ਲੁਧਿਆਣਾ 'ਚ ਗੈਂਗਸਟਰ ਦੀ ਲਾਸ਼ ਸੜਕ ਉਪਰ ਰੱਖ ਕੇ ਕੀਤਾ ਗਿਆ ਰੋਡ ਜਾਮ, ਪੁਲਿਸ 'ਤੇ ਲਾਏ ਗੰਭੀਰ ਇਲਜ਼ਾਮ

ਪੁਲਿਸ ਅਨੁਸਾਰ, ਉਸਦੇ ਦੋਵੇਂ ਗੁਰਦੇ ਕੁਝ ਸਮੇਂ ਤੋਂ ਫੇਲ੍ਹ ਹੋ ਗਏ ਸਨ ਅਤੇ ਉਸਦੀ ਸਿਹਤ ਠੀਕ ਨਹੀਂ ਸੀ। ਮੰਗਲਵਾਰ ਸਵੇਰੇ ਚੰਡੀਗੜ੍ਹ ਪੀਜੀਆਈ ਵਿਖੇ ਇਲਾਜ ਦੌਰਾਨ ਪੁਲਿਸ ਹਿਰਾਸਤ ਵਿੱਚ ਉਸਦੀ ਮੌਤ ਹੋ ਗਈ। ਗੈਂਗਸਟਰ ਦੇ ਵਕੀਲ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਨੂੰ ਹਾਈ ਕੋਰਟ ਲੈ ਕੇ ਜਾਣਗੇ। ਪਰਿਵਾਰ ਦਾ ਕਹਿਣਾ ਹੈ ਕਿ ਸਾਗਰ ਬਿਲਕੁਲ ਤੰਦਰੁਸਤ ਸੀ।

Courtesy: file photo

Share:

 

ਸੰਗਰੂਰ ਜੇਲ੍ਹ ’ਚ ਬੰਦ ਗੈਂਗਸਟਰ ਸਾਗਰ ਨਿਊਟਨ ਦੀ ਮੌਤ ਨੂੰ ਲੈ ਕੇ ਜਿੱਥੇ ਪੁਲਿਸ ਪ੍ਰਸ਼ਾਸਨ ਉਪਰ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਤਾਂ ਉੱਥੇ ਹੀ ਅੱਜ ਗੈਂਗਸਟਰ ਸਾਗਰ ਨਿਊਟਨ ਦੇ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਨੇ  ਲੁਧਿਆਣਾ ’ਚ ਹਾਈਵੇਅ ਜਾਮ ਕਰ ਦਿੱਤਾ। ਉਹਨਾਂ ਦਾਅਵਾ ਕੀਤਾ ਕਿ ਸਾਗਰ ਦੀ ਰਹੱਸਮਈ ਹਾਲਾਤਾਂ ’ਚ ਮੌਤ ਹੋਈ ਹੈ। ਜਿਸਦੇ ਲਈ ਜੇਲ੍ਹ ਅਧਿਕਾਰੀ ਜ਼ਿੰਮੇਵਾਰ ਹਨ। ਇਸਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਸਾਗਰ ਦੀ ਮੰਗਲਵਾਰ ਨੂੰ ਚੰਡੀਗੜ੍ਹ ਦੇ ਪੀਜੀਆਈ ਵਿੱਚ ਮੌਤ ਹੋ ਗਈ ਸੀ।

ਮੌਤ ਲਈ ਜੇਲ੍ਹ ਅਧਿਕਾਰੀਆਂ ਨੂੰ ਜ਼ਿੰਮੇਦਾਰ ਠਹਿਰਾਇਆ

ਪਰਿਵਾਰ ਨੇ ਲਾਸ਼ ਨੂੰ ਫਿਰੋਜ਼ਪੁਰ ਰੋਡ ’ਤੇ ਰੱਖ ਕੇ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਉਹ ਉਦੋਂ ਤੱਕ ਸਸਕਾਰ ਨਹੀਂ ਕਰਨਗੇ ਜਦੋਂ ਤੱਕ ਸਰਕਾਰ ਸਾਗਰ ਦੀ ਮੌਤ ਲਈ ਜ਼ਿੰਮੇਵਾਰ ਜੇਲ੍ਹ ਅਧਿਕਾਰੀਆਂ ਵਿਰੁੱਧ ਕਾਰਵਾਈ ਨਹੀਂ ਕਰਦੀ। ਇਸ ਦੌਰਾਨ ਸੜਕ ’ਤੇ ਭਾਰੀ ਟ੍ਰੈਫਿਕ ਜਾਮ ਲੱਗ ਗਿਆ।ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਕਿ ਸਾਗਰ ਜਨਵਰੀ ਵਿੱਚ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ੀ ਲਈ ਆਇਆ ਤਾਂ ਉਹ ਤੰਦਰੁਸਤ ਸੀ। ਉਨ੍ਹਾਂ ਕਿਹਾ ਕਿ ਪੁਲਿਸ ਦਾ ਦਾਅਵਾ ਹੈ ਕਿ ਸਾਗਰ ਨੂੰ ਸ਼ੂਗਰ ਦਾ ਗੰਭੀਰ ਦੌਰਾ ਪਿਆ ਸੀ ਅਤੇ ਉਸਤੋਂ ਬਾਅਦ ਗੁਰਦੇ ਫੇਲ ਹੋ ਗਏ ਸਨ, ਇਹ ਸਰਾਸਰ ਝੂਠ ਹੈ। 

ਯੂਪੀ ਤੋਂ ਕੀਤਾ ਸੀ ਗ੍ਰਿਫਤਾਰ

ਸਾਗਰ ਨਿਊਟਨ ਨੂੰ ਲੁਧਿਆਣਾ ਪੁਲਿਸ ਨੇ 20 ਅਗਸਤ, 2024 ਨੂੰ ਉੱਤਰ ਪ੍ਰਦੇਸ਼ ਦੇ ਬਿਜਨੌਰ ਤੋਂ ਗ੍ਰਿਫ਼ਤਾਰ ਕੀਤਾ ਸੀ।  ਉਹ ਪੁਲਿਸ ਤੋਂ ਬਚਣ ਲਈ ਗੰਨੇ ਦੇ ਖੇਤ ਵਿੱਚ ਲੁਕਿਆ ਹੋਇਆ ਸੀ।  ਉਸ ਵਿਰੁੱਧ 19 ਅਪਰਾਧਿਕ ਮਾਮਲੇ ਦਰਜ ਸਨ, ਜਿਸਦੀ ਜ਼ਿੰਮੇਵਾਰੀ ਉਸਨੇ ਖੁਦ ਸੋਸ਼ਲ ਮੀਡੀਆ 'ਤੇ ਲਈ ਸੀ।  ਇਸੇ ਕਾਰਨ ਪੰਜਾਬ ਸਰਕਾਰ ਨੇ ਉਸਦੇ ਦਸ ਤੋਂ ਵੱਧ ਸੋਸ਼ਲ ਮੀਡੀਆ ਖਾਤੇ ਬੰਦ ਕਰ ਦਿੱਤੇ ਸਨ। ਇਸ ਗੈਂਗਸਟਰ ਨੂੰ ਲੁਧਿਆਣਾ ਦੇ ਦੁੱਗਰੀ ਇਲਾਕੇ ਵਿੱਚ ਇੱਕ ਘਰ 'ਤੇ ਹੋਏ ਕਾਤਲਾਨਾ ਹਮਲੇ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਸੀ।  ਜ਼ਿਕਰਯੋਗ ਹੈ ਕਿ ਸਾਗਰ ਦੀ ਪਤਨੀ ਵੰਸ਼ਿਕਾ ਵੀ ਇਸ ਸਮੇਂ ਜੇਲ੍ਹ ਵਿੱਚ ਹੈ।  ਇਸਤੋਂ ਪਹਿਲਾਂ ਸਾਗਰ ਨੇ ਪੁਲਿਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸਦੀ ਪਤਨੀ ਨੂੰ ਰਿਹਾਅ ਨਹੀਂ ਕੀਤਾ ਗਿਆ ਤਾਂ ਉਹ ਆਪਣੀਆਂ ਅਪਰਾਧਿਕ ਗਤੀਵਿਧੀਆਂ ਜਾਰੀ ਰੱਖੇਗਾ ਅਤੇ ਆਪਣੀ ਪਤਨੀ ਦੀ ਰਿਹਾਈ ਤੋਂ ਬਾਅਦ ਪੁਲਿਸ ਅੱਗੇ ਸਰੈਂਡਰ ਕਰਨ ਦਾ ਵਾਅਦਾ ਵੀ ਕੀਤਾ ਸੀ।

ਵਕੀਲ ਨੇ ਪੁਲਿਸ 'ਤੇ ਲਾਏ ਇਲਜ਼ਾਮ 

ਗੈਂਗਸਟਰ ਸਾਗਰ ਨਿਊਟਨ ਦੀ ਮੰਗਲਵਾਰ ਨੂੰ ਸੰਗਰੂਰ ਜੇਲ੍ਹ ਵਿੱਚ ਮੌਤ ਹੋ ਗਈ।  ਜਿਸ ਤੋਂ ਬਾਅਦ ਉਸਦੇ ਵਕੀਲ ਸਾਹਿਲ ਸ਼ਰਮਾ ਨੇ ਕਿਹਾ ਕਿ ਨਿਊਟਨ ਇਸ ਤਰ੍ਹਾਂ ਨਹੀਂ ਮਰ ਸਕਦਾ।  ਪੁਲਿਸ ਨੇ ਉਸਨੂੰ ਬਹੁਤ ਤਸੀਹੇ ਦਿੱਤੇ ਹਨ ਅਤੇ ਪਿਛਲੇ ਇੱਕ ਹਫ਼ਤੇ ਤੋਂ ਪੁਲਿਸ ਉਸਨੂੰ ਇਲਾਜ ਦੇ ਬਹਾਨੇ ਵੱਖ-ਵੱਖ ਹਸਪਤਾਲਾਂ ਵਿੱਚ ਲਿਜਾ ਰਹੇ ਸੀ। ਐਡਵੋਕੇਟ ਸਾਹਿਲ ਸ਼ਰਮਾ ਨੇ ਕਿਹਾ ਕਿ ਉਹ ਸਾਗਰ ਨਿਊਟਨ ਦੀ ਮੌਤ ਬਾਰੇ ਹਾਈ ਕੋਰਟ ਜਾਣਗੇ, ਕਿਉਂਕਿ ਉਸਦੀ ਮੌਤ ਪੁਲਿਸ ਹਿਰਾਸਤ ਵਿੱਚ ਹੋਈ ਹੈ ਅਤੇ ਅਜਿਹੇ ਵਿੱਚ ਸਾਗਰ ਦੀ ਮੌਤ ਲਈ ਪੁਲਿਸ ਜ਼ਿੰਮੇਵਾਰ ਹੈ, ਜੋਕਿ ਸਾਗਰ ਦੇ ਗੁਰਦੇ ਫੇਲ੍ਹ ਹੋਣ, ਸ਼ੂਗਰ ਲੈਵਲ ਬਹੁਤ ਜ਼ਿਆਦਾ ਹੋਣ ਵਰਗੇ ਬਿਆਨ ਦੇ ਕੇ ਬਚਣਾ ਚਾਹੁੰਦੀ ਹੈ। 

ਇਹ ਵੀ ਪੜ੍ਹੋ