ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸਰਕਾਰਾਂ ਨੂੰ ਘੇਰਿਆ, ਲਾਰੈਂਸ ਬਿਸ਼ਨੋਈ ਨੂੰ ਬਚਾਉਣ ਦੇ ਲਗਾਏ ਆਰੋਪ

ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੋਨੋਂ ਹੀ ਸਰਕਾਰਾਂ ਗੈਂਗਸਟਰਾਂ ਦਾ ਸਾਥ ਦੇ ਰਹੀਆਂ ਹਨ। ਸਿੱਧੂ ਦੇ ਕਤਲ ਹੋਏ ਨੂੰ ਲਗਾਤਾਰ ਸਮਾਂ ਬੀਤਦਾ ਜਾ ਰਿਹਾ ਹੈ ਪਰ ਕੋਈ ਇਨਸਾਫ਼ ਅਜੇ ਤੱਕ ਨਹੀਂ ਮਿਲਿਆ।

Share:

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਐਤਵਾਰ ਨੂੰ ਗਾਇਕ ਦੇ ਪ੍ਰਸ਼ੰਸਕ  ਉਨ੍ਹਾਂ ਦੇ ਘਰ ਪਹੁੰਚੇ। ਉਨ੍ਹਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਆਪਣਾ ਦੁੱਖ ਪ੍ਰਗਟ ਕੀਤਾ।


ਕੀ ਕਿਹਾ ਸਿੱਧੂ ਮੂਸੇਵਾਲਾ ਦੇ ਪਿਤਾ ਨੇ


ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਹੁਣ ਕੇਂਦਰ ਸਰਕਾਰ ਨੇ ਲਾਰੈਂਸ ਦੀ ਸੁਰੱਖਿਆ ਦਾ ਬਹਾਨਾ ਬਣਾਉਂਦਿਆਂ ਧਾਰਾ 268 ਲਗਾ ਦਿੱਤੀ ਹੈ, ਜਿਸ ਦੇ ਮੱਦੇਨਜ਼ਰ ਕਿਸੇ ਵੀ ਅਦਾਲਤ 'ਚ ਵਿਅਕਤੀਗਤ ਤੌਰ 'ਤੇ ਉਸ ਨੂੰ ਪੇਸ਼ ਨਹੀਂ ਕੀਤਾ ਜਾਵੇਗਾ। ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਨੇ ਤਿੱਖੇ ਸਵਾਲ ਕੇਂਦਰ ਸਰਕਾਰ ਨੂੰ ਪੁੱਛਦੇ ਹੋਏ ਕਿਹਾ ਕਿ ਇਹ ਤਾਂ ਦੱਸਿਆ ਜਾਵੇ ਕਿ ਇਹ ਧਾਰਾ ਕਿਉਂ ਲਾਈ ਗਈ ਹੈ? ਕੀ ਲਾਰੈਂਸ ਬਿਸ਼ਨੋਈ ਨੂੰ ਬਚਾਉਣ ਲਈ ਅਜਿਹਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮਝ ਨਹੀਂ ਆ ਰਹੀ ਕੀ ਕੇਂਦਰ ਸਰਕਾਰ ਨੇ ਧਾਰਾ 268 ਕਿਉਂ ਲਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਤੇ ਕੇਂਦਰ ਸਰਕਾਰਾਂ ਗੈਂਗਸਟਰਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਪੰਜਾਬ ਸਰਕਾਰ 'ਤੇ ਵੀ ਉਨ੍ਹਾਂ ਸਵਾਲ ਚੁੱਕੇ ਤੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਲਾਅ ਐਂਡ ਆਰਡਰ ਨਜ਼ਰ ਨਹੀਂ ਆ ਰਿਹਾ। ਦਿਨ ਦਿਹਾੜੇ ਕਤਲ ਹੋ ਰਹੇ ਹਨ ਅਤੇ ਪਿਛਲੇ ਮਹੀਨਿਆਂ 'ਚ 50 ਤੋਂ ਜ਼ਿਆਦਾ ਕਤਲ ਹੋ ਚੁੱਕੇ ਹਨ, ਪਰ ਕੋਈ ਨਹੀਂ ਬੋਲ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤ ਸਿੱਧੂ ਯੂਕੇ ਦੀ ਪੀਆਰ ਛੱਡ ਆਪਣੇ ਇਲਾਕੇ ਦਾ ਕੁੱਝ ਸੰਵਾਰਨ ਲਈ ਇੱਥੇ ਰਹਿ ਰਿਹਾ ਸੀ, ਪਰ ਉਸ ਨੂੰ ਜਿਨਾਂਹ ਮਾਰਿਆ ਉਸ ਨੂੰ ਵੀ ਸਰਕਾਰਾਂ ਬਚਾਉਣ 'ਤੇ ਲੱਗੀਆਂ ਹੋਈਆਂ ਹਨ। ਇੰਨਾ ਮਾੜਾ ਪੰਜਾਬ 'ਚ ਮਾਹੌਲ ਮਿਲ ਰਿਹਾ ਹੈ ਕਿ ਇੱਥੇ ਰਹਿਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ। ਸਿਰਫ਼ ਗੈਂਗਸਟਰਾਂ ਦੀ ਹੀ ਚੱਲਦੀ ਹੈ।
ਸਰਕਾਰਾਂ ਲਾਰੈਂਸ ਪ੍ਰਤੀ ਦਿਆਲੂ ਹਨ।

ਸਰਕਾਰਾਂ ਹਨ ਮਿਹਰਬਾਨ


ਲਾਰੈਂਸ ਬਿਸ਼ਨੋਈ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਫੋਨ ਦੀ ਵਰਤੋਂ ਕਰ ਰਿਹਾ ਹੈ, ਫਿਰੌਤੀ ਮੰਗ ਰਿਹਾ ਹੈ, ਕਤਲ ਕਰਵਾ ਰਿਹਾ ਹੈ ਪਰ ਹੁਣ ਸਰਕਾਰਾਂ ਉਸ 'ਤੇ ਮਿਹਰਬਾਨ ਹਨ ਅਤੇ ਉਸ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ। ਲਾਰੈਂਸ ਪੰਜਾਬ ਅਤੇ ਵੱਖ-ਵੱਖ ਰਾਜਾਂ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ ਪਰ ਉਸ ਵਿਰੁੱਧ ਐੱਨਡੀਪੀਸੀ ਐੱਕਟ ਤਹਿਤ ਕੇਸ ਦਰਜ ਕਰਕੇ ਉਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ।

ਪੰਜਾਬ ਸਰਕਾਰ 'ਤੇ ਸਾਧਿਆ ਨਿਸ਼ਾਨਾ

ਉਨ੍ਹਾਂ ਪੰਜਾਬ ਸਰਕਾਰ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ 'ਚ ਕੋਈ ਸਟੈਂਡ ਨਹੀਂ ਲੈ ਰਹੀ। ਉਨ੍ਹਾਂ ਅਧਿਆਪਕਾਂ ਦੇ ਹੱਕ ਵਿੱਚ ਬੋਲਦਿਆਂ ਇਹ ਵੀ ਕਿਹਾ ਕਿ ਇੱਕ ਅਧਿਆਪਕ 6 ਮਹੀਨਿਆਂ ਤੋਂ ਮੁੱਖ ਮੰਤਰੀ ਨਿਵਾਸ ਦੇ ਬਾਹਰ ਟੈਂਕੀ ’ਤੇ ਬੈਠਾ ਹੈ ਪਰ ਸਰਕਾਰ ਉਸ ਦੀ ਗੱਲ ਨਹੀਂ ਸੁਣ ਰਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਸਰਕਾਰ ਨੂੰ ਕਰੋੜਾਂ ਰੁਪਏ ਦਾ ਟੈਕਸ ਅਦਾ ਕਰਦਾ ਸੀ ਪਰ ਉਨ੍ਹਾਂ ਦੀ ਸੁਰੱਖਿਆ ਦਾ ਇੰਨਾ ਇੰਤਜ਼ਾਮ ਵੀ ਕਿਉਂ ਨਹੀਂ ਕੀਤਾ ਗਿਆ ਕਿ ਅੱਜ ਉਨ੍ਹਾਂ ਦਾ ਪੁੱਤਰ ਇਸ ਦੁਨੀਆ 'ਚ ਨਹੀਂ ਹੈ। ਪੰਜਾਬ ਵਿੱਚ ਸੁਰੱਖਿਆ ਨਾਂ ਦੀ ਕੋਈ ਚੀਜ਼ ਨਹੀਂ ਹੈ।

ਇਹ ਵੀ ਪੜ੍ਹੋ