ਸੁਖਬੀਰ ਬਾਦਲ ਦਾ ਮੁਆਫੀਨਾਮਾ ਰੱਦ ! ਪ੍ਰਧਾਨਗੀ ਤੋਂ ਮੰਗਿਆ ਅਸਤੀਫ਼ਾ

ਕੁੱਝ ਸਿੱਖ ਸ਼ਖਸੀਅਤਾਂ ਨੇ ਅਕਾਲੀ ਦਲ ਪ੍ਰਧਾਨ ਦੀ ਮੁਆਫੀ ਦੇ ਤਰੀਕੇ ਨੂੰ ਲੈ ਕੇ ਸਵਾਲ ਚੁੱਕੇ ਹਨ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਮਣੇ ਪੇਸ਼ ਹੋ ਕੇ ਮੁਆਫੀ ਮੰਗਣ ਦੀ ਮੰਗ ਕੀਤੀ ਗਈ ਹੈ। 

Share:

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਮੁਆਫੀਨਾਮੇ ਨੂੰ  ਰੱਦ ਕਰਨ ਦੀ ਖ਼ਬਰ ਸਾਮਣੇ ਆਈ ਹੈ।  ਸੁਖਬੀਰ ਬਾਦਲ ਦੇ ਮੁਆਫ਼ੀ ਮੰਗਣ ਦੇ ਤਰੀਕੇ ਉਪਰ ਵੀ ਸਵਾਲ ਉਠਾਏ ਗਏ ਹਨ। ਇਸਦੇ ਨਾਲ ਹੀ ਸਪੱਸ਼ਟ ਕੀਤਾ ਗਿਆ ਹੈ ਕਿ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਕੋਲ ਪੇਸ਼ ਹੋਣਾ ਪਵੇਗਾ। ਇਸ ਮਗਰੋਂ ਪੰਜ ਸਿੰਘ ਸਾਹਿਬਾਨ ਉਨ੍ਹਾਂ ਨੂੰ ਬਣਦੀ ਧਾਰਮਿਕ ਤਨਖ਼ਾਹ ਲਾਉਣਗੇ ਤਾਂ ਹੀ ਖਾਲਸਾ ਪੰਥ ਉਨ੍ਹਾਂ ਨੂੰ ਮੁਆਫ਼ ਕਰੇਗਾ। ਦੱਸ ਦਈਏ ਕਿ ਅਕਾਲੀ ਦਲ ਸੰਯੁਕਤ ਦੇ ਭਾਈ ਮੋਹਕਮ ਸਿੰਘ, ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਪੰਜਾਬ ਇਕਾਈ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਤੇ ਸਾਬਕਾ ਪੰਜ ਪਿਆਰਿਆਂ ਵਿੱਚੋਂ ਭਾਈ ਮੇਜਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਬੇਅਦਬੀਆਂ ਦੇ ਮਾਮਲੇ ਵਿੱਚ ਸਿੱਖ ਕੌਮ ਕੋਲੋਂ ਮੁਆਫ਼ੀ ਮੰਗਣ ਦੇ ਤਰੀਕੇ ’ਤੇ ਇਤਰਾਜ਼ ਪ੍ਰਗਟਾਇਆ ਹੈ।

ਪ੍ਰਧਾਨਗੀ ਤੋਂ ਮੰਗਿਆ ਅਸਤੀਫਾ 

ਸਿੱਖ ਸ਼ਖਸੀਅਤਾਂ ਨੇ ਕਿਹਾ ਹੈ ਕਿ ਇਸ ਮੁਆਫ਼ੀ ਨੂੰ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਵੀਰਵਾਰ ਨੂੰ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਜਦੋਂ ਤਕ ਸ੍ਰੀ ਅਕਾਲ ਤਖ਼ਤ ਦੇ ਵਿਧੀ ਵਿਧਾਨ ਤੇ ਮਰਿਆਦਾ ਅਨੁਸਾਰ ਲਿਖਤੀ ਤੌਰ ’ਤੇ ਆਪਣੇ ਜੁਰਮਾਂ ਦਾ ਕਬੂਲਨਾਮਾ ਲੈ ਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਕੋਲ ਪੇਸ਼ ਨਹੀਂ ਹੁੰਦੇ ਤੇ ਪੰਜ ਸਿੰਘ ਸਾਹਿਬਾਨ ਉਸ ਨੂੰ ਬਣਦੀ ਧਾਰਮਿਕ ਤਨਖ਼ਾਹ ਨਹੀਂ ਲਾਉਂਦੇ, ਓਨੀ ਦੇਰ ਖਾਲਸਾ ਪੰਥ ਉਸਨੂੰ ਕਦੇ ਮੁਆਫ਼ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਜੋ ਪੰਥਕ ਏਕਤਾ ਦੀ ਅਪੀਲ ਕੀਤੀ ਗਈ ਹੈ, ਉਹ ਵੀ ਉਦੋਂ ਤੱਕ ਨਹੀਂ ਹੋ ਸਕਦੀ, ਜਦੋਂ ਤਕ ਝੂੰਦਾਂ ਕਮੇਟੀ ਦੀ ਰਿਪੋਰਟ ਅਨੁਸਾਰ ਉਹ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਨਹੀਂ ਦਿੰਦੇ ਤੇ ਅਕਾਲ ਤਖ਼ਤ ਤੋਂ ਵਿਧੀ ਵਿਧਾਨ ਅਨੁਸਾਰ ਮੁਆਫ਼ੀ ਨਹੀਂ ਮੰਗਦੇ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੇ ਕੇਂਦਰ ਸਰਕਾਰ ਵਿੱਚ ਕੈਬਨਿਟ ਮੰਤਰੀ ਹੁੰਦਿਆਂ ਨਾ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕੀਤੀ ਨਾ ਹੀ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਇਆ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਇਨ੍ਹਾਂ ਦੀ ਸਰਕਾਰ ਸੀ, ਉਸ ਸਮੇਂ ਬੰਦੀ ਸਿੰਘਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ਇਸ ਨਾਲ ਪੰਜਾਬ ਦੀ ਅਮਨ ਸ਼ਾਂਤੀ ਭੰਗ ਹੋ ਸਕਦੀ ਹੈ।

ਇਹ ਵੀ ਪੜ੍ਹੋ