ਰਾਜੋਆਣਾ ਵਧਾ ਸਕਦਾ ਅਕਾਲੀ ਦਲ ਦੀਆਂ ਮੁਸ਼ਕਲਾਂ, ਜਾਣੋ ਕਿਉਂ ?

ਜੇਲ੍ਹ ਅੰਦਰ ਰਾਜੋਆਣਾ ਦੇ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਮੁਲਾਕਾਤ ਕੀਤੀ। ਇਸ ਦੌਰਾਨ ਰਾਜੋਆਣਾ ਨੇ ਅਜਿਹੀ ਗੱਲ ਆਖ ਦਿੱਤੀ, ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ 'ਚ ਕੀ ਬਣੇਗਾ ?

Share:

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ  ਨੇ ਪਟਿਆਲਾ ਜੇਲ੍ਹ 'ਚ ਬੰਦ ਬਲਵੰਤ ਸਿੰਘ ਰਾਜੋਆਣਾ  ਨਾਲ ਮੁਲਾਕਾਤ ਕੀਤੀ। ਕਰੀਬ ਦੋ ਘੰਟੇ ਦੀ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਰਾਜੋਆਣਾ ਨੇ  ਪਟੀਸ਼ਨ ਵਾਪਸ ਨਾ ਲੈਣ 'ਤੇ ਭੁੱਖ ਹੜਤਾਲ ਕਰਨ ਦੀ ਗੱਲ ਆਖੀ ਜਿਸ 'ਤੇ ਲੰਬੀ ਚਰਚਾ ਹੋਈ। ਰਾਜੋਆਣਾ ਵਲੋਂ ਵੀ ਕਈ ਸੁਝਾਅ ਦਿੱਤੇ ਗਏ। ਐਡਵੋਕੇਟ ਧਾਮੀ ਨੇ ਕਿਹਾ ਕਿ ਜਲਦ ਹੀ ਐੱਸਜੀਪੀਸੀ ਕਾਰਜਕਾਰਨੀ ਦੀ ਮੀਟਿੰਗ ਬੁਲਾ ਕੇ ਤੁਰੰਤ ਫੈਸਲਾ ਲਿਆ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ 'ਚ ਵੀ ਇਸ ਮਸਲੇ 'ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਰੀਬ 12 ਸਾਲ ਤੋਂ ਪਟੀਸ਼ਨ ਬਾਰੇ ਕੇਂਦਰ ਸਰਕਾਰ ਵੱਲੋਂ ਕੋਈ ਫੈਸਲਾ ਨਾ ਲਿਆ ਜਾਣਾ ਮੰਦਭਾਗਾ ਹੈ। ਇਸ ਦੌਰਾਨ ਮੁਲਾਕਾਤ ਕਰਨ ਗਏ ਪ੍ਰਧਾਨ ਐਡਵੋਕੇਟ ਧਾਮੀ, ਜਨਰਲ ਸਕੱਤਰ ਰਾਜਿੰਦਰ ਸਿੰਘ ਮਹਿਤਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੂੰ ਰਾਜੋਆਣਾ ਨੇ ਇੱਕ ਚਿੱਠੀ ਸੌਂਪੀ ਹੈ। 

ਸਮੁੱਚੇ ਖਾਲਸਾ ਪੰਥ ਤੋਂ ਮੁਆਫ਼ੀ ਮੰਗਣ

ਰਾਜੋਆਣਾ ਨੇ ਐੱਸਜੀਪੀਸੀ ਪ੍ਰਧਾਨ ਨੂੰ ਕਿਹਾ ਕਿ  ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਮੁੱਚੇ ਖਾਲਸਾ ਪੰਥ ਦੀਆਂ ਭਾਵਨਾਵਾਂ ਅਨੁਸਾਰ ਮੇਰੀ ਫਾਂਸੀ ਦੀ ਸਜ਼ਾ ਨਾਲ ਸਬੰਧਿਤ ਕੇਸ 'ਚ ਬਣਦੇ ਕੌਮੀ ਫ਼ਰਜ ਅਦਾ ਕਰਨ ਦੀ ਜੋ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਲਗਾਈ ਗਈ ਸੀ, ਉਹ ਅੱਜ 11 ਸਾਲ 8 ਮਹੀਨੇ ਬਾਅਦ ਵੀ ਪੂਰੀ ਨਹੀਂ ਹੋ ਸਕੀ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕੇਂਦਰ ਸਰਕਾਰ ਵਿੱਚ ਭਾਈਵਾਲ ਹੋਣ ਦੇ ਬਾਵਜੂਦ ਇਸ ਅਪੀਲ 'ਤੇ ਕੋਈ ਫੈਸਲਾ ਨਹੀਂ ਕਰਵਾ ਸਕੇ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਇਸ ਮਾਮਲੇ 'ਚ ਆਪਣੇ ਬਣਦੇ ਫ਼ਰਜ਼ ਨਾ ਅਦਾ ਕਰ ਸਕਣ ਦੇ ਬਦਲੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਨਮੁੱਖ ਖੜ੍ਹ ਕੇ ਸਮੁੱਚੇ ਖਾਲਸਾ ਪੰਥ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਰਾਜੋਆਣਾ ਨੇ ਪ੍ਰਧਾਨ ਨੂੰ ਬੇਨਤੀ ਕੀਤੀ ਕਿ ਇਸ ਅਪੀਲ ਨੂੰ ਤੁਰੰਤ ਵਾਪਸ ਲਿਆ ਜਾਵੇ।  ਨਹੀਂ ਤਾਂ ਇਸ ਅਪੀਲ ਨੂੰ ਵਾਪਸ ਕਰਵਾਉਣ ਦੇ ਲਈ ਉਹਨਾਂ ਨੂੰ 5 ਦਸੰਬਰ ਤੋਂ ਭੁੱਖ ਹੜਤਾਲ ਰੱਖਣ ਲਈ ਮਜ਼ਬੂਰ ਹੋਣਾ ਪਵੇਗਾ।

ਇਹ ਵੀ ਪੜ੍ਹੋ