ਦੇਖੋ ਕੁੰਵਰ ਪ੍ਰਤਾਪ ਦੀ ਟਿੱਪਣੀ ਮਗਰੋਂ ਕੀ ਬੋਲੇ ਹਰਪਾਲ ਚੀਮਾ

ਫਤਹਿਗੜ੍ਹ ਸਾਹਿਬ ਇੱਕ ਨਿੱਜੀ ਸਮਾਗਮ 'ਚ ਪੁੱਜੇ ਸੀ ਪੰਜਾਬ ਦੇ ਵਿੱਤ ਮੰਤਰੀ। ਬਹਿਬਲ ਕਲਾਂ ਗੋਲੀਕਾਂਡ ਦੇ ਮਸਲੇ 'ਤੇ ਦਿੱਤਾ ਜਵਾਬ। 

Share:

ਅੰਮ੍ਰਿਤਸਰ ਤੋਂ ਆਪ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਨੇ ਜਿੱਥੇ ਬਹਿਬਲ ਕਲਾਂ ਗੋਲੀਕਾਂਡ ਮਸਲੇ 'ਤੇ ਮੁੜ ਆਪਣੀ ਹੀ ਸਰਕਾਰ ਨੂੰ ਘੇਰਿਆ ਤਾਂ ਉੱਥੇ ਹੀ ਕੁੰਵਰ ਵਿਜੈ ਦੀ ਟਿੱਪਣੀ ਮਗਰੋਂ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਬਿਆਨ ਦਿੱਤਾ। ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ 'ਚ ਆਯੋਜਿਤ ਇੱਕ ਨਿੱਜੀ ਪ੍ਰੋਗਰਾਮ 'ਚ ਪਹੁੰਚੇ ਚੀਮਾ ਨੇ ਕਿਹਾ ਕਿ ਸਰਕਾਰ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਵਚਨਬੱਧ ਹੈ। ਇਹ ਪਹਿਲੀ ਸਰਕਾਰ ਹੈ ਜਿਸਨੇ ਸਮੇਂ ਸਿਰ ਚਲਾਨ ਪੇਸ਼ ਕੀਤਾ। ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਅਦਾਲਤ ਆਪਣਾ ਕੰਮ ਕਰ ਰਹੀ ਹੈ। ਇਸ ਵਿੱਚ ਸਰਕਾਰ ਕੋਈ ਦਖ਼ਲ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਜੇਕਰ ਅਦਾਲਤੀ ਪ੍ਰਕਿਰਿਆ ਵਿੱਚ ਗਵਾਹ ਮੁਕਰ ਜਾਣ ਤਾਂ ਫੈਸਲਾ ਕੌਣ ਲਵੇਗਾ? ਇਸ ਲਈ ਗਵਾਹਾਂ ਨੂੰ ਗਵਾਹੀ ਦੇਣੀ ਚਾਹੀਦੀ ਹੈ।
 
ਕਿਸਾਨਾਂ ਅਤੇ ਹੜਤਾਲੀ ਮਜ਼ਦੂਰਾਂ ਨੂੰ ਸਲਾਹ
 
ਪੰਜਾਬ ਵਿੱਚ ਕਿਸਾਨਾਂ ਵੱਲੋਂ ਗੰਨੇ ਦਾ ਭਾਅ 11 ਰੁਪਏ ਪ੍ਰਤੀ ਕੁਇੰਟਲ ਕਰਨ ਦੇ ਵਿਰੋਧ ’ਤੇ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਨੂੰ ਸਭ ਤੋਂ ਵੱਧ ਰੇਟ ਮਿਲੇਗਾ। ਇਸਦੇ ਬਾਵਜੂਦ ਜੇਕਰ ਕਿਸਾਨ ਵਿਰੋਧ ਕਰ ਰਹੇ ਹਨ ਤਾਂ ਇਹ ਗਲਤ ਹੈ। ਸਰਕਾਰ ਦੀ ਤਾਰੀਫ਼ ਕਰਨੀ ਚਾਹੀਦੀ ਹੈ। ਜੇਕਰ ਕੋਈ ਸਮੱਸਿਆ ਹੈ ਤਾਂ ਮੀਟਿੰਗ ਰਾਹੀਂ ਹੱਲ ਕਰੋ। ਵਿਰੋਧ ਕਰਕੇ ਲੋਕਾਂ ਨੂੰ ਪਰੇਸ਼ਾਨ ਨਾ ਕਰੋ। ਇਸਦੇ ਨਾਲ ਹੀ ਚੀਮਾ ਨੇ ਹੜਤਾਲ 'ਤੇ ਬੈਠੇ ਡੀਸੀ ਦਫ਼ਤਰਾਂ ਦੇ ਮੁਲਾਜ਼ਮਾਂ ਨੂੰ ਵੀ ਕੰਮ 'ਤੇ ਪਰਤਣ ਦੀ ਸਲਾਹ ਦਿੰਦਿਆਂ ਕਿਹਾ ਕਿ ਮਸਲਾ ਗੱਲਬਾਤ ਰਾਹੀਂ ਹੱਲ ਕੀਤਾ ਜਾਵੇ। ਲੋਕਾਂ ਨੂੰ ਪਰੇਸ਼ਾਨ ਨਾ ਕਰੋ। 
 
ਸਾਰੀਆਂ ਗਾਰੰਟੀਆਂ ਨੂੰ ਪੂਰਾ ਕਰਾਂਗੇ
 
ਔਰਤਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਦੇ ਵਾਅਦੇ 'ਤੇ ਹਰਪਾਲ ਚੀਮਾ ਨੇ ਕਿਹਾ ਕਿ ਸਰਕਾਰ ਸਾਰੀਆਂ ਗਾਰੰਟੀਆਂ ਪੂਰੀਆਂ ਕਰੇਗੀ। ਇਕ-ਇਕ ਕਰਕੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਸ਼ਹੀਦੀ ਸਭਾ ਤੋਂ ਪਹਿਲਾਂ ਫਤਹਿਗੜ੍ਹ ਸਾਹਿਬ ਦੇ ਵਿਕਾਸ ਲਈ ਵੱਖਰਾ ਬਜਟ ਨਾ ਦੇਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਕੋਈ ਕਮੀ ਨਹੀਂ ਹੈ। ਇੱਥੋਂ ਦੇ ਵਿਧਾਇਕ ਜੋ ਵੀ ਮੰਗਣਗੇ, ਉਹ ਮਿਲੇਗਾ। ਸਰਕਾਰ ਕਦੇ ਵੀ ਪਿੱਛੇ ਨਹੀਂ ਹਟੇਗੀ। ਸ਼ਹੀਦੀ ਸਭਾ ਤੋਂ ਪਹਿਲਾਂ ਆਲੇ-ਦੁਆਲੇ ਦੀਆਂ ਸਾਰੀਆਂ ਸੜਕਾਂ ਦੀ ਮੁਰੰਮਤ ਕਰਵਾਈ ਜਾਵੇਗੀ। ਸੰਗਤ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ