ਪੀਜੀਆਈ ਚੰਡੀਗੜ੍ਹ 'ਚ ਅਜੀਬੋ-ਗਰੀਬ ਮਾਮਲਾ, ਔਰਤ ਦੀ ਜਾਨ ਖ਼ਤਰੇ 'ਚ

ਮਹਿਲਾ ਵਾਰਡ 'ਚ ਦਾਖ਼ਲ ਇੱਕ ਔਰਤ ਨੂੰ ਕੋਈ ਅਣਪਛਾਤੀ ਲੜਕੀ ਟੀਕਾ ਲਗਾ ਕੇ ਫ਼ਰਾਰ ਹੋ ਗਈ। ਜਿਸ ਮਗਰੋਂ ਮਹਿਲਾ ਮਰੀਜ਼ ਦੀ ਹਾਲਤ ਬੇਹੱਦ ਨਾਜ਼ੁਕ ਹੈ।

Share:

ਚੰਡੀਗੜ੍ਹ ਦੇ ਪੀਜੀਆਈ 'ਚ ਇੱਕ ਔਰਤ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਇਸ ਔਰਤ ਨੂੰ ਕੋਈ ਅਣਪਛਾਤੀ ਲੜਕੀ ਟੀਕਾ ਲਗਾ ਕੇ ਫਰਾਰ ਹੋ ਗਈ। ਇਹ ਵੱਖਰੀ ਕਿਸਮ ਦਾ ਮਾਮਲਾ ਹੈ। ਔਰਤ ਹੁਣ ਵੈਂਟੀਲੇਟਰ 'ਤੇ ਹੈ। ਇਸ ਘਟਨਾ ਸਬੰਧੀ ਸੈਕਟਰ-11 ਥਾਣਾ ਪੁਲਿਸ ਨੇ ਪੀੜਤ ਔਰਤ ਦੀ ਰਿਸ਼ਤੇਦਾਰ ਜਤਿੰਦਰ ਕੌਰ ਵਾਸੀ ਰਾਜਪੁਰਾ ( ਪਟਿਆਲਾ)  ਦੀ ਸ਼ਿਕਾਇਤ ’ਤੇ ਅਣਪਛਾਤੀ ਲੜਕੀ ਖ਼ਿਲਾਫ਼ ਕੇਸ ਦਰਜ ਕਰ ਲਿਆ। 
 
ਕੀ ਹੈ ਪੂਰਾ ਮਾਮਲਾ 
 
ਸ਼ਿਕਾਇਤਕਰਤਾ ਜਤਿੰਦਰ ਕੌਰ ਨੇ ਦੱਸਿਆ ਕਿ ਉਸਦੇ ਭਰਾ ਗੁਰਵਿੰਦਰ ਦੀ ਪਤਨੀ ਹਰਮੀਤ ਕੌਰ ਨੂੰ 3 ਨਵੰਬਰ ਨੂੰ ਜਣੇਪੇ ਦਾ ਦਰਦ ਸ਼ੁਰੂ ਹੋਇਆ ਸੀ। ਹਰਮੀਤ ਨੂੰ ਬਨੂੜ ਦੇ ਇੱਕ ਪ੍ਰਾਈਵੇਟ ਕਲੀਨਿਕ ਵਿਖੇ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਸਦੀ ਡਿਲੀਵਰੀ ਹੋਈ। ਇਸਤੋਂ ਬਾਅਦ ਹਰਮੀਤ ਕੌਰ ਨੂੰ ਕਿਡਨੀ ਦੀ ਸਮੱਸਿਆ ਹੋ ਗਈ। ਇਸ ਕਾਰਨ ਹਰਮੀਤ ਨੂੰ ਬਨੂੜ ਤੋਂ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ।  ICU 'ਚ ਇਲਾਜ ਚੱਲ ਰਿਹਾ ਸੀ। ਜਿੱਥੇ ਇਲਾਜ ਦੌਰਾਨ ਸਿਹਤ ਵਿੱਚ ਸੁਧਾਰ ਹੋਇਆ। ਹਰਮੀਤ ਨੂੰ ਪੀਜੀਆਈ ਦੇ ਨਹਿਰੂ ਬਲਾਕ  ਸਥਿਤ ਮਹਿਲਾ ਵਾਰਡ ਸ਼ਿਫਟ ਕਰ ਦਿੱਤਾ ਗਿਆ। ਇਸੇ ਦੌਰਾਨ ਇੱਕ ਲੜਕੀ ਵਾਰਡ 'ਚ ਆਈ। ਜਿਸਨੇ ਕਿਹਾ ਕਿ ਉਸਨੂੰ ਕਿਡਨੀ ਵਾਲੇ ਡਾਕਟਰ ਨੇ ਭੇਜਿਆ ਹੈ। ਟੀਕਾ ਲਗਾਉਣਾ ਹੈ। ਇਹ ਲੜਕੀ ਹਰਮੀਤ ਕੌਰ ਨੂੰ ਟੀਕਾ ਲਗਾ ਕੇ ਗਾਇਬ ਹੋ ਗਈ। ਟੀਕਾ ਲੱਗਣ ਮਗਰੋਂ ਹਰਮੀਤ ਦੀ ਹਾਲਤ ਬਿਗੜ ਗਈ। 
 
ਅੰਤਰਜਾਤੀ ਵਿਆਹ
 
ਜਾਣਕਾਰੀ ਅਨੁਸਾਰ ਹਰਮੀਤ ਕੌਰ ਦਾ ਵਿਆਹ  26 ਸਤੰਬਰ 2022 ਨੂੰ ਹੋਇਆ। ਦੋਵਾਂ ਦਾ ਅੰਤਰਜਾਤੀ ਪ੍ਰੇਮ ਵਿਆਹ ਸੀ। ਪੁਲਿਸ ਹੁਣ ਇਸ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕੀ ਇਹ ਦੁਸ਼ਮਣੀ ਉਨ੍ਹਾਂ ਦੇ ਵਿਆਹ ਨਾਲ ਜੁੜੀ ਹੋਈ ਹੈ। ਪੁਲਿਸ ਨੂੰ ਅਜੇ ਤੱਕ ਦੋਸ਼ੀ ਲੜਕੀ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਸੀ। 

ਇਹ ਵੀ ਪੜ੍ਹੋ