ਵਕੀਲ ਦਾ ਚੈਂਬਰ ਕੀਤਾ ਸੀਲ, ਲਾਇਸੰਸ ਰੱਦ ਕਰਨ ਲਈ ਬਾਰ ਕੌਂਸਲ ਨੂੰ ਲਿਖਿਆ, ਜਾਣੋ ਪੂਰਾ ਮਾਮਲਾ 

ਲੁਧਿਆਣਾ ਜਿਲ੍ਹੇ ਦੀ ਸਬ ਡਵੀਜਨ ਖੰਨਾ ਦਾ ਮਾਮਲਾ। ਜਿੱਥੇ ਬਾਰ ਐਸੋਸੀਏਸ਼ਨ ਨੇ ਸਖ਼ਤ ਐਕਸ਼ਨ ਲਿਆ ਹੈ। ਇਸਦੇ ਨਾਲ ਹੀ ਵਕੀਲ ਤੇ ਉਸਦੇ ਪੁੱਤ ਖਿਲਾਫ ਪੁਲਿਸ ਨੇ ਮੁਕੱਦਮਾ ਵੀ ਦਰਜ ਕਰ ਲਿਆ। 

Share:

ਖੰਨਾ 'ਚ ਐਸ.ਸੀ ਭਾਈਚਾਰੇ ਨਾਲ ਸਬੰਧਤ ਇੱਕ ਵਕੀਲ ਨੂੰ ਦੂਜੇ ਵਕੀਲ ਵੱਲੋਂ ਜਾਤੀਸੂਚਕ ਸ਼ਬਦ ਬੋਲਣੇ ਮਹਿੰਗੇ ਪਏ | ਪੁਲਿਸ ਨੇ ਮੁਲਜ਼ਮ ਵਕੀਲ ਅਤੇ ਉਸਦੇ ਪੁੱਤ ਖ਼ਿਲਾਫ਼ ਕੇਸ ਦਰਜ ਕਰ ਲਿਆ। ਇੰਨਾ ਹੀ ਨਹੀਂ ਬਾਰ ਐਸੋਸੀਏਸ਼ਨ ਵੱਲੋਂ ਮੁਲਜ਼ਮ ਦੇ ਚੈਂਬਰ ਨੂੰ ਸੀਲ ਕਰ ਦਿੱਤਾ ਗਿਆ। ਬਾਰ ਕੌਂਸਲ ਨੇ ਲਾਇਸੈਂਸ ਰੱਦ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਪੱਤਰ ਲਿਖਿਆ ਹੈ। ਮੁਲਜ਼ਮਾਂ ਦੀ ਪਛਾਣ ਜੰਗ ਸਿੰਘ ਅਤੇ ਉਸਦੇ ਪੁੱਤਰ ਮਨਮੀਤ ਸਿੰਘ ਮਨੂੰ ਵਜੋਂ ਹੋਈ। ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਵਕੀਲ ਹੈ। ਉਸਦਾ ਕੋਰਟ ਕੰਪਲੈਕਸ ਖੰਨਾ ਵਿਖੇ ਚੈਂਬਰ ਨੰਬਰ 102 ਹੈ। 20 ਅਕਤੂਬਰ 2023 ਨੂੰ ਜਦੋਂ ਉਹ ਆਪਣੇ ਚੈਂਬਰ ਵਿੱਚ ਜਾ ਰਿਹਾ ਸੀ ਤਾਂ ਜੰਗ ਸਿੰਘ ਅਤੇ ਉਸਦੇ ਲੜਕੇ ਮਨੂ ਨੇ ਉਸਨੂੰ ਚੈਂਬਰ ਦੇ ਬਾਹਰ ਘੇਰ ਲਿਆ। ਉਸਨੂੰ ਗਾਲ੍ਹਾਂ ਕੱਢੀਆਂ ਅਤੇ ਜਾਤੀਸੂਚਕ ਸ਼ਬਦ ਬੋਲੇ। ਇੱਥੋਂ ਤੱਕ ਕਿ ਨਾਮ ਪਿੱਛੇ ਗੋਤ ਹਟਾਉਣ ਦੀ ਧਮਕੀ ਦਿੱਤੀ ਗਈ। ਇਸਤੋਂ ਬਾਅਦ ਇਹ ਮਾਮਲਾ ਬਾਰ ਐਸੋਸੀਏਸ਼ਨ ਤੱਕ ਪਹੁੰਚ ਗਿਆ। ਮੁਲਜ਼ਮਾਂ ਨੇ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਵੀ ਉਸ ਨਾਲ ਬਦਸਲੂਕੀ ਕੀਤੀ। ਜਾਤੀਸੂਚਕ ਸ਼ਬਦ ਬੋਲੇ। 

ਪਹਿਲਾਂ ਵੀ ਕੱਢੀਆਂ ਸੀ ਗਾਲ੍ਹਾਂ 

ਸ਼ਿਕਾਇਤਕਰਤਾ ਅਨੁਸਾਰ ਜੰਗ ਸਿੰਘ ਨੇ ਪਿਛਲੇ ਸਾਲ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ ਲੜੀ ਸੀ। ਉਸਨੂੰ ਸਿਰਫ਼ 6 ਵੋਟਾਂ ਪਈਆਂ ਸੀ। ਹਾਰ ਤੋਂ ਬਾਅਦ ਜੰਗ ਸਿੰਘ ਉਸਦੇ ਚੈਂਬਰ 'ਚ ਆਇਆ ਅਤੇ ਉਸਨੂੰ ਗਾਲ੍ਹਾਂ ਕੱਢਣ ਲੱਗ ਪਿਆ ਸੀ। ਜੰਗ ਸਿੰਘ ਨੇ ਉਸਨੂੰ ਕਿਹਾ ਕਿ ਮੈਨੂੰ ਵੋਟ ਕਿਉਂ ਨਹੀਂ ਪਾਈ। ਉਸ ਸਮੇਂ ਸੀਨੀਅਰ ਵਕੀਲ ਹੋਣ ਕਰਕੇ ਉਸਨੇ ਜੰਗ ਸਿੰਘ ਨੂੰ ਕੁੱਝ ਨਹੀਂ ਕਿਹਾ। ਪਰ ਇਸ ਵਾਰ ਪਿਓ-ਪੁੱਤ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ।

ਸਰਬਸੰਮਤੀ ਨਾਲ ਰੱਦ ਕੀਤੀ ਮੈਂਬਰਸ਼ਿਪ 

ਮੁਲਜ਼ਮ ਪਿਓ-ਪੁੱਤ ਦੀ ਇਸ ਕਾਰਵਾਈ ਤੋਂ ਬਾਅਦ ਬਾਰ ਐਸੋਸੀਏਸ਼ਨ ਖੰਨਾ ਨੇ ਸਖਤ ਕਾਰਵਾਈ ਕੀਤੀ। ਜੰਗ ਸਿੰਘ ਦੀ ਮੁੱਢਲੀ ਮੈਂਬਰਸ਼ਿਪ ਸਰਬਸੰਮਤੀ ਨਾਲ ਰੱਦ ਕਰ ਦਿੱਤੀ ਗਈ। ਜੰਗ ਸਿੰਘ ਦੇ ਚੈਂਬਰ ਨੂੰ ਕਬਜ਼ੇ ਵਿੱਚ ਲੈ ਕੇ ਸੀਲ ਕਰ ਦਿੱਤਾ ਗਿਆ। ਉਸਦਾ ਲਾਇਸੈਂਸ ਰੱਦ ਕਰਨ ਲਈ ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਨੂੰ ਪੱਤਰ ਲਿਖਿਆ ਗਿਆ ਹੈ।

ਮਹਿਲਾ ਵਕੀਲ ਨਾਲ ਛੇੜਛਾੜ ਦਾ ਵੀ ਮਾਮਲਾ 

ਕੁੱਝ ਦਿਨ ਪਹਿਲਾਂ ਜੰਗ ਸਿੰਘ ਅਤੇ ਉਸਦੇ ਪੁੱਤਰ ਮਨਮੀਤ ਸਿੰਘ ਵਾਸੀ ਨੰਦੀ ਕਲੋਨੀ ਖੰਨਾ ਦੇ ਖ਼ਿਲਾਫ਼  ਮਹਿਲਾ ਵਕੀਲ ਨਾਲ ਉਸਦੇ ਕੈਬਿਨ ਵਿੱਚ ਦਾਖ਼ਲ ਹੋ ਕੇ ਛੇੜਛਾੜ ਕਰਨ ਅਤੇ ਉਸ ਨਾਲ ਬਦਸਲੂਕੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਹੁਣ ਇਹਨਾਂ ਖਿਲਾਫ ਦੂਜਾ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ