ਕਰੋੜਾਂ ਦੇ ਸੋਨੇ ਪਿੱਛੇ ਪੁਲਿਸ ਨਾਲ ਭਿੜੇ ਲੁਟੇਰੇ, ਦੇਖੋ ਫਿਰ ਕੀ ਹੋਇਆ

3 ਕਿੱਲੋ 765 ਗ੍ਰਾਮ ਸੋਨਾ ਲੁਟੇਰਿਆਂ ਦੀ ਕਾਰ 'ਚ ਸੀ। ਪੁਲਿਸ ਪਿੱਛਾ ਕਰ ਰਹੀ ਸੀ। ਜਦੋਂ ਘੇਰਾ ਪੈ ਗਿਆ ਤਾਂ ਲੁਟੇਰੇ ਪੁਲਿਸ ਨਾਲ ਹੱਥੋਪਾਈ ਕਰਕੇ ਸੋਨੇ ਬਚਾਉਣ ਦੀ ਕੋਸ਼ਿਸ਼ ਕਰਨ ਲੱਗੇ। 

Share:

ਸੰਗਰੂਰ 'ਚ ਪੌਣੇ ਦੋ ਕਰੋੜ ਰੁਪਏ ਦਾ ਸੋਨਾ ਲੁੱਟਣ ਦੀ ਵਾਰਦਾਤ ਨੂੰ ਪੁਲਿਸ ਨੇ ਹੱਲ ਕਰ ਲਿਆ। ਇਹ ਸੋਨਾ ਬਠਿੰਡਾ ਪੁਲਿਸ ਨੇ ਬਰਾਮਦ ਕਰ ਲਿਆ। ਪੁਲਿਸ ਦੇ ਘੇਰੇ ਮਗਰੋਂ ਲੁਟੇਰੇ ਸੋਨੇ ਦਾ ਭਰਿਆ ਬੈਗ ਸੁੱਟ ਕੇ ਫਰਾਰ ਹੋ ਗਏ। ਐੱਸਐੱਸਪੀ ਬਠਿੰਡਾ ਹਰਮਨਵੀਰ ਸਿੰਘ ਗਿੱਲ ਨੇ ਦੱਸਿਆ ਕਿ ਸੂਰਤ ਨਾਲ ਸਬੰਧਤ ਸ੍ਰੀ ਬ੍ਰਾਈਟ ਮੈਜਿਸਟਿਕ ਕੰਪਨੀ ਸੁਨਿਆਰਿਆਂ ਨੂੰ ਆਰਡਰ ’ਤੇ ਸੋਨਾ ਬਣਾ ਕੇ ਸਪਲਾਈ ਕਰਦੀ ਹੈ। ਇਸ ਕੰਪਨੀ ਦਾ ਇਕ ਕਰਮਚਾਰੀ ਰਾਜੂ ਰਾਮ ਵਾਸੀ ਬੀਕਾਨੇਰ ਰਾਜਸਥਾਨ ਐਤਵਾਰ ਨੂੰ ਦਿੱਲੀ ਤੋਂ ਟਰੇਨ ਰਾਹੀਂ 3 ਕਿਲੋ 765 ਗ੍ਰਾਮ ਸੋਨਾ ਇੱਕ ਬੈਗ ਵਿੱਚ ਭਰ ਕੇ ਬਠਿੰਡਾ ਲਿਆ ਰਿਹਾ ਸੀ। ਇਸ ਦੌਰਾਨ ਰਾਜੂ ਸੰਗਰੂਰ ਦੇ ਰੇਲਵੇ ਸਟੇਸ਼ਨ ਤੋਂ ਉਤਰ ਕੇ ਕੁਝ ਦੂਰ ਗਿਆ ਸੀ, ਜਿੱਥੇ ਪੁਲਿਸ ਵਰਦੀ ਵਿਚ ਆਏ ਕਰੀਬ ਚਾਰ ਤੋਂ ਪੰਜ ਲੁਟੇਰਿਆਂ ਨੇ ਉਸ ਕੋਲੋਂ ਸੋਨੇ ਦਾ ਭਰਿਆ ਬੈਗ ਖੋਹ ਲਿਆ ਅਤੇ ਫਰਾਰ ਹੋ ਗਏ ਸੀ। ਇਸ ਦੌਰਾਨ ਹੀਕੰਪਨੀ ਦੇ ਮੁਲਾਜ਼ਮ ਸਾਹਿਲ ਖਿੱਪਲ ਨੇ ਬਠਿੰਡਾ ਪੁਲਿਸ ਨੂੰ ਦੱਸਿਆ ਕਿ ਸੋਨੇ ਦਾ ਭਰਿਆ ਬੈਕ ਖੋਹ ਕੇ ਲੁਟੇਰੇ ਕਾਰ ਨੰਬਰ ਪੀਬੀ 15 ਐਕਸ 2747 ’ਤੇ ਸਵਾਰ ਹੋ ਕੇ ਬਠਿੰਡਾ ਵੱਲ ਭੱਜੇ ਹਨ। ਐੱਸਐੱਸਪੀ ਨੇ ਦੱਸਿਆ ਕਿ ਤੁਰੰਤ ਬਠਿੰਡਾ ਪੁਲਿਸ ਨੇ ਚੌਕਸ ਹੁੰਦਿਆਂ ਸ਼ਹਿਰ ਅੰਦਰ ਨਾਕਾਬੰਦੀ ਕਰ ਦਿੱਤੀ। ਇਸ ਦੌਰਾਨ ਹੀ ਉਕਤ ਕਾਰ ਸੰਗਰੂਰ ਵਾਲੇ ਪਾਸੇ ਆਉਂਦੀ ਦਿਖਾਈ ਦਿੱਤੀ ਤਾਂ ਪੁਲਿਸ ਪਾਰਟੀ ਨੇ ਕਾਰ ਨੂੰ ਰੋਕਣ ਦਾ ਯਤਨ ਕੀਤਾ, ਪਰ ਲੁਟੇਰੇ ਕਾਰ ਨੂੰ ਭਜਾਉਂਦੇ ਹੋਏ ਅੱਗੇ ਨਿਕਲ ਗਏ।

ਸੋਨਾ ਛੱਡ ਕੇ ਭੱਜੇ ਲੁਟੇਰੇ 

ਐਸਐਸਪੀ ਹਰਮਨਵੀਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਦੌਰਾਨ ਹੀ ਪੁਲਿਸ ਪਾਰਟੀ ਨੇ ਪਿੱਛਾ ਕਰਦਿਆਂ ਲੁਟੇਰਿਆਂ ਨੂੰ ਗਗਨ ਗੈਸਟਰੋ ਹਸਪਤਾਲ ਨੇੜੇ ਘੇਰ ਲਿਆ। ਇੱਥੇ ਪੁਲਿਸ ਦੇ ਜਵਾਨਾਂ ਨੇ ਲੁਟੇਰਿਆਂ ਨੂੰ ਕਾਬੂ ਕਰਨ ਦਾ ਯਤਨ ਕੀਤਾ। ਜਿਸ ਦੌਰਾਨ ਉਨ੍ਹਾਂ ਦੀ ਲੁਟੇਰਿਆਂ ਨਾਲ ਹੱਥੋਪਾਈ ਵੀ ਹੋਈ। ਉਨ੍ਹਾਂ ਦੱਸਿਆ ਕਿ ਆਪਣੇ ਆਪ ਨੂੰ ਬੁਰੀ ਤਰ੍ਹਾਂ ਘਿਰਿਆ ਹੋਇਆ ਦੇਖ ਕੇ ਲੁਟੇਰੇ ਸੋਨੇ ਦਾ ਭਰਿਆ ਬੈਗ ਸੁੱਟ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਉਕਤ ਕਾਰ ਵਿਚ ਚਾਰ ਨੌਜਵਾਨ ਲੁਟੇਰੇ ਸਵਾਰ ਸਨ, ਜਿਨਾਂ ਵਿੱਚੋਂ ਦੋ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ। ਐੱਸਐੱਸਪੀ ਹਰਮਨਵੀਰ ਸਿੰਘ ਗਿੱਲ ਨੇ ਦੱਸਿਆ ਕਿ ਚਾਰੇ ਲੁਟੇਰਿਆਂ ਦੀ ਪਛਾਣ ਹੋ ਗਈ ਹੈ ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬੈਗ ਵਿੱਚ ਤਿੰਨ ਕਿੱਲੋ 765 ਗਰਾਮ ਸੋਨਾ ਸੀ ਜਿਸਦੀ ਕੀਮਤ ਪੌਣੇ ਦੋ ਕਰੋੜ ਰੁਪਏ ਬਣਦੀ ਹੈ।  ਲੁਟੇਰਿਆਂ ਦੀ ਗ੍ਰਿਫ਼ਤਾਰੀ ਲਈ ਸੀਆਈਏ 1, ਸੀਆਈਏ ਸਟਾਫ਼ 2 ਅਤੇ ਥਾਣਾ ਸਿਵਲ ਲਾਇਨ ਦੀਆਂ ਟੀਮਾਂ ਲਾਗਤਾਰ ਛਾਪੇਮਾਰੀ ਕਰ ਰਹੀਆਂ ਹਨ।

ਇਹ ਵੀ ਪੜ੍ਹੋ