ਰਵਨੀਤ ਬਿੱਟੂ ਨੇ ਮਜੀਠੀਆ ਨੂੰ ਕੀਤਾ ਵੱਡਾ ਚੈਲੇਂਜ 

ਲੁਧਿਆਣਾ ਤੋਂ ਸੰਸਦ ਮੈਂਬਰ ਨੇ ਪੰਜਾਬ 'ਚ ਚਿੱਟਾ ਲਿਆਉਣ ਲਈ ਸਿੱਧੇ ਤੌਰ 'ਤੇ ਮਜੀਠੀਆ ਨੂੰ ਜ਼ਿੰਮੇਵਾਰ ਠਹਿਰਾਇਆ। ਬਾਦਲ ਪਰਿਵਾਰ ਉਪਰ ਵੀ ਖੂਬ ਨਿਸ਼ਾਨਾ ਸਾਧਿਆ। ਸ਼੍ਰੋਮਣੀ ਕਮੇਟੀ ਦੀ ਦੁਰਵਰਤੋਂ ਦੇ ਇਲਜ਼ਾਮ ਲਗਾਏ। 

Share:

ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਦੋਂ ਤੋਂ ਮਜੀਠੀਆ ਜੇਲ੍ਹ ’ਚੋਂ ਬਾਹਰ ਆਏ ਹਨ, ਉਦੋਂ ਤੋਂ ਹੀ ਉਨ੍ਹਾਂ ਦਾ ਦਿਮਾਗੀ ਸੰਤੁਲਨ ਵਿਗੜਿਆ ਹੋਇਆ ਹੈ।  ਜਿਸਦੇ ਚੱਲਦਿਆਂ ਹੀ ਮਜੀਠੀਆ ਦੇ ਮੂੰਹ ਵਿਚ ਜੋ ਆਉਂਦਾ ਹੈ, ਬੋਲੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਮਜੀਠੀਆ ਵਿੱਚ ਦਮ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਲੁਧਿਆਣਾ ਤੋਂ ਲੋਕ ਸਭਾ ਚੋਣ ਲੜਾਉਣ ਲਈ ਮੈਦਾਨ ਵਿੱਚ ਉਤਾਰੇ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਵੇਗਾ ਅਤੇ ਉਨ੍ਹਾਂ ਨੂੰ ਆਪਣੀ ਸਥਿਤੀ ਦਾ ਪਤਾ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਪੰਜਾਬ ਦੀ ਨੌਜਵਾਨੀ ਦਾ ਘਾਣ ਮਜੀਠੀਆ ਨੇ ਕੀਤਾ ਹੈ, ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ ਅਤੇ ਪੰਜਾਬ ਅੰਦਰ ਚਿੱਟਾ ਮਜੀਠੀਆ ਦੀ ਦੇਣ ਹੈ।

ਸ਼੍ਰੋਮਣੀ ਕਮੇਟੀ ਨੂੰ ਨਿੱਜੀ ਹਿੱਤਾਂ ਲਈ ਵਰਤਿਆ 

ਸਾਂਸਦ ਬਿੱਟੂ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਮੇਸ਼ਾ ਹੀ  ਆਪਣੇ ਨਿੱਜੀ ਹਿੱਤਾਂ ਲਈ ਵਰਤਿਆ ਹੈ।  ਗੁਰੂ ਦੀ ਗੋਲਕ ਦੀ ਰੱਜ ਕੇ ਲੁੱਟ ਕੀਤੀ ਹੈ। ਜਦੋਂ ਤਹਿਸੀਲਦਾਰ ਦੀ ਹਾਜ਼ਰੀ ਵਿਚ ਗੋਲਕ ਦੇ ਪੈਸਿਆਂ ਦੀ ਗਿਣਤੀ ਹੁੰਦੀ ਹੈ, ਤਾਂ ਗੋਲਕ 57 ਲੱਖ ਰੁਪਏ ਹੁੰਦੀ ਹੈ ਅਤੇ ਜੇਕਰ ਤਹਿਸੀਲਦਾਰ ਦੀ ਗ਼ੈਰ-ਹਾਜ਼ਰੀ ’ਚ ਹੁੰਦੀ ਹੈ ਤਾਂ ਗੋਲਕ 7 ਲੱਖ ਰੁਪਏ ਰਹਿ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੇਰੇ ਜਾਂ ਮੇਰੇ ਪਰਿਵਾਰ ’ਤੇ ਟਿੱਪਣੀਆਂ ਕਰਨ ਤੋਂ ਪਹਿਲਾਂ ਮਜੀਠੀਆ ਤੇ ਬਾਦਲਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਦਾਦਾ ਸ਼ਹੀਦ ਬੇਅੰਤ ਸਿੰਘ ਦੀ ਸ਼ਹਾਦਤ ਕਰਕੇ ਹੀ ਪੰਜਾਬ ਵਿੱਚੋਂ ਅੱਤਵਾਦ ਦਾ ਖ਼ਾਤਮਾ ਹੋਇਆ ਹੈ ਅਤੇ ਪੰਜਾਬ ਮੁੜ ਤੋਂ ਖੁਸ਼ਹਾਲ ਹੋਇਆ ਹੈ। ਬਿੱਟੂ ਨੇ ਕਿਹਾ ਕਿ ਨਿੱਜੀ ਹਮਲੇ ਕਰਨ ਤੋਂ ਪਹਿਲਾਂ ਮਜੀਠੀਆ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ