਪ੍ਰਮੁੱਖ ਲੋਕਾਂ ਨੂੰ ਦਿਖਾਉਣਗੇ ਅਤੇ ਜਿਨ੍ਹਾਂ ਦ੍ਰਿਸ਼ਾਂ 'ਤੇ ਭਾਈਚਾਰੇ ਨੂੰ ਇਤਰਾਜ਼ ਹੈ, ਉਨ੍ਹਾਂ ਨੂੰ ਹਟਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ