Munna Bhai: ਕੁੜੀ ਦੀ ਥਾਂ ਤੇ ਪਹੁੰਚਿਆ ਪ੍ਰੀਖਿਆ ਦੇਣ, ਫਿਰ ਪੜੋ ਕੀ ਹੋਇਆ...

ਕੋਟਕਪੂਰਾ ਦੇ ਇਕ ਸਕੂਲ ਵਿੱਚ ਬਣਾਏ ਗਏ ਸੈਂਟਰ ਵਿੱਚ ਮੁੰਨਾ ਭਾਈ ਕੁੜੀ ਬਣ ਕੇ ਉਸਦੀ ਥਾਂ ਤੇ ਪ੍ਰੀਖਿਆ ਦੇਣ ਪਹੁੰਚ ਗਿਆ। ਪਰ ਉਸਦੀ ਇਹ ਚਲਾਕੀ ਕੰਮ ਨਹੀਂ ਆਈ ਅਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Share:

Munna Bhai in Kotakpura: ਪੰਜਾਬ ਵਿੱਚ ਮੁੰਨਾ ਭਾਈ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵੱਲੋਂ ਸਿਹਤ ਅਤੇ ਪਰਿਵਾਰ ਵਿਭਾਗ ਪੰਜਾਬ ਅਧੀਨ ਵੱਖ-ਵੱਖ ਪੈਰਾਮੈਡੀਕਲ ਅਸਾਮੀਆਂ ਲਈ ਬਿਨੈਕਾਰਾਂ ਦੀ ਪ੍ਰੀਖਿਆ ਲਈ ਗਈ। ਕੋਟਕਪੂਰਾ ਦੇ ਇਕ ਸਕੂਲ ਵਿੱਚ ਬਣਾਏ ਗਏ ਸੈਂਟਰ ਵਿੱਚ ਮੁੰਨਾ ਭਾਈ ਕੁੜੀ ਬਣ ਕੇ ਉਸਦੀ ਥਾਂ ਤੇ ਪ੍ਰੀਖਿਆ ਦੇਣ ਪਹੁੰਚ ਗਿਆ। ਪਰ ਉਸਦੀ ਇਹ ਚਲਾਕੀ ਕੰਮ ਨਹੀਂ ਆਈ ਅਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਸ ਦੇਈਏ ਕਿ ਮਲਟੀ ਪਰਪਜ਼ ਹੈਲਥ ਵਰਕਰ ਦੀਆਂ 806 ਅਤੇ ਓਫਥੈਲਮਿਕ ਅਫਸਰ ਦੀਆਂ 83 ਅਸਾਮੀਆਂ ਲਈ ਪ੍ਰੀਖਿਆ ਲਈ ਗਈ। ਇਸ ਪ੍ਰੀਖਿਆ ਲਈ ਯੂਨੀਵਰਸਿਟੀ ਵੱਲੋਂ ਫਰੀਦਕੋਟ, ਫ਼ਿਰੋਜ਼ਪੁਰ ਅਤੇ ਕੋਟਕਪੂਰਾ ਵਿੱਚ 26 ਸੈਂਟਰ ਬਣਾਏ ਗਏ ਸਨ। ਜਿਸ ਵਿੱਚ 7500 ਉਮੀਦਵਾਰ ਪ੍ਰੀਖਿਆ ਦੇਣ ਲਈ ਪਹੁੰਚੇ। ਇਸੇ ਦੌਰਾਨ ਕੋਟਕਪੂਰਾ ਦੇ ਡੀ.ਏ.ਵੀ. ਪਬਲਿਕ ਸਕੂਲ ਦੇ ਸੈਂਟਰ ਵਿੱਚ ਇੱਕ ਨੌਜਵਾਨ ਨੂੰ ਲੜਕੀ ਦਾ ਰੂਪ ਦੇ ਕੇ ਇੱਕ ਹੋਰ ਲੜਕੀ ਦਾ ਪੇਪਰ ਦੇਣ ਵਾਲੇ ਨੂੰ ਕਾਬੂ ਕੀਤਾ ਗਿਆ ਹੈ। 

ਕੁੜੀ ਦਾ ਦਾਖਿਲਾ ਕੀਤਾ ਜਾਵੇਗਾ ਰੱਦ

ਜਾਣਕਾਰੀ ਦੇ ਮੁਤਾਬਿਕ ਫਾਜ਼ਿਲਕਾ ਦੇ ਪਿੰਡ ਢਾਣੀ ਮੁਨਸ਼ੀ ਰਾਮ ਵਾਸੀ ਭਜਨ ਲਾਲ ਦੀ ਪੁੱਤਰੀ ਪਰਮਜੀਤ ਕੌਰ ਦਾ ਪੇਪਰ ਸੀ। ਪਰ ਉਸ ਦੀ ਥਾਂ 'ਤੇ ਪੇਪਰ ਦੇਣ ਆਈ ਲੜਕੀ 'ਤੇ ਸ਼ੱਕ ਪੈ ਗਿਆ। ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਲੜਕੀ ਨਹੀਂ ਸਗੋਂ ਲੜਕਾ ਹੈ। ਇਸ ਨੌਜਵਾਨ ਦੀ ਪਛਾਣ ਅੰਗਰੇਜ਼ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਫਾਜ਼ਿਲਕਾ ਵਜੋਂ ਹੋਈ ਹੈ। ਕਾਗਜ਼ਾਂ ਵਿੱਚ ਜਾਅਲੀ ਵੋਟਰ ਕਾਰਡ ਆਦਿ ਵੀ ਬਣਾਏ ਗਏ। ਪੁਲਿਸ ਨੇ ਉਕਤ ਨੌਜਵਾਨ ਨੂੰ ਧੋਖਾਧੜੀ ਦੇ ਆਰੋਪ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਦੋਂ ਕਿ ਜਿਸ ਲੜਕੀ ਦੇ ਥਾਂ 'ਤੇ ਉਹ ਪੇਪਰ ਦੇਣ ਆਇਆ ਸੀ, ਉਸਦਾ ਦਾਖਲਾ ਰੱਦ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ