ਮਾਰਕ ਕਾਰਨੀ ਮੰਤਰੀ ਮੰਡਲ ਨਾਲ ਭਲਕੇ Canada ਦੇ 24ਵੇਂ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਚੁੱਕਣਗੇ ਸਹੁੰ

ਗਵਰਨਰ ਜਨਰਲ ਮੈਰੀ ਸਾਈਮਨ ਦੇ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਪ੍ਰਧਾਨ ਮੰਤਰੀ ਅਤੇ ਕੈਨੇਡੀਅਨ ਮੰਤਰੀ ਮੰਡਲ ਦੇ ਮੈਬਰਾਂ ਦਾ ਸਹੁੰ ਚੁੱਕ ਸਮਾਰੋਹ ਰਾਇਡਿਊ ਹਾਲ ਬਾਲਰੂਮ ਵਿੱਚ ਸਵੇਰੇ 11 ਵਜੇ ਹੋਵੇਗਾ।

Share:

Mark Carney : ਮਾਰਕ ਕਾਰਨੀ ਆਪਣੇ ਮੰਤਰੀ ਮੰਡਲ ਨਾਲ ਸ਼ੁੱਕਰਵਾਰ ਨੂੰ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕਣਗੇ। ਉਨ੍ਹਾਂ ਨੇ ਪਿਛਲੇ ਐਤਵਾਰ ਨੂੰ ਲਿਬਰਲ ਲੀਡਰਸਿ਼ਪ ਵਿੱਚ ਜਿੱਤ ਹਾਸਿਲ ਕੀਤੀ ਸੀ। ਹੁਣ ਕਾਰਨੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਅਹੁਦਾ ਕਬੂਲ ਕਰਨਗੇ। ਗਵਰਨਰ ਜਨਰਲ ਮੈਰੀ ਸਾਈਮਨ ਦੇ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਪ੍ਰਧਾਨ ਮੰਤਰੀ ਅਤੇ ਕੈਨੇਡੀਅਨ ਮੰਤਰੀ ਮੰਡਲ ਦੇ ਮੈਬਰਾਂ ਦਾ ਸਹੁੰ ਚੁੱਕ ਸਮਾਰੋਹ ਰਾਇਡਿਊ ਹਾਲ ਬਾਲਰੂਮ ਵਿੱਚ ਸਵੇਰੇ 11 ਵਜੇ ਹੋਵੇਗਾ।

85.9% ਵੋਟਾਂ ਮਿਲੀਆਂ ਸਨ

ਲਿਬਰਲ ਪਾਰਟੀ ਨੇ ਐਤਵਾਰ ਸ਼ਾਮੀ ਉਨ੍ਹਾਂ ਨੂੰ ਆਪਣਾ ਨੇਤਾ ਚੁਣਿਆ ਸੀ। ਕਾਰਨੀ ਨੂੰ 85.9% ਵੋਟਾਂ ਮਿਲੀਆਂ। ਉਨ੍ਹਾਂ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿਚ ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ, ਸਾਬਕਾ ਸਰਕਾਰੀ ਹਾਊਸ ਲੀਡਰ ਕਰੀਨਾ ਗੋਲਡ ਅਤੇ ਸਾਬਕਾ ਸੰਸਦ ਮੈਂਬਰ ਫਰੈਂਕ ਬੇਲਿਸ ਨੂੰ ਹਰਾਇਆ ਸੀ। ਉਹ ਪਹਿਲੇ ਕੈਨੇਡੀਅਨ ਪ੍ਰਧਾਨ ਮੰਤਰੀ ਹੋਣਗੇ ਜਿਨ੍ਹਾਂ ਨੂੰ ਕੋਈ ਵਿਧਾਨਕ ਜਾਂ ਕੈਬਨਿਟ ਤਜਰਬਾ ਨਹੀਂ ਹੋਵੇਗਾ। 

ਕਿਸ ਨੂੰ ਕਿੰਨੇ ਵੋਟ ਮਿਲੇ

ਕ੍ਰਿਸਟੀਆ ਫ੍ਰੀਲੈਂਡ ਨੂੰ ਸਿਰਫ਼ 8% ਵੋਟਾਂ ਮਿਲੀਆਂ ਸਨ। ਕਰੀਨਾ ਗੋਲਡ ਜੋ ਪਹਿਲਾਂ ਲਿਬਰਲ ਹਾਊਸ ਲੀਡਰ ਰਹਿ ਚੁੱਕੀ ਹੈ ਅਤੇ ਫ੍ਰੈਂਕ ਬੇਲਿਸ ਕਾਰੋਬਾਰੀ ਅਤੇ ਸਾਬਕਾ ਸੰਸਦ ਮੈਂਬਰ ਰਿਹਾ ਹੈ, ਉਨ੍ਹਾਂ ਨੂੰ ਸਿਰਫ 3-3% ਵੋਟਾਂ ਹੀ ਪਈਆਂ। ਲੀਡਰਸ਼ਿਪ ਦੀ ਦੌੜ ਲਈ 151,000 ਤੋਂ ਵੱਧ ਲਿਬਰਲ ਮੈਂਬਰਾਂ ਨੇ ਵੋਟਾਂ ਪਾਈਆਂ। ਨਤੀਜਿਆਂ ਦਾ ਐਲਾਨ ਹੋਣ ਤੋਂ ਪਹਿਲਾਂ ਟਰੂਡੋ ਨੇ ਇੱਕ ਭਾਵੁਕ ਵਿਦਾਇਗੀ ਭਾਸ਼ਣ ਦਿੱਤਾ, ਜਿਸ ਵਿਚ ਲਿਬਰਲ ਨੇਤਾ ਵਜੋਂ ਉਨ੍ਹਾਂ ਦੀ ਲਗਪਗ 12 ਸਾਲਾਂ ਦੀ ਕਾਰਗੁਜ਼ਾਰੀ ਨੂੰ ਦਰਸਾਇਆ ਗਿਆ। 

ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ

ਕਾਰਨੀ ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਸਾਬਕਾ ਗਵਰਨਰ ਹਨ । ਟਰੂਡੋ ਨੇ ਇਸ ਸਾਲ ਦੇ ਸ਼ੁਰੂ ਵਿਚ ਅਸਤੀਫੇ ਦਾ ਐਲਾਨ ਕੀਤਾ ਸੀ। ਸਾਬਕਾ ਪ੍ਰਧਾਨ ਮੰਤਰੀ ਜੀਨ ਕ੍ਰੇਟੀਅਨ ਨੇ ਵੀ ਟਰੂਡੋ ਦੀ ਲੀਡਰਸ਼ਿਪ ਦੀ ਪ੍ਰਸ਼ੰਸਾ ਕੀਤੀ ਸੀ। ਉੱਤਰ-ਪੱਛਮੀ ਪ੍ਰਦੇਸ਼ਾਂ ’ਚ ਜਨਮੇ ਤੇ ਐਡਮਿੰਟਨ ਵਿਚ ਵੱਡੇ ਹੋਏ ਕਾਰਨੀ ਇਕ ਅਰਥ-ਸ਼ਾਸਤਰੀ ਅਤੇ ਸਾਬਕਾ ਬੈਂਕਰ ਹਨ ਜਿਨ੍ਹਾਂ ਨੂੰ ਵਿਸ਼ਵ-ਵਿਆਪੀ ਸੰਕਟਾਂ ਨੂੰ ਸੰਭਾਲਣ ਦਾ ਤਜਰਬਾ ਹੈ। ਉਨ੍ਹਾਂ ਨੇ ਬੈਂਕ ਆਫ ਕੈਨੇਡਾ ਦੇ ਗਵਰਨਰ ਵਜੋਂ 2008 ਦੇ ਵਿੱਤੀ ਕਰੈਸ਼ ਦੌਰਾਨ ਕੈਨੇਡਾ ਦੀ ਆਰਥਿਕਤਾ ਦੀ ਬਾਖ਼ੂਬੀ ਅਗਵਾਈ ਕੀਤੀ। ਬ੍ਰੈਗਜ਼ਿਟ ਦੌਰਾਨ ਬੈਂਕ ਆਫ ਇੰਗਲੈਂਡ ਦੇ ਗਵਰਨਰ ਵਜੋਂ ਸੇਵਾ ਨਿਭਾਉਂਦੇ ਹੋਏ 2020 ਵਿਚ ਕੋਰੋਨਾ ਮਹਾਮਾਰੀ ਤੋਂ ਉੱਭਰਨ ਬਾਰੇ ਟਰੂਡੋ ਸਰਕਾਰ ਨੂੰ ਸਲਾਹ ਦਿੰਦੇ ਰਹੇ। 

ਇਹ ਵੀ ਪੜ੍ਹੋ