Weather Update: ਪੰਜਾਬ ਵਿੱਚ ਕੜਾਕੇ ਦੀ ਠੰਡ ਤੇ ਧੁੰਦ ਦਾ ਕਹਿਰ, ਕੱਲ ਤੋਂ ਕੁਝ ਰਾਹਤ ਦੇ ਆਸਾਰ

ਸੂਬੇ ਦੇ 6 ਸ਼ਹਿਰ ਸ੍ਰੀਨਗਰ ਅਤੇ ਸ਼ਿਮਲਾ ਨਾਲੋਂ ਦਿਨ ਵੇਲੇ ਠੰਡੇ ਹਨ। ਕੁਝ ਜ਼ਿਲ੍ਹਿਆਂ ਵਿੱਚ ਸੋਮਵਾਰ ਨੂੰ ਹਲਕੀ ਧੁੱਪ ਵੀ ਪਈ ਸੀ, ਪਰ ਤੇਜ਼ ਹਵਾ ਕਾਰਨ ਇਹ ਬੇਅਸਰ ਰਹੀ। ਦਿਨ ਦੇ ਤਾਪਮਾਨ ਵਿੱਚ 12 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ। 

Share:

Punjab Weather: ਪੰਜਾਬ ਵਿੱਚ ਕੜਾਕੇ ਦੀ ਠੰਡ ਅਤੇ ਧੁੰਦ ਦਾ ਕਹਿਰ ਜਾਰੀ ਹੈ। ਦਿਨ ਦਾ ਤਾਪਮਾਨ ਵੀ ਲਗਾਤਾਰ ਡਿੱਗ ਰਿਹਾ ਹੈ, ਜਿਸ ਨਾਲ ਠੰਡ ਹੋਰ ਵੀ ਤੇਜ਼ੀ ਨਾਲ ਵੱਧ ਰਹੀ ਹੈ। ਹਾਲਾਤ ਇਹ ਹਨ ਕਿ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਸਿਰਫ਼ 3 ਤੋਂ 4 ਡਿਗਰੀ ਦਾ ਫ਼ਰਕ ਹੈ। ਸੂਬੇ ਦੇ 6 ਸ਼ਹਿਰ ਸ੍ਰੀਨਗਰ ਅਤੇ ਸ਼ਿਮਲਾ ਨਾਲੋਂ ਦਿਨ ਵੇਲੇ ਠੰਡੇ ਹਨ। ਕੁਝ ਜ਼ਿਲ੍ਹਿਆਂ ਵਿੱਚ ਸੋਮਵਾਰ ਨੂੰ ਹਲਕੀ ਧੁੱਪ ਵੀ ਪਈ ਸੀ, ਪਰ ਤੇਜ਼ ਹਵਾ ਕਾਰਨ ਇਹ ਬੇਅਸਰ ਰਹੀ। ਦਿਨ ਦੇ ਤਾਪਮਾਨ ਵਿੱਚ 12 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ ਸਾਹਿਬ, ਬਠਿੰਡਾ, ਫਾਜ਼ਿਲਕਾ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ 'ਚ ਅੱਜ 25 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ। ਹਿਮਾਚਲ 'ਚ ਬਰਫਬਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਹਰਿਆਣਾ ਅਤੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ।

ਅਗਲੇ ਚਾਰ ਦਿਨਾਂ ਲਈ ਧੁੰਦ ਦਾ ਪੀਲਾ ਅਲਰਟ ਜਾਰੀ

ਮੌਸਮ ਵਿਭਾਗ ਚੰਡੀਗੜ੍ਹ ਕੇਂਦਰ ਦਾ ਅਨੁਮਾਨ ਹੈ ਕਿ ਕੱਲ ਤੋਂ ਮੌਸਮ ਖੁਸ਼ਕ ਰਹੇਗਾ ਤੇ ਧੁੰਦ ਤੋਂ ਕੁਝ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ। ਇਸ ਦੌਰਾਨ ਕੁਝ ਥਾਵਾਂ 'ਤੇ ਹਲਕੀ ਧੁੱਪ ਵੀ ਆ ਸਕਦੀ ਹੈ। ਸੋਮਵਾਰ ਨੂੰ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਵਿੱਚ ਦਿਨ ਦਾ ਤਾਪਮਾਨ ਆਮ ਨਾਲੋਂ 7.2 ਡਿਗਰੀ ਤੋਂ 12.0 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ। ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 0.3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਲਈ ਧੁੰਦ ਦਾ ਪੀਲਾ ਅਲਰਟ ਜਾਰੀ ਕੀਤਾ ਹੈ। ਕੁਝ ਥਾਵਾਂ 'ਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਨਾਲ ਹੀ ਮੰਗਲਵਾਰ ਨੂੰ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਅੱਜ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ 

ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 12 ਜਨਵਰੀ ਤੱਕ ਸੂਬੇ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ। ਸੀਤ ਲਹਿਰ ਵੀ ਜਾਰੀ ਰਹੇਗੀ। ਬੱਦਲਵਾਈ ਦੇ ਨਾਲ-ਨਾਲ 9 ਜਨਵਰੀ ਨੂੰ ਬਠਿੰਡਾ ਅਤੇ ਅੰਮ੍ਰਿਤਸਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ।

ਧੁੰਦ ਕਾਰਨ ਮੁਹਾਲੀ 'ਚ ਹਾਦਸਾ, ਤਿੰਨ ਦੀ ਮੌਤ

ਮੁਹਾਲੀ 'ਚ ਸੰਘਣੀ ਧੁੰਦ ਸੜਕਾਂ 'ਤੇ ਵਾਹਨ ਚਾਲਕਾਂ ਲਈ ਪ੍ਰੇਸ਼ਾਨੀ ਪੈਦਾ ਕਰ ਰਹੀ ਹੈ। ਧੁੰਦ ਕਾਰਨ ਜ਼ਿਲ੍ਹੇ ਵਿੱਚ ਵਾਪਰੇ ਤਿੰਨ ਵੱਖ-ਵੱਖ ਸੜਕ ਹਾਦਸਿਆਂ ਵਿੱਚ ਇੱਕ ਨੌਜਵਾਨ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਨੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ। ਇਨ੍ਹਾਂ ਹਾਦਸਿਆਂ ਵਿੱਚ ਦੋ ਡਰਾਈਵਰ ਫਰਾਰ ਹਨ, ਜਦਕਿ ਇੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫੜੇ ਗਏ ਡਰਾਈਵਰ ਦੀ ਪਛਾਣ ਕਾਰਤਿਕ ਕਾਲੜਾ ਵਾਸੀ ਸੰਨੀ ਇਨਕਲੇਵ ਖਰੜ ਵਜੋਂ ਹੋਈ ਹੈ।

ਧੁੰਦ ਕਾਰਨ ਕਣਕ ਦੀ ਫ਼ਸਲ ਨੂੰ ਹੋ ਸਕਦਾ ਨੁਕਸਾਨ 

ਜੇਕਰ ਧੁੰਦ ਇਸੇ ਤਰ੍ਹਾਂ ਜਾਰੀ ਰਹੀ ਤਾਂ ਕਣਕ ਦੀ ਫ਼ਸਲ ਨੂੰ ਨੁਕਸਾਨ ਹੋ ਸਕਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਡਾ.ਕੇ.ਕੇ ਗਿੱਲ ਨੇ ਦੱਸਿਆ ਕਿ ਜੇਕਰ ਕਣਕ ਦੀ ਫ਼ਸਲ ਨੂੰ ਲਗਾਤਾਰ ਕਈ-ਕਈ ਦਿਨ ਧੁੱਪ ਨਾ ਮਿਲੇ ਤਾਂ ਫ਼ਸਲ ਪੀਲੀ ਪੈਣੀ ਸ਼ੁਰੂ ਹੋ ਜਾਂਦੀ ਹੈ। ਉਂਜ ਪੰਜਾਬ ਵਿੱਚ ਬਹੁਤੀਆਂ ਥਾਵਾਂ ’ਤੇ ਕਣਕ ਦੀ ਫ਼ਸਲ ਪੀਲੀ ਨਹੀਂ ਹੋਈ। ਕੁਝ ਥਾਵਾਂ 'ਤੇ ਪੀਲਾਪਣ ਹੀ ਦੇਖਣ ਨੂੰ ਮਿਲ ਰਿਹਾ ਹੈ, ਜਿਸ ਲਈ ਕਿਸਾਨਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਕਿਸਾਨ ਯੂਰੀਆ ਪਾ ਸਕਦੇ ਹਨ। ਉਥੇ ਹੀ ਰਿਕਾਰਡ ਤੋੜ ਠੰਡ ਪੈਣ ਦੇ ਨਾਲ ਕਣਕ ਤੋਂ ਇਲਾਵਾ ਵੀ ਹੋਰ ਸਾਰੀਆਂ ਸਬਜੀਆਂ ਅਤੇ ਫਸਲਾਂ ਦਾ ਵੀ ਕਾਫੀ ਨੁਕਸਾਨ ਹੋ ਰਿਹਾ ਹੈ। 

ਇਹ ਵੀ ਪੜ੍ਹੋ