ਚਾਰ ਸਾਲਾਂ ਬਾਅਦ ਹੋ ਸਕਦੀ ਹੈ ਸੁਖਦੇਵ ਸਿੰਘ ਢੀਂਡਸਾ ਦੀ ਸ਼੍ਰੋਮਣੀ ਅਕਾਲੀ ਦਲ 'ਚ ਵਾਪਸੀ

ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਤੋਂ ਬਾਅਦ ਅਕਾਲੀ ਦਲ ਵਿੱਚ ਫੁੱਟ ਸ਼ੁਰੂ ਹੋ ਗਈ ਸੀ। ਰਣਜੀਤ ਸਿੰਘ ਬ੍ਰਹਮਪੁਰਾ ਪਾਰਟੀ ਛੱਡਣ ਵਾਲੇ ਸਭ ਤੋਂ ਪਹਿਲਾਂ ਸਨ। ਇਸ ਤੋਂ ਬਾਅਦ 2019 ਵਿਚ ਸੀਨੀਅਰ ਆਗੂਆਂ ਦੀ ਅਣਦੇਖੀ ਤੋਂ ਬਾਅਦ ਢੀਂਡਸਾ ਨੇ ਵੀ 19 ਅਕਤੂਬਰ ਨੂੰ ਅਸਤੀਫਾ ਦੇ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਜ ਸਭਾ ਦੀ ਮੈਂਬਰਸ਼ਿਪ ਵੀ ਛੱਡ ਦਿੱਤੀ।

Share:

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੰਸਥਾਪਕ ਸੁਖਦੇਵ ਸਿੰਘ ਢੀਂਡਸਾ ਕਰੀਬ 4 ਸਾਲਾਂ ਬਾਅਦ ਮੁੜ ਅਕਾਲੀ ਦਲ ਵਿੱਚ ਵਾਪਸੀ ਕਰ ਸਕਦੇ ਹਨ। ਹਾਲ ਹੀ ਵਿੱਚ ਅਕਾਲੀ ਦਲ ਦੇ 103ਵੇਂ ਸਥਾਪਨਾ ਦਿਵਸ ਮੌਕੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਨਾਰਾਜ਼ ਅਕਾਲੀ ਆਗੂਆਂ ਨੂੰ ਵਾਪਸ ਆਉਣ ਦੀ ਅਪੀਲ ਕੀਤੀ ਸੀ। ਜਿਸ ਤੋਂ ਬਾਅਦ ਸੁਖਦੇਵ ਢੀਂਡਸਾ ਨੇ ਮੁੜ ਤੋਂ ਵਾਪਸੀ ਦੇ ਸੰਕੇਤ ਦਿੱਤੇ ਹਨ।
ਅਕਾਲੀ ਦਲ (ਸੰਯੁਕਤ) ਦੇ ਦੂਜੇ ਮੋਢੀ ਰਣਜੀਤ ਸਿੰਘ ਬ੍ਰਹਮਪੁਰਾ ਦੀ ਮੌਤ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਇਕੱਲੇ ਹੋ ਗਏ ਹਨ। ਕੁਝ ਦਿਨ ਪਹਿਲਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੇ ਕਾਰਜਕਾਲ ਦੌਰਾਨ ਹੋਈਆਂ ਬੇਅਦਬੀਆਂ ਲਈ ਮੁਆਫ਼ੀ ਮੰਗੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰੇ ਨਾਰਾਜ਼ ਆਗੂਆਂ ਤੋਂ ਆਪਣਾ ਗੁੱਸਾ ਤਿਆਗ ਕੇ ਵਾਪਸ ਆਉਣ ਦੀ ਅਪੀਲ ਕੀਤੀ ਅਤੇ ਨਾਲ ਹੀ ਉਨ੍ਹਾਂ ਦੇ ਦਿਲਾਂ ਨੂੰ ਠੇਸ ਪਹੁੰਚਾਉਣ ਲਈ ਮੁਆਫੀ ਵੀ ਮੰਗੀ।

ਸੁਖਬੀਰ ਬਾਦਲ ਦੇ ਬਿਆਨ 'ਤੇ ਕਰਾਂਗੇ ਵਿਚਾਰ

ਸੁਖਬੀਰ ਬਾਦਲ ਨੇ ਕਿਹਾ ਸੀ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਸਾਨੂੰ ਇੱਕ ਝੰਡੇ ਹੇਠ ਆਉਣਾ ਪਵੇਗਾ। ਇਹ ਸੁਣ ਕੇ ਸੁਖਦੇਵ ਢੀਂਡਸਾ ਨੇ ਹਾਂ-ਪੱਖੀ ਜਵਾਬ ਦਿੰਦਿਆਂ ਇਹ ਵੀ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਮੀਟਿੰਗ ਦੌਰਾਨ ਇੱਕ ਝੰਡੇ ਹੇਠ ਇਕੱਠੇ ਹੋਣ ਵਾਲੇ ਸੁਖਬੀਰ ਬਾਦਲ ਦੇ ਬਿਆਨ 'ਤੇ ਵਿਚਾਰ ਕਰਨਗੇ।

ਢੀਂਡਸਾ ਦੇ ਜਵਾਬ ਤੋਂ ਅਕਾਲੀ ਦਲ ਵਿੱਚ ਖੁਸ਼ੀ 

ਸੁਖਦੇਵ ਢੀਂਡਸਾ ਵੱਲੋਂ ਹੁੰਗਾਰਾ ਮਿਲਣ ਤੋਂ ਬਾਅਦ ਅਕਾਲੀ ਦਲ ਵੀ ਇਸ ਤੋਂ ਖੁਸ਼ ਹੋ ਗਿਆ ਹੈ। ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਵੀ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਦੌਰਾਨ ਢੀਂਡਸਾ ਦੇ ਜਵਾਬ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਸੁਖਦੇਵ ਢੀਂਡਸਾ ਦਾ ਪਾਰਟੀ ਵਿੱਚ ਬਹੁਤ ਸਤਿਕਾਰ ਹੈ। ਭਾਵੇਂ ਕੁਝ ਸਮੇਂ ਤੋਂ ਸਿਆਸੀ ਪੱਧਰ 'ਤੇ ਦੂਰੀ ਬਣੀ ਹੋਈ ਸੀ ਪਰ ਪਰਿਵਾਰਕ ਪੱਧਰ 'ਤੇ ਬਾਦਲ ਪਰਿਵਾਰ ਅਤੇ ਢੀਂਡਸਾ ਪਰਿਵਾਰ ਨੇ ਹਮੇਸ਼ਾ ਹੀ ਇਕ ਦੂਜੇ ਦਾ ਸਤਿਕਾਰ ਕੀਤਾ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਮੌਤ 'ਤੇ ਸੁਖਦੇਵ ਢੀਂਡਸਾ ਵੀ ਪੁੱਜੇ ਸਨ। ਇੰਨਾ ਹੀ ਨਹੀਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਢੀਂਡਸਾ ਨਾਲ ਗੱਲਬਾਤ ਕਰਦੇ ਰਹਿੰਦੇ ਹਨ।

2021 'ਚ ਅਕਾਲੀ ਦਲ (ਸੰਯੁਕਤ) ਦਾ ਗਠਨ 

2021 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ (ਸੰਯੁਕਤ) ਦਾ ਗਠਨ ਕੀਤਾ ਗਿਆ ਸੀ। ਇਸ ਵਿੱਚ ਅਕਾਲੀ ਦਲ ਟਕਸਾਲੀ ਅਤੇ ਅਕਾਲੀ ਦਲ ਡੈਮੋਕ੍ਰੇਟਿਕ ਪਾਰਟੀਆਂ ਦਾ ਰਲੇਵਾਂ ਕੀਤਾ ਗਿਆ। ਜਿਸ ਦੇ ਮੋਢੀ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਢੀਂਡਸਾ ਸਨ।

ਇਹ ਵੀ ਪੜ੍ਹੋ