ਪੁਲਿਸ ਤੇ ਲੁਟੇਰਿਆਂ ਵਿਚਾਲੇ ਚੱਲੀਆਂ ਗੋਲੀਆਂ

ਪੈਟਰੋਲ ਪੰਪ ਲੁੱਟਣ ਮਗਰੋਂ ਭੱਜੇ ਲੁਟੇਰਿਆਂ ਨੂੰ ਪੁਲਿਸ ਨੇ ਘੇਰਾ ਪਾਇਆ। 2 ਲੁਟੇਰੇ ਪੁਲਿਸ ਦੇ ਅੜਿੱਕੇ ਆ ਗਏ। ਇੱਕ ਦੀ ਲੱਤ 'ਚ ਗੋਲੀ ਵੱਜੀ। 

Share:

ਬਠਿੰਡਾ 'ਚ ਪੈਟਰੋਲ ਪੰਪ ਲੁੱਟਣ ਵਾਲੇ ਲੁਟੇਰਿਆਂ ਅਤੇ ਪੁਲਿਸ ਵਿਚਾਲੇ ਫਾਇਰਿੰਗ ਹੋਈ। ਜਿਸ ਵਿੱਚ ਇੱਕ ਲੁਟੇਰੇ ਨੂੰ ਗੋਲੀ ਲੱਗੀ। ਮਾਮਲਾ ਤਲਵੰਡੀ ਸਾਬੋ ਰਾਮਾ ਰੋਡ ਦਾ ਹੈ। ਇੱਥੇ ਪੈਟਰੋਲ ਪੰਪ ਲੁੱਟ ਕੇ ਭੱਜ ਰਹੇ ਲੁਟੇਰਿਆਂ ਨਾਲ ਪੁਲਿਸ ਦੀ ਜਵਾਬੀ ਗੋਲੀਬਾਰੀ ਵਿੱਚ ਇੱਕ ਲੁਟੇਰੇ ਦੀ ਲੱਤ ਵਿੱਚ ਗੋਲੀ ਲੱਗ ਗਈ, ਜਦਕਿ ਦੂਜੇ ਨੂੰ ਕਾਬੂ ਕਰ ਲਿਆ ਗਿਆ। ਜਾਣਕਾਰੀ ਮੁਤਾਬਕ ਰਾਮਾ ਮੰਡੀ ਸਥਿਤ ਪੈਟਰੋਲ ਪੰਪ 'ਤੇ ਕਾਰ 'ਚ ਸਵਾਰ ਅਣਪਛਾਤੇ ਨੌਜਵਾਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਕਾਰ 'ਚ ਸਵਾਰ ਚਾਰ ਅਣਪਛਾਤੇ ਵਿਅਕਤੀ ਕਾਰ 'ਚ ਪੈਟਰੋਲ ਭਰਾਉਣ ਦੇ ਬਹਾਨੇ ਤਲਵੰਡੀ ਸਾਬੋ ਰਾਮਾ ਰੋਡ 'ਤੇ ਸਥਿਤ ਸੁਰਜੀਤ ਪੈਟਰੋਲ ਪੰਪ 'ਤੇ ਪਹੁੰਚੇ। ਇਸ ਦੌਰਾਨ ਉਕਤ ਨੌਜਵਾਨਾਂ ਨੇ ਪੰਪ ਦੇ ਮੁਲਾਜ਼ਮਾਂ ਨੂੰ ਡਰਾ ਧਮਕਾ ਕੇ ਉਨ੍ਹਾਂ ਕੋਲੋਂ ਕਰੀਬ 80 ਹਜ਼ਾਰ ਰੁਪਏ ਦੀ ਨਗਦੀ ਲੁੱਟ ਲਈ।

ਲੁਟੇਰਿਆਂ ਦਾ ਪਿੱਛਾ ਕਰਦੇ ਮੁਕਾਬਲਾ 

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਇਸਤੋਂ ਬਾਅਦ ਪੰਪ ’ਤੇ ਮੌਜੂਦ ਮੁਲਾਜ਼ਮਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਟੀਮਾਂ ਨੇ ਪੂਰੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ। ਇਸ ਦੌਰਾਨ ਉਕਤ ਲੁਟੇਰਿਆਂ ਦੇ ਦੋ ਸਾਥੀ ਭਾਗੀਬਾਦਰ ਨੇੜੇ ਮੋਟਰਸਾਈਕਲ 'ਤੇ ਆਉਂਦੇ ਦੇਖੇ ਗਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਮੁਲਜ਼ਮਾਂ ਨੇ 315 ਬੋਰ ਦੇ ਰਿਵਾਲਵਰ ਨਾਲ ਪੁਲਿਸ ਟੀਮ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ। ਇੱਕ ਮੁਲਜ਼ਮ ਨੂੰ ਗੋਲੀ ਵੱਜੀ ਜਦੋਂਕਿ ਦੂਜਾ ਮੋਟਰਸਾਈਕਲ ਤੋਂ ਡਿੱਗ ਗਿਆ।  ਪੁਲਿਸ ਨੇ ਦੋਵਾਂ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ। ਜ਼ਖਮੀ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਮੁਲਜ਼ਮ ਦੀ ਪਛਾਣ ਰਾਜਵਿੰਦਰ ਸਿੰਘ ਵਜੋਂ ਹੋਈ ਹੈ ਜਦਕਿ ਦੂਜਾ ਮੁਲਜ਼ਮ ਇਕਬਾਲ ਸਿੰਘ ਹੈ। ਦੋਵਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲੀਸ ਇਸ ਘਟਨਾ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਦੀ ਭਾਲ ਵਿੱਚ ਵੀ ਛਾਪੇਮਾਰੀ ਕਰ ਰਹੀ ਹੈ।

ਇਹ ਵੀ ਪੜ੍ਹੋ